ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਲਾਈਵ ਚੈਟ ਦੌਰਾਨ ਜਾਤੀਸੂਚਕ ਸ਼ਬਦ ਦੀ ਵਰਤੋਂ ਕਰਨ ਦੇ ਮਾਮਲੇ ‘ਚ ਸਾਬਕਾ ਭਾਰਤੀ ਆਲਰਾਊਂਡਰ ਕ੍ਰਿਕਟਰ ਯੁਵਰਾਜ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਯੁਵਰਾਜ ਵਿਰੁੱਧ ਦਰਜ ਸ਼ਿਕਾਇਤ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਐਫਆਈਆਰ ਦਾਇਰ ਨਹੀਂ ਕੀਤੀ ਗਈ ਹੈ। ਯੁਵਰਾਜ ਸਿੰਘ ਕੁਝ ਸਮਾਂ ਪਹਿਲਾਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨਾਲ ਇੰਸਟਾਗ੍ਰਾਮ ਲਾਈਵ ਚੈਟ ਸੈਸ਼ਨ ‘ਤੇ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਦੋਵਾਂ ਵਿਚਕਾਰ ਯੁਜਵੇਂਦਰ ਚਹਿਲ ਬਾਰੇ ਗੱਲ ਹੋ ਰਹੀ ਸੀ। ਉਦੋਂ ਯੁਵਰਾਜ ਨੇ ਕਥਿਤ ਤੌਰ ‘ਤੇ ਜਾਤੀਸੂਚਕ ਸ਼ਬਦ ਦੀ ਵਰਤੋਂ ਕੀਤੀ ਸੀ।
ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ‘ਚ ਯੁਵਰਾਜ ਨੂੰ ਕਥਿਤ ਨਸਲਵਾਦੀ ਟਿੱਪਣੀ ਕਰਦੇ ਸੁਣਿਆ ਗਿਆ। ਉਨ੍ਹਾਂ ਕਿਹਾ ਸੀ, “ਉਹ (ਜਾਤੀਸੂਚਕ ਸ਼ਬਦ) ਲੋਕੋਂ ਕੀ ਕੋਈ ਕੰਮਕਾਜ ਨਹੀਂ ਹੈ ਯੁਜੀ ਕੋ… ਯੁਜੀ ਨੂੰ ਵੇਖੋ ਕਿਹੋ ਜਿਹਾ ਵੀਡੀਓ ਪਾਇਆ ਹੈ।”
कोई भी सभ्य समाज इसकी इजाजत नहीं देता, बाल्मीकि समाज का मजाक है। #युवराज_सिंह_माफी_मांगो
— Virendra kumar (@Virendr69180344) June 2, 2020
ਮੀਡੀਆ ਰਿਪੋਰਟਾਂ ਅਨੁਸਾਰ ਹਿਸਾਰ ਦੇ ਹਾਂਸੀ ‘ਚ ਦਲਿਤ ਅਧਿਕਾਰ ਕਾਰਕੁਨ ਅਤੇ ਵਕੀਲ ਰਜਤ ਕਲਸਨ ਵੱਲੋਂ ਯੁਵਰਾਜ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਲਸਨ ਨੇ ਯੁਵਰਾਜ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਦਰਅਸਲ, ਸੋਸ਼ਲ ਮੀਡੀਆ ਯੂਜਰਾਂ ਨੇ ਇਸ ਵੀਡੀਓ ਦੀ ਇੱਕ ਕਲਿੱਪ ਬਣਾ ਕੇ ਇਸ ਨੂੰ ਵਾਇਰਲ ਕਰ ਦਿੱਤੀ ਹੈ। ਇਸ ਦੇ ਨਾਲ ਹੈਸ਼ਟੈਗ ਚਲਾਇਆ #ਯੁਵਰਾਜ_ਸਿੰਘ_ਮਾਫੀ_ਮੰਗੋ। ਇਹ ਹੈਸ਼ਟੈਗ ਦੋ ਦਿਨ ਟਵਿੱਟਰ ‘ਤੇ ਟ੍ਰੈਂਡ ਹੁੰਦਾ ਰਿਹਾ ਸੀ।
ਹਾਂਸੀ ਦੇ ਐਸਪੀ ਲੋਕੇਂਦਰ ਸਿੰਘ ਨੇ ‘ਇੰਡੀਅਨ ਐਕਸਪ੍ਰੈਸ’ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ‘ਚ 2 ਮਈ ਨੂੰ ਸ਼ਿਕਾਇਤ ਮਿਲੀ ਸੀ। ਉਨ੍ਹਾਂ ਕਿਹਾ, “ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ, ਪਰ ਹਾਲੇ ਤਕ ਕੁਝ ਵੀ ਫ਼ੈਸਲਾ ਨਹੀਂ ਕੀਤਾ ਗਿਆ। ਇਸ ਮਾਮਲੇ ‘ਚ ਵੀ ਹਾਲੇ ਤਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।”
ਇਸ ਦੇ ਨਾਲ ਹੀ ਕਲਸਨ ਨੇ ਕਿਹਾ ਕਿ ਡੀਐਸਪੀ ਪੱਧਰ ਦੇ ਅਧਿਕਾਰੀ ਨੇ ਬੁੱਧਵਾਰ ਨੂੰ ਧਾਰਾ 161 ਤਹਿਤ ਆਪਣਾ ਬਿਆਨ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ, “ਮੈਂ ਆਪਣੀ ਸ਼ਿਕਾਇਤ ਦੇ ਸਮਰਥਨ ਵਿੱਚ ਵਿਵਾਦਤ ਟਿੱਪਣੀਆਂ ਵਾਲੀ ਇੱਕ ਡੀਵੀਡੀ ਵੀ ਸੌਂਪੀ ਸੀ। ਜਾਂਚਕਰਤਾਵਾਂ ਨੇ ਬੁੱਧਵਾਰ ਨੂੰ ਇਹ ਡੀਵੀਡੀ ਵੇਖੀ।”
ਦੱਸ ਦੇਈਏ ਕਿ ਇੰਸਟਾਗ੍ਰਾਮ ਦੇ ਲਾਈਵ ਸੈਸ਼ਨ ਦੌਰਾਨ ਰੋਹਿਤ ਅਤੇ ਯੁਵਰਾਜ ਨੇ ਕ੍ਰਿਕਟ, ਕੋਰੋਨਾ ਵਾਇਰਸ, ਨਿੱਜੀ ਜ਼ਿੰਦਗੀ ਅਤੇ ਭਾਰਤੀ ਕ੍ਰਿਕਟਰਾਂ ਬਾਰੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸਨ। ਆਪਣੀ ਲਾਈਵ ਇੰਸਟਾਗ੍ਰਾਮ ਗੱਲਬਾਤ ਦੌਰਾਨ ਟੀਮ ਇੰਡੀਆ ਦੇ ਯੁਜਵੇਂਦਰ ਸਿੰਘ ਟਿੱਪਣੀ ਕਰ ਰਹੇ ਸਨ। ਇਸ ‘ਤੇ ਯੁਵਰਾਜ ਸਿੰਘ ਨੇ ਜਾਤੀਸੂਚਕ ਸ਼ਬਦ ਦੀ ਵਰਤੋਂ ਕਰਦਿਆਂ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ।