35.5 C
Patiāla
Saturday, April 20, 2024

ਵਿਸ਼ਵ ਤੇ ਓਲੰਪਿਕ ਮਹਿਲਾ ਹਾਕੀ ’ਚ ਜਿੱਤਾਂ ਦੀ ਅਮਰਦੂਤ ਖਿਡਾਰਨ ਲੂਸੀਆਨਾ ਆਇਮਰ

Must read


ਲੂਸੀਆਨਾ ਆਇਮਰ ਦਾ ਪਤੀ ਹੈ ਚਿੱਲੀ ਦਾ ਸਟਾਰ ਟੈਨਿਸ ਖਿਡਾਰੀ ਫਰਨਾਂਡੋ ਗੋਂਜ਼ਾਲੇਜ਼

 

ਵਿਸ਼ਵ ਦੇ ਹਾਕੀ ਹਲਕਿਆਂ ’ਚ ਲੂਸੀਆਨਾ ਦੇ ਨਾਮ ਨਾਲ ਜਾਣੀ ਜਾਂਦੀ ਅਰਜਨਟੀਨਾ ਦੀ ਨਾਮੀ-ਗਰਾਮੀ ਹਾਕੀ ਖਿਡਾਰਨ ਲੂਸੀਆਨਾ ਪਾਓਲਾ ਆਇਮਰ ਨੇ ਜਦੋਂ ਤੋਂ ਕੌਮਾਂਤਰੀ ਮਹਿਲਾ ਹਾਕੀ ਦੇ ਮੈਦਾਨ ਦੀ ਸਰਦਲ ’ਤੇ ਪੈਰ ਧਰਿਆ ਉਦੋਂ ਤੋਂ ਹੀ ਉਸ ਦੇ ਪੱਲੇ ਹਾਕੀ ਜਿੱਤਾਂ ਦੀ ਖੈਰ ਪੈਣੀ ਸ਼ੁਰੂ ਹੋ ਗਈ। ਆਪਣੀ ਖੇਡ ਦੇ ਦਮ ’ਤੇੇ ਲੂਸੀਆਨਾ ਕੁੱਲ ਆਲਮ ਦੀਆਂ ਨਫੀਸ ਖਿਡਾਰਨਾਂ ’ਚ ਨੰਬਰ-1 ਦੀ ਕੁਰਸੀ ’ਤੇ ਬਿਰਾਜਮਾਨ ਰਹੀ। ਪ੍ਰਤੱਖ ਨੂੰ ਪ੍ਰਮਾਣ ਕਾਹਦਾ ਦੀ ਕਹਾਵਤ ਅਨੁਸਾਰ ਉਸ ਦੀ ਹਾਕੀ ਦੀ ਗੱਲ ਬਹੁਤੀ ਦੁਹਰਾਉਣ ਦੀ ਲੋੜ ਨਹੀਂ ਕਿਉਂਕਿ ਹਾਕੀ ਜਗਤ ਦਾ ਹਰ ਹਾਕੀ ਪ੍ਰਸ਼ੰਸਕ ਲੂਸੀਆਨਾ ਆਇਮਰ ਦੀ ਉਮਦਾ ਖੇਡ ਤੋਂ ਚੰਗੀ ਤਰ੍ਹਾਂ ਵਾਕਫ ਹਨ।

 

 

ਮੱਧ ਰੇਖਾ ’ਚ ਮਿਡਫੀਲਡਰ ਦੀ ਖੇਡ ਭੂਮਿਕਾ ਨਿਭਾਉਣ ਵਾਲੀ ਲੂਸੀਆਨਾ ਜਦੋਂ ਅਰਜਨਟੀਨੀ ਖੇਡ ਲਬਾਦਾ ਭਾਵ ਖੇਡ ਬਾਣਾ ਪਾ ਕੇ ਮੈਦਾਨ ਦੇ ਚਾਰੇ ਖੂੰਜਿਆਂ ’ਚ ਵਿਛ ਕੇ ਖੇਡਦੀ ਹੈ ਤਾਂ ਉਸ ਦੀ ਖੇਡ ਇਕਾਗਰਤਾ ਦੀ ਪਿੰ੍ਰਜ਼ਮ ਹਾਕੀ ਦਰਸ਼ਕਾਂ ਦੇ ਜੀਵਨ ਨੂੰ ਸੱਤ ਰੰਗ ਬਖਸ਼ਦੀ ਪ੍ਰਤੀਤ ਹੁੰਦੀ ਹੈ। ਉਸ ਨੇ ਹਾਕੀ ’ਚ ਉਹ ਅਜਿਹੇ ਆਲਮ ਸਿਰਜੇ ਹਨ, ਜਿਨ੍ਹਾਂ ਨੂੰ ਮਾਤ ਪਾਉਣਾ ਭਵਿੱਖ ਦੀ ਕਿਸੇ ਹਾਰੀ-ਸਾਰੀ ਹਾਕੀ ਖਿਡਾਰਾਨ ਦੇ ਵਸ ਦੀ ਗੱਲ ਨਹੀਂ ਹੋਵੇਗੀ। ਮੈਦਾਨ ’ਚ ਖੇਡ ਪੈੈਲਾਂ ਪਾਉਣ ਸਮੇਂ ਉਸ ਦੀ ਹਾਕੀ ’ਚ ਸੰਜਮ ਅਤੇ ਸੰਤੁਲਨ ਦਾ ਸੁਮੇਲ ਪ੍ਰਤੱਖ ਰੂਪ ’ਚ ਦਿਖਾਈ ਦੇਂਦਾ ਹੈ।

 

 

ਉਹ ਨਿੱਤ ਨਵੀਂ ਸਵੇਰ ਮੈਦਾਨ ’ਚ ਹਾਕੀ ਦੇ ਵਲਵਲਿਆਂ ਦੀ ਤਾਜ਼ਗੀ ’ਚ ਟੁੱਭੀ ਭਰਦੀ ਭਾਵ ਬਿਨਾਂ ਨਾਗਾ ਖੇਡ ਅਭਿਆਸ ਕਰਦੀ ਰਹੀ, ਜਿਸ ਸਦਕਾ ਉਸ ਦੀ ਖੇਡ ’ਚ ਸਦਾ ਬਿਲੌਰੀ ਚਮਕ ਅਤੇ ਅਨੂਠੀ ਤਾਜ਼ਗੀ ਮੌਜੂਦ ਰਹਿੰਦੀ ਸੀ। ਸਾਰਅੰਸ਼ ਇਹ ਕਿ ਆਲਮੀ ਹਾਕੀ ਦੀ ਸਰਬੋ ਸਰਬਾ ਕਹੀ ਜਾਣ ਵਾਲੀ 42 ਸਾਲਾ ਲੂਸੀਆਨਾ ਲੰਮਾ ਉਮਰ ਸਫਰ ਤੈਅ ਕਰਕੇ ਅਜੇ ਵੀ ਦੇਸ਼ ਦੀ ਟੀਮ ਦੇ ਸਿਰ ਦਾ ਤਾਜ ਬਣੀ ਰਹੀ। ਮੈਦਾਨ ’ਚ ਹਾਕੀ ਮੈਟ ’ਤੇ ਆਇਮਰ ਦੀ ਮੌਜੂਦਗੀ ਨਾਲ ਅਰਜਨਟੀਨੀ ਟੀਮ ਦੀਆਂ ਦੂਜੀਆਂ ਖਿਡਾਰਨਾਂ ਦੀ ਖੇਡ ’ਚ ਵੀ ਅਗੰਮੀ ਰੂਹ ਫੂਕੀ ਜਾਂਦੀ ਸੀ। ਆਇਮਰ ਲੂਸੀਆਨਾ ਦਾ ਮੰਨਣਾ ਹੈ ਕਿ ਜਿੱਤਣਾ ਹਰ ਖਿਡਾਰੀ ਅਤੇ ਟੀਮ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ। ਅਜਿਹੀ ਖੇਡ ਧਾਰਨਾ ਦੇ ਮਲਾਹ ਹੀ ਟੀਮ ਦੀ ਜਿੱਤ ਦੀ ਬੇੜੀ ਕਿਨਾਰੇ ਲਾਉਣ ’ਚ ਕਾਮਯਾਬ ਹੁੰਦੇ ਹਨ। ਹਾਕੀ ਦਰਸ਼ਕਾਂ ਨੂੰ ਦਿਲੋਂ ਪਿਆਰਨ ਵਾਲੀ ਲਾਤੀਨੀ ਖਿਡਾਰਨ ਦਾ ਤਰਕ ਹੈ ਕਿ ਖੇਡ ਪ੍ਰੇਮੀ ਖਿਡਾਰੀਆਂ ਦੀਆਂ ਖੇਡ ਆਂਦਰਾਂ ਹੁੰਦੇ ਹਨ ਅਤੇ ਹਰ ਖੇਡ ਹਮਦਰਦ ਦੀ ਇਕੋ-ਇਕ ਤਮੰਨਾ ਹੁੰਦੀ ਹੈ ਕਿ ਉਸ ਦੀ ਚਹੇਤੀ ਟੀਮ ਜਿੱਤ ਦਾ ਪਰਚਮ ਜ਼ਰੂਰ ਲਹਿਰਾਏ।

 

 

ਪਾਓਲਾ ਲੂਸੀਆਨਾ ਦੀ ਕਲਾਤਮਕ ਹਾਕੀ ਦੇ ਹੱਕ ’ਚ ਪ੍ਰਸ਼ੰਸਾ ਦੇ ਬੋਲ ਬੋਲਣ ਦਾ ਮੌਕਾ ਜਦੋਂ ਵੀ ਹਾਕੀ ਦੇ ਖੇਡ ਸਿਆਣਿਆਂ ਦੇ ਹੱਥ ਆਇਆ ਤਾਂ ਉਨ੍ਹਾਂ ਵੀ ਉਸ ਨੂੰ ਅਖਬਾਰੀ ਖੇਡ ਕਾਲਮਾਂ ਦਾ ਹਾਣੀ ਜ਼ਰੂਰ ਬਣਾਇਆ ਹੈ। ਉਨ੍ਹਾਂ ਆਪਣੇ ਖੇਡ ਖਿਆਲਾਤਾਂ ਦਾ ਖੁਲਾਸਾ ਕਰਦਿਆਂ ਤਾਂ ਇਥੋਂ ਤੱਕ ਖੇਡ ਟਿੱਪਣੀਆਂ ਕੀਤੀਆਂ ਹਨ ਕਿ ਧਮਾਕੇਦਾਰ ਹਾਕੀ ਖੇਡਣ ਦੀ ਮਾਲਕਣ ਦੇ ਖੇਡ ਭਾਗ ਜਾਗਣ ਦੇ ਨਾਲ-ਨਾਲ ਜਿਥੇ ਲੂਸੀਆਨਾ ਅਰਜਨਟੀਨਾ ਦੀ ਬਿਲਕੁਲ ਜ਼ਮੀਨ ਨਾਲ ਲੱਗੀ ਹੋਈ ਹਾਕੀ ਨੂੰ ਜਿੱਤਾਂ ਨਾਲ ਮਾਲਾ-ਮਾਲ ਕਰਕੇ ਦੇਸ਼ ਦਾ ਨਾਮ ਆਲਮੀ ਹਾਕੀ ਦੇ ਖਾਕੇ ’ਤੇ ਲਿਸ਼ਕਾ ਕੇ ਵੱਡਾ ਖੇਡ ਪੁੰਨ ਖੱਟ ਰਹੀ ਹੈ ਉਥੇ ਇਸ ਲਾਸਾਨੀ ਹਾਕੀ ਖਿਡਾਰਨ ਨੂੰ ਖੇਡ ਦੇ ਸਿਲਾਲੇਖਾਂ ’ਚ ਵੀ ਜਗ੍ਹਾ ਨਸੀਬ ਹੁੰਦੀ ਰਹੀ ਹੈ। ਓਲੰਪਿਕ ’ਚ ਚਾਰ ਤਗਮੇ ਹਾਸਲ ਕਰਨ ਵਾਲੀ ਆਇਮਰ ਲੂਸੀਆਨਾ ਨੂੰ ਰੀਓ-2007 ਪੈਨ ਅਮੈਰੀਕਨ ਗੇਮਜ਼ ਅਤੇ ਲੰਡਨ-2012 ਓਲੰਪਿਕ ਖੇਡਾਂ ’ਚ ਮਾਰਚ ਪਾਸਟ ਦੌਰਾਨ ਝੰਡਾਬਰਦਾਰ ਬਣਨ ਦਾ ਮਾਣ ਹਾਸਲ ਹੋਇਆ। ਐਟਰੈਖਟ-1998 ਤੋਂ ਹੇਗ-2014 ਮਹਿਲਾ ਆਲਮੀ ਕੱਪ ਤੱਕ 16 ਸਾਲ ਸੀਨੀਅਰ ਕੌਮੀ ਮਹਿਲਾ ਹਾਕੀ ਟੀਮ ਦੀ ਕੌਮਾਂਤਰੀ ਪੱਧਰ ’ਤੇ ਨੁਮਾਇੰਦਗੀ ਕਰਨ ਵਾਲੀ ਆਇਮਰ ਲੂਸੀਆਨਾ 376 ਮੈਚਾਂ ’ਚ ਆਪਣੀ ਹਾਕੀ ਨਾਲ 162 ਗੋਲ ਕਰਨ ਦਾ ਕਰਿਸ਼ਮਾ ਕੀਤਾ।  

 

ਵਿਰੋਧੀ ਟੀਮਾਂ ਦੇ ਹਮਲਾਵਰਾਂ ਦੀ ਹਾਕੀ ਮੈਦਾਨ ਅੰਦਰ ਚੰਗੀ ਸਾਰ ਲੈਣ ਵਾਲੀ ਲੂਸੀਆਨਾ ਆਇਮਰ ਦਾ ਜਨਮ ਅਗਸਤ 10, 1977 ਨੂੰ ਅਰਜਨਟੀਨਾ ਦੇ ਕਸਬੇ ਰੋਸਾਰੀਓ ’ਚ ਹੋਇਆ। ਪੰਜ ਫੁੱਟ ਅੱਠ ਇੰਚ ਲੰਮੇ ਕੱਦ ਦੀ ਮਾਲਕ ਲੂਸੀਆਲਾ ਨੇ 7 ਸਾਲ ਦੀ ਛੋਟੀ ਉਮਰ ’ਚ ਹਾਕੀ ਖੇਡਣੀ ਸ਼ੁਰੂ ਕਰਕੇ ਮੁੜ ਪਿੱਛੇ ਨਹੀਂ ਵੇਖਿਆ। ਰੋਸਾਰੀਓ ’ਚ ਆਪਣੀ ਖੇਡ ਦੇ ਯੂਥ ਕਰੀਅਰ ਦੇ ਸ਼ੁਰੂਆਤੀ ਹਾਕੀ ਸੀਜ਼ਨ ’ਚ ਘਰੇਲੂ ਅਥਲੈਟਿਕਸ ਫਿਸ਼ਰਟੋਨ ਹਾਕੀ ਕਲੱਬ ਦੇ ਹਾਕੀ ਕੋਚਾਂ ਤੋਂ ਲਗਾਤਾਰ 6 ਸਾਲ ਹਾਕੀ ਖੇਡਣ ਦੇ ਦਾਅ-ਪੇਚ ਸਿਖਣ ਤੋਂ ਬਾਅਦ ਪਾਓਲਾ ਆਇਮਰ ਨੇ 13 ਸਾਲ ਦੀ ਉਮਰ ’ਚ ਬਿਓਨਸ ਆਇਰਸ ਦੇ ਪ੍ਰਸਿੱਧ ਜੋਕੀ ਡੀ ਰੋਸਾਰੀਓ ਹਾਕੀ ਕਲੱਬ ਦਾ ਪੱਲਾ ਫੜਿਆ। ਲੂਸੀਆਨਾ ਨੂੰ ਹਾਕੀ ਕਲੱਬ ਦੇ ਖੇਡ ਸਿਖਲਾਈ ਸੈਸ਼ਨਾਂ ’ਚ ਕੋਚਿੰਗ ਲੈਣ ਲਈ ਰੋਸਾਰੀਓ ਤੋਂ ਬਿਓਨਸ ਆਇਰਸ ਰੋਜ਼ਾਨਾ ਆਉਣ-ਜਾਣ ਕਰਨਾ ਪੈਂਦਾ ਸੀ ਪਰ ਇਹ ਉਸ ਦਾ ਹਠ ਸੀ ਕਿ ਉਹ ਬਿਨਾਂ ਨਾਗਾ ਖੇਡ ਕੋਚਿੰਗ ਸੈਸ਼ਨਾਂ ’ਚ ਸ਼ਾਮਲ ਹੁੰਦੀ ਰਹੀ।

ਵਿਸ਼ਵ ਤੇ ਓਲੰਪਿਕ ਮਹਿਲਾ ਹਾਕੀ ’ਚ ਜਿੱਤਾਂ ਦੀ ਅਮਰਦੂਤ ਖਿਡਾਰਨ ਲੂਸੀਆਨਾ ਆਇਮਰ

 

ਇਸ ਹਾਕੀ ਕਲੱਬ ਦੀ ਖਾਸੀਅਤ ਇਹ ਹੈੇ ਕਿ ਅਰਜਨਟੀਨਾ ਦੀ ਜੂਨੀਅਰ ਹਾਕੀ ਟੀਮ ਨੂੰ ਬਹੁਤੇ ਖਿਡਾਰੀ ਦੇਣ ’ਚ ਮੋਹਰੀ ਭੂਮਿਕਾ ਨਿਭਾਉਣ ਕਰਕੇ ਜੋਕੀ ਕਲੱਬ ਸਦਾ ਮੋਹਰੀ ਰਿਹਾ ਹੈ। ਵਹਿੰਦੇ ਦਰਿਆ ਵਾਂਗ ਆਪਣੀ ਖੇਡ ਲੈਅ ਬਣਾਉਂਦੀ ਆ ਰਹੀ ਲੂਸੀਆਨਾ ਆਇਮਰ ਦਾ ਕੌਮਾਂਤਰੀ ਹਾਕੀ ਖੇਡਣ ਦਾ ਸੁਪਨਾ ਉਦੋਂ ਸਾਕਾਰ ਹੋ ਗਿਆ ਜਦੋਂ ਜੂਨੀਅਰ ਹਾਕੀ ਟੀਮ ਦੇ ਚੋਣਕਾਰਾਂ ਨੇ 1997 ਦੀ ਜੂਨੀਅਰ ਪੈਨ ਅਮਰੀਕਨ ਹਾਕੀ ਚੈਂਪੀਅਨਸ਼ਿਪ ਖੇਡਣ ਵਾਲੀ ਕੌਮੀ ਟੀਮ ’ਚ ਸ਼ਾਮਲ ਕਰਨ ’ਚ ਕੋਈ ਝਿੱਜਕ ਨਹੀਂ ਵਿਖਾਈ। ਜੂਨੀਅਰ ਹਾਕੀ ਟੀਮ ਦੇ ਸਿਲੈਕਟਰਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਲੂਸੀਆਨਾ ਨੇ ਜੂਨੀਅਰ ਟੀਮ ਨੂੰ 1997 ਦਾ ਪੈਨ ਅਮਰੀਕਨ ਹਾਕੀ ਚੈਂਪੀਅਨ ਬਣਾਉਣ ’ਚ ਲਾਮਿਸਾਲ ਹਾਕੀ ਦਾ ਮੁਜ਼ਾਹਰਾ ਕਰਕੇ ਦੇਸ਼ ਦੇ ਹਾਕੀ ਪ੍ਰੇਮੀਆਂ ਦੇ ਮਾਖਤੇ ਮਾਰਨ’ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਸਾਲ 1997 ’ਚ ਹੀ ਲੂਸੀਆਨਾ ਨੇ ਜੂਨੀਅਰ ਵਿਸ਼ਵ ਹਾਕੀ ਕੱਪ ’ਚ ਟੀਮ ਦੀ ਪ੍ਰਤੀਨਿਧਤਾ ਕਰਕੇ ਟੀਮ ਨੂੰ ਕਾਂਸੇੇ ਦਾ ਮੈਡਲ ਜਿੱਤਣ ਯੋੋਗ ਬਣਾਇਆ। 16 ਸਾਲਾ ਅੱਲੜ੍ਹ ਖਿਡਾਰਨ ਲੂਸੀਆਨਾ ਦੀ ਹਾਕੀ ਤੋਂ ਕਾਯਲ ਹੋ ਕੇ ਸੀਨੀਅਰ ਹਾਕੀ ਟੀਮ ਦੇ ਸਿਲੈਕਟਰਾਂ ਨੇ ਉਸ ਨੂੰ ਸੀਓਗਨਮ-1998 ਦਾ ਮਹਿਲਾ ਸੰਸਾਰ ਹਾਕੀ ਕੱਪ ਖੇਡਣ ਵਾਲੀ ਟੀਮ ਦੇ ਜਥੇ ’ਚ ਸ਼ਾਮਲ ਕਰ ਲਿਆ। ਹਾਕੀ ਟੀਮ ਨੂੰ ਭਾਵੇਂ ਸੈਮੀਫਾਈਨਲ ਹਾਰ ਕੇ ਮੈਡਲ ਦੀ ਦੌੜ ਤੋਂ ਬਾਹਰ ਹੋ ਗਈ ਪਰ ਕੌਮਾਂਤਰੀ ਮਹਿਲਾ ਹਾਕੀ ਸੰਘ ਦੇ ਹਾਕੀ ਜੱਜਾਂ ਨੇ 16 ਸਾਲਾ ਅੱਲੜ੍ਹ ਖਿਡਾਰਨ ਲੂਸੀਆਨਾ ਦੀ ਖੇਡ ਤੋਂ ਪ੍ਰਭਾਵਤ ਹੋ ਕੇ ਉਸ ਦੀ ਝੋਲੀ ‘ਯੰਗ ਪਲੇਅਰ ਆਫ ਦਾ ਜੂਨੀਅਰ ਹਾਕੀ ਵਿਸ਼ਵ ਕੱਪ’ ਦਾ ਖਿਤਾਬ ਪਾਇਆ।

 

ਅਰਜਨਟੀਨੀ ਹਾਕੀ ਟੀਮ ਲਈ ਹਰ ਕੌਮਾਂਤਰੀ ਮੈਚ ’ਚ ਵਿਰੋਧੀ ਸਟਰਾਈਕਰਾਂ ਨੂੰ ਨਕੇਲ ਪਾਉਣ ਵਾਲੀ ਲੂਸੀਆਨਾ ਦਾ ਪੇਸ਼ੇਵਾਰਾਨਾ ਹਾਕੀ ਸਫਰ ਵੀ ਸਿਖਰ ਤੋਂ ਸਿਖਰੀ ਚੱਲ ਰਿਹਾ ਹੈ। ਲੂਸੀਆਨਾ ਦੇ ਟੀਮ ’ਚ ਇਨਰੋਲ ਨਾਲ ਟੀਮ ਦੀਆਂ ਜਿੱਤਾਂ ਦੀ ਬੇੜੀ ਤਰਦੀ ਨਜ਼ਰ ਆਈ। ਸੀਨੀਅਰ ਪੇਸ਼ੇਵਾਰਾਨਾ ਕਰੀਅਰ ’ਚ 1998 ’ਚ ਉਸ ਨੇ ਯੂਰਪ ਦੇ ਰੋਟ ਵੇਲਜ਼ ਕੋਲਨ ਹਾਕੀ ਕਲੱਬ ਨਾਲ ਸਾਂਝ ਪਾਈ ਅਤੇ ਇਸੇ ਸਾਲ ਕਲੱਬ ਨੂੰ ਯੂਰਪੀਅਨ ਕਲੱਬ ਹਾਕੀ ਦੀ ਚੈਂਪੀਅਨਸ਼ਿਪ ਜਿਤਾ ਕੇ ਹਾਕੀ ਦੇ ਤਬਕਿਆਂ ’ਚ ਤਹਿਲਕਾ ਮਚਾ ਦਿੱਤਾ। ਯੂਰਪੀਅਨ ਕਲੱਬ ਚੈਂਪੀਅਨਸ਼ਿਪ ’ਚ ‘ਪਲੇਅਰ ਆਫ ਦਾ ਕਲੱਬ ਟੂਰਨਾਮੈਂਟ’ ਦਾ ਮਾਣ ਹਾਸਲ ਕਰਨ ਵਾਲੀ ਲੂਸੀਆਨਾ ਨੂੰ ਮਹਿੰਗੇ ਹਾਕੀ ਕਲੱਬਾਂ ਵਲੋਂ ਮੂੰਹ ਮੰਗੀ ਖੇਡ ਫੀਸ ਦੇ ਕੰਟਰੈਕਟ ਸਾਈਨ ਕਰਨ ਦੀਆਂ ਪੇਸ਼ਕਸ਼ਾਂ ਹੋਣ ਲੱਗੀਆਂ। ਲੂਸੀਆਨਾ ਨੇ ਮੌਕੇ ਦਾ ਲਾਹਾ ਲੈਂਦਿਆਂ 1999 ’ਚ ਰੀਅਲ ਡੀ ਪੋਲੋ ਹਾਕੀ ਕਲੱਬ ਨਾਲ ਇਕ ਸਾਲਾ ਖੇਡ ਸੀਜ਼ਨਲ ਸਮਝੌਤਾ ਸਿਰੇ ਚੜ੍ਹਾਇਆ।

 

ਇਕ ਸਾਲ ਮਗਰੋਂ ਪਾਓਲੋ ਲੂਸੀਆਨਾ ਨੇ 2000 ’ਚ ਮੋਟੀ ਖੇਡ ਫੀਸ ਉਗਰਾਹ ਕੇ ਕੁਇਲਮ ਹਾਕੀ ਕਲੱਬ ਨਾਲ ਤੋੜ ਨਿਭਣ ਦੀਆਂ ਸੌਂਹਾਂ ਖਾਈਆਂ ਜੋ ਉਸ ਨੇ ਹਰ ਸਾਲ ਨਵਾਂ ਖੇਡ ਇਕਰਾਰ ਕਰਕੇ 2007 ਤੱਕ ਲਗਾਤਾਰ ਕਲੱਬ ਵਲੋਂ ਖਡੇ ਕੇ ਨਿਭਾਈਆਂ ਵੀ। 2008 ’ਚ ਲੂਸੀਆਨਾ ਨੇ ਗੇਬਾ ਹਾਕੀ ਕਲੱਬ ਨੂੰ ਆਪਣਾ ਦਾਮਨ ਫੜਾਇਆ, ਜਿਸ ਦੀ ਖੇਡ ਵਰਦੀ ’ਚ 2011 ’ਚ ਉਹ ਪ੍ਰੋਫੈਸ਼ਨਲ ਹਾਕੀ ਖੇਡਣੋਂ ਰਿਟਾਇਰ ਹੋ ਗਈ।

 

 

ਮਹਿਲਾ ਟੀਮ ਦੀ ਦਮਦਾਰ ਖਿਡਾਰਨ ਲੂਸੀਆਨਾ ਆਇਮਰ ਨੂੰ ਐਟਰੈਖਟ-1998 ਆਲਮੀ ਹਾਕੀ ਕੱਪ ਖੇਡਣ ਲਈ ਸੀਨੀਅਰ ਮਹਿਲਾ ਹਾਕੀ ਟੀਮ ’ਚ ਬਰੇਕ ਮਿਲੀ, ਜਿਸ ’ਚ ਅਰਜਨਟੀਨੀ ਮਹਿਲਾ ਖਿਡਾਰਨਾਂ ਨੂੰ ਚੌਥਾ ਰੈਂਕ ਹਾਸਲ ਹੋਇਆ। ਹਮਲਾਵਰ ਪਾਲ ਦੇ ਵਿਰੋਧੀ ਖਿਡਾਰੀਆਂ ਨੂੰ ਆਪਣੇ ਹਾਫ ’ਚ ਖੰਘਣ ਨਾ ਦੇਣ ਵਾਲੀ ਮਿਡਫੀਲਡ ਖਿਡਾਰਨ ਆਇਮਰ ਲੂਸੀਆਨਾ ਨੂੰ ਐਟਰੈਖਟ-1998, ਪਰਥ-2002, ਮੈਡਰਿਡ-2006, ਰੋਸਾਰੀਓ-2010 ਅਤੇ ਹੇਗ-2014 ਦੇ ਲਗਾਤਾਰ ਪੰਜ ਮਹਿਲਾ ਵਿਸ਼ਵ ਹਾਕੀ ਕੱਪ ਖੇਡਣ ਦਾ ਮਾਣ ਮਿਲਿਆ ਤੇ ਹਰ ਵਾਰ ਅਰਜਨਟੀਨੀ ਟੀਮ ਨੇ ਸੈਮਾਫਾਈਨਲ ਖੇਡਣ ਦੇ ਦਰ ’ਤੇ ਦਸਤਕ ਦਿੱਤੀ। ਪਰਥ-2002 ਅਤੇ ਰੋਸਾਰੀਓ-2010 ਦੇ ਖੇਡ ਮਹਾਕੁੰਭਾਂ ’ਚ ਅਰਜਨਟੀਨੀ ਟੀਮ ਨੇ ਦੋ ਵਾਰ ਵਿਸ਼ਵ ਹਾਕੀ ਚੈਂਪੀਅਨ ਨਾਮਜ਼ਦ ਹੋਣ ਸਦਕਾ ਹਾਕੀ ਹਲਕਿਆਂ ’ਚ ਨਵੀਂ ਹਾਕੀ ਚਰਚਾ ਛੇੜ ਦਿੱਤੀ।

 

ਲੂਸੀਆਨਾ ਨੂੰ ਦੋਵੇਂ ਵਿਸ਼ਵ-ਵਿਆਪੀ ਜਿੱਤਾਂ ਦੌਰਾਨ ਐਫ. ਆਈ. ਐਚ. ਵਲੋਂ ‘ਬੈਸਟ ਪਲੇਅਰ ਆਫ ਦਾ ਹਾਕੀ ਵਿਸ਼ਵ ਕੱਪ’ ਦਾ ਸਨਮਾਨ ਮਿਲਿਆ। ਵਿਸ਼ਵ ਹਾਕੀ ਕੱਪ ਦੇ ਮਹਾਕੁੰਭਾਂ ਦਾ ਭਵਚਲ ਪਾਰ ਕਰਵਾ ਕੇੇ ਜਿਥੇ ਲੂਸੀਆਨਾ ਦੀ ਹਾਕੀ ਦੀ ਗੁੱਡੀ ਸੱਤ ਅਸਮਾਨੀ ਉੱਡਦੀ ਨਜ਼ਰੀਂ ਆਈ ਉਥੇ ਮੈਡਰਿਡ-2006 ਅਤੇ ਹੇਗ-2014 ’ਚ ਖੇਡੇ ਗਏ ਮਹਿਲਾ ਸੰਸਾਰ ਹਾਕੀ ਟੂਰਨਾਮੈਂਟਾਂ ’ਚ ਅਰਜਨਟੀਨੀ ਮਹਿਲਾ ਟੀਮ ਨੇ ਦੋਵੇਂ ਵਾਰ ਤਾਂਬੇ ਦੇ ਤਮਗੇ ਹਾਸਲ ਕੀਤੇ। 2001, 04, 05, 07, 08, 09, 10 ਅਤੇ 2014 ’ਚ 8 ਵਾਰ ਐਫ. ਆਈ. ਐਚ. (ਫੈਡਰੇਸ਼ਨ ਆਫ ਕੌਮਾਂਤਰੀ ਹਾਕੀ) ਵਲੋਂ ‘ਬੈਸਟ ਫੀਮੇਲ ਹਾਕੀ ਪਲੇਅਰ ਆਫ ਦਿ ਯੀਅਰ’ ਨਾਮਜ਼ਦ ਹੇ ਕੇ ਲੂਸੀਆਨਾ ਆਇਮਰ ਨੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ।

 

ਮਹਿਲਾ ਚੈਂਪੀਅਨਜ਼ ਹਾਕੀ ਟਰਾਫੀ ਦੇ ਰਿਕਾਰਡ 10 ਅਡੀਸ਼ਨ ਖੇਡਣ ਵਾਲੀ ਲੂਸੀਆਨਾ ਦੀ ਪ੍ਰਤੀਨਿੱਧਤਾ ਵਾਲੀ ਅਰਜਨਟੀਨੀ ਮਹਿਲਾ ਟੀਮ ਦੇ ਪੱਲੇ 6 ਵਾਰ ਗੋਲਡ, 3 ਵਾਰ ਚਾਂਦੀ ਅਤੇ ਇਕ ਵਾਰ ਤਾਂਬੇ ਦਾ ਤਮਗਾ ਪਿਆ। ਐਮਸਤਲਵੀਨ-2001, ਮੋਨਚੇਂਗਲਾਡਬਾਖ-2008, ਸਿਡਨੀ-2009, ਨੋਟਿੰਘਮ-2010, ਰੋਸਾਰੀਓ-2012 ਅਤੇ ਮੈਂਡੋਜ਼ਾ-2014 ’ਚ ਅਰਜਨਟੀਨੀ ਮਹਿਲਾ ਹਾਕੀ ਟੀਮ ਚੈਂਪੀਅਨਜ਼ ਟਰਾਫੀ ’ਚ ਚੈਂਪੀਅਨ ਬਣੀ, ਮਕਾਓ-2002, ਕੁਇਲਮ-2007 ਅਤੇ ਐਮਸਤਲਵੀਨ-2008 ’ਚ ਉਪ ਜੇਤੂ ਅਤੇ ਰੋਸਾਰੀਓ-2004 ’ਚ ਤਾਂਬੇ ਦਾ ਮੈਡਲ ਜਿੱਤ ਕੇ ਦੁਨੀਆਂ ਦੀ ਹਾਕੀ ’ਚ ਨਵਾਂ ਕਰਿਸ਼ਮਾ ਕੀਤਾ। ਹਰ ਚੈਂਪੀਅਨਜ਼ ਹਾਕੀ ਟਰਾਫੀ ’ਚ ਹਾਕੀ ਜਿੱਤਾਂ ਦੀ ਅਮਰਦੂਤ ਬਣ ਕੇ ਮੈਦਾਨ ’ਚ ਨਿਤਰਨ ਵਾਲੀ ਲੂਸੀਆਨਾ ਨੂੰ 2000, 2001, 2003, 2004, 2005, 2008, 2010, 2012 ਅਤੇ 2014 ’ਚ ਹਾਕੀ ਟਰਾਫੀ ਦੀ ਖੇਡ ਜਿਊਰੀ ਨੂੰ ਸਰਬਸੰਮਤੀ ਨਾਲ 9 ਵਾਰ ‘ਬੈਸਟ ਪਲੇਅਰ ਆਫ ਦਾ ਟੂਰਨਾਮੈਂਟ’ ਨਾਮਜ਼ਦ ਕੀਤਾ ਗਿਆ। ਲੂਸੀਆਨਾ ਨੇ ਆਪਣੀ ਉਮਰ ਸਬੰਧੀ ਆਲੋਚਕਾਂ ਦੇ ਸਵਾਲਾਂ ਦੇ ਜਵਾਬ ਮੂੰਹ ਨਾਲ ਨਹੀਂ ਬਲਕਿ ਮੈਦਾਨ ’ਚ ਹਾਕੀ ਦੇ ਰੰਗਦਾਰ ਨਜ਼ਾਰੇ ਪੇਸ਼ ਕਰਕੇ ਦਿੱਤੇ। ਪੈਨ ਅਮਰੀਕਨ ਗੇਮਜ਼ ’ਚ ਲੂਸੀਆਨਾ ਨੇ ਹਾਕੀ ਟੀਮ ਨੂੰ ਵਿਨੀਪੈਗ-1999, ਸਾਂਤੋ ਡੋਮਿੰਗੋ-2003 ਅਤੇ ਰੀਓ-2007 ’ਚ ਜੇਤੂ ਮੰਚ ਨਸੀਬ ਕਰਾਇਆ ਜਦਕਿ ਗੁਆਡਾਲਜਾਰਾ-2011 ’ਚ ਟੀਮ ਦੀ ਝੋਲੀ ’ਚ ਪੈਨ ਅਮਰੀਕਨ ਗੇਮਜ਼ ਦਾ ਸਿਲਵਰ ਮੈਡਲ ਪਿਆ।

 

ਹਾਕੀ ਟੀਮ ਨਾਲ 4 ਵਾਰ ਓਲੰਪਿਕ ਹਾਕੀ ਦੇ ਮੈਦਾਨ ’ਚ ਕੁੱਦ ਕੇ ਲੂਸੀਆਨਾ ਨੇ ਟੀਮ ਨੂੰ ਸਿਡਨੀ-2000 ਅਤੇ ਲੰਡਨ-2012 ਓਲੰਪਿਕਸ ਹਾਕੀ ਦੇ ਫਾਈਨਲ ਖੇਡਣ ਤੋਂ ਬਾਅਦ ਦੋਵੇਂ ਵਾਰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਓਲੰਪਿਕ ਹਾਕੀ ’ਚ ਚਾਰ ਸੈਮੀਫਾਈਨਲ ਤੇ ਦੋ ਫਾਈਨਲ ਖੇਡਣ ਵਾਲੀ ਅਰਜਨਟੀਨੀ ਮਹਿਲਾ ਹਾਕੀ ਟੀਮ ਨੂੰ ਐਟਲਾਂਟਾ-2004 ਤੇ ਪੇਇਚਿੰਗ-2008 ’ਚ ਦੋਵੇਂ ਵਾਰ ਤਾਂਬੇ ਦੇ ਤਗਮੇ ਹਾਸਲ ਹੋਏ। ਹਰ ਵੇਲੇ ਚਿਹਰੇ ’ਤੇ ਜਿੱਤ ਦੀ ਨੂਰੀ ਆਭਾ ’ਚ ਨਿਖਰੀ ਅਤੇ ਹਾਕੀ ਜਿੱਤਾਂ ਦੀ ਮਸ਼ੀਨ ਕਹੀ ਜਾਣ ਵਾਲੀ ਅਰਜਨਟੀਨੀ ਮਹਿਲਾ ਹਾਕੀ ਦਾ ਮਾਣ ਲੂਸੀਆਨਾ ਦਾ ਦੇਸ਼ ਨੂੰ ਓਲੰਪਿਕ ਚੈਂਪੀਅਨ ਬਣਾਉਣ ਦਾ ਸੁਨਹਿਰੀ ਸੁਪਨਾ ਸਾਕਾਰ ਨਹੀਂ ਹੋ ਸਕਿਆ।

 

ਐਫ. ਆਈ. ਐਚ. ਵਲੋਂ ਦਿੱਤੇ ਜਾਂਦੇ ਆਲਮੀ ਹਾਕੀ ਦੇ ਆਸਕਰ ਮੰਨੇ ਜਾਂਦੇ ਵਿਸ਼ਵ ਹਾਕੀ ਦੇ 19 ‘ਬੈਸਟ ਮਹਿਲਾ ਹਾਕੀ ਪਲੇਅਰ ਐਵਾਰਡ’ ਆਪਣੇ ਨਾਮ ਕਰਨ ਵਾਲੀ ਲੂਸੀਆਨਾ ਦੀ ਹਾਕੀ ਡਰੀਬਿਗ ਸਕਿੱਲ ਅਤੇ ਸਟਿੱਕ ਵਰਕ ਦੀ ਤੁਲਨਾ ਅਰਜਨਟੀਨੀ ਖੇਡ ਮੀਡੀਆ ਵਲੋਂ ਦੇਸ਼ ਦੇ ਮਿਸਾਲੀ ਫੁਟਬਾਲਰ ਡਿਏੇਗੋ ਮੈਰਾਡੋਨਾ ਨਾਲ ਕੀਤੀ ਗਈ। ਇਸੇ ਕਰਕੇ ਮੈਰਾਡੋਨਾ ਨਾਲ ਮੇਲ ਕੇ ਉਸ ‘ਲਾ ਮਾਗਾ’, ‘ਇਲ ਡਿਏਗੋ’, ‘ਮੈਰਾਡੋਨਾ ਆਫ ਫੀਮੇਲ ਵਰਲਡ ਹਾਕੀ’ ਅਤੇ ‘ਲਾ ਮੈਰਾਡੋਨਾ ਡੇਲ ਹਾਕੀ’ ਦੇ ਅਨੇਕਾਂ ਨਿੱਕ ਨਾਵਾਂ ਨਾਲ ਜਾਣਿਆ ਜਾਣ ਲੱਗਾ ਹੈ। ‘ਲਾ ਮਾਗਾ’ ਨਾਲ ਸੰਬੋਧਨ ਕਰਕੇ ਲੂਸੀਆਨਾ ਆਇਮਰ ਨੂੰ ਦੇਸ਼ ਦਾ ਸਭ ਤੋਂ ਵੱਡਾ ਖੇਡ ਮਾਣ ਭਾਵ ‘ਹਾਕੀ ਦੀ ਜਾਦੂਗਰਨੀ’ ਜਾਂ ਕਿਸੇ ਵੀ ‘ਖੇਡ ਦਾ ਜਾਦੂਗਰ’ ਦਾ ਖਿਤਾਬ ਦਿੱਤਾ ਗਿਆ ਜੋ ਅਰਜਨਟੀਨਾ ਦੇਸ਼ ’ਚ ਪਹਿਲਾਂ ਡਿਏਗੋ ਮੈਰਾਡੋਨਾ, ਏ. ਅਨਾਨ, ਐਮ. ਡੋਨਰ, ਜੁਆਨ ਮਾਰਟਿਨ ਡੇਲ ਪੋਟਰੋ, ਬੀ. ਮਿੰਕ, ਸਿਸਿਲਾ ਰੋਗਨੋਨੀ, ਇਨਕੁਬੈਂਟ ਅਤੇ ਲਾਇਨਲ ਮੈਸੀ ਅਜਿਹੇ ਮਹਾਬਲੀ ਖਿਡਾਰੀਆਂ ਨੂੰ ਹੀ ਮਿਲਿਆ ਹੈ। ਲੂਸੀਆਨਾ ਆਇਮਰ ਦਾ ਜਨਮ 10 ਅਗਸਤ, 1977 ’ਚ ਰੀਨੀ ਆਇਮਰ ਦੀ ਕੁੱਖੋਂ ਨਿਲਡਾ ਵਿਸੇਂਟੇ ਆਇਮਰ ਦੇ ਗ੍ਰਹਿ ਵਿਖੇ ਰੋਸਾਰੀਓ ’ਚ ਹੋਇਆ।

 

ਸਾਲ-2008 ’ਚ ਐਫਆਈਐਚ ਵਲੋਂ ‘ਲਿਜੈਂਡ ਆਫ ਦਿ ਫੀਮੇਲ ਹਾਕੀ’ ਡਿਕਲੇਅਰ ਕੀਤੀ ਲੂਸੀਆਨਾ ਆਇਮਰ ਨੇ ਚਿੱਲੀ ਦੇ ਲਾਅਨ ਟੈਨਿਸ ਖਿਡਾਰੀ ਫਰਨਾਂਡੋ ਗੋਂਜ਼ਾਲੇਜ਼ ਨੂੰ ਆਪਣਾ ਜੀਵਨ ਸਾਥੀ ਬਣਾਇਆ। 1994 ਤੋਂ 1998 ਤੱਕ ਅਰਜਨਟੀਨਾ ਦੀ ਅੰਡਰ-21 ਜੂਨੀਅਰ ਹਾਕੀ ਟੀਮ ਨਾਲ ਮੈਦਾਨ ’ਚ ਨਿੱਤਰਨ ਵਾਲੀ ਲੂਸੀਆਨਾ ਨੂੰ ਪਰਥ-2002 ਅਤੇ ਰੋਸਾਰੀਓ-2010 ਦੇ ਮਹਿਲਾ ਆਲਮੀ ਹਾਕੀ ਮੁਕਾਬਲਿਆਂ ਦੌਰਾਨ ਦੋ ਵਾਰ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਨਾਮਜ਼ਦ ਕੀਤਾ ਗਿਆ। ਤਿੰਨ ਵਾਰ ਪੈਨ ਅਮੈਰੀਕਨ ਹਾਕੀ ਕੱਪ ਕਿੰਗਸਟਨ-2001, ਬਰਿੱਜਟਾਊਨ-2004 ਤੇ ਮੈਡੋਜ਼ਾ-2013 ’ਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਨਾਲ ਮੈਦਾਨ ਦੀ ਸਰਦਲ ’ਚ ਉਤਰਨ ਵਾਲੀ ਲੂਸੀਆਨਾ ਆਇਮਰ ਨੂੰ ਆਫਆਈਐਚ ਵਲੋਂ ‘ਬੈਸਟ ਮਹਿਲਾ ਪਲੇਅਰ ਆਫ ਆਲ ਟਾਈਮ’ ਦੇ ਖਿਤਾਬ ਨਾਲ ਨਿਵਾਜਿਆ ਗਿਆ। ਮੈਡੋਜ਼ਾ-2014 ਚੈਂਪੀਅਨਜ਼ ਹਾਕੀ ਟਰਾਫੀ ਮੁਕਾਬਲੇ ਦੌਰਾਨ ਲਾਸਾਨੀ ਹਾਕੀ ਖਿਡਾਰਨ ਲੂਸੀਆਨਾ ਆਇਮਰ ਦੇ ਕਰੀਅਰ ਦਾ ਅਖੀਰਲਾ ਮੈਚ 7 ਦਸੰਬਰ, 2014 ਨੂੰ ਖੇਡਿਆ, ਜਿਸ ’ਚ ਉਸ ਨੇ ਟੀਮ ਨੂੰ ਜੇਤੂ ਮੰਚ ਨਸੀਬ ਕਰਵਾ ਕੇ ਸਦਾ ਲਈ ਆਪਣੀ ਹਾਕੀ ਕਿੱਲੀ ’ਤੇ ਟੰਗ ਦਿੱਤੀ। 

 

ਟੈਨਿਸ ਖਿਡਾਰੀ ਫਰਨਾਂਡੋ ਗੋਂਜ਼ਾਲੇਜ਼: ਵਿਸ਼ਵ ਲਾਅਨ ਟੈਨਿਸ ’ਚ 370-202 ਕਰੀਅਰ ਰਿਕਾਰਡ ਹਾਸਲ ਕਰਨ ਵਾਲੇ ਫਰਨਾਂਡੋ ਗੋਂਜ਼ਾਲੇਜ਼ ਦਾ ਜਨਮ 29 ਜੁਲਾਈ, 1980 ’ਚ ਚਿੱਲੀ ਦੇ ਸ਼ਹਿਰ ਸਾਂਤੀਆਗੋ ’ਚ ਫਰਨਾਂਡੋ ਗੋਂਜ਼ਾਲੇਜ਼ ਰਾਨਰੇਜ਼ ਦੇ ਗ੍ਰਹਿ ਵਿਖੇ ਪੈਟਰਸੀਆ ਸਿਫਾਰਡੀ ਦੀ ਕੁੱਖੋਂ ਹੋਇਆ। ਰੈਕਟ ਮਾਸਟਰ ਫਰਨਾਂਡੋ ਦਾ ਪਿਤਾ ਫਲੋਰ ਮਿੱਲ ’ਚ ਮੈਨੇਜਰ ਅਤੇ ਮਾਤਾ ਘਰੇਲੂ ਗ੍ਰਹਿਣੀ ਹੈ। ਟੈਨਿਸ ਖਿਡਾਰੀ ਫਰਨਾਂਡੋ ਗੋਂਜ਼ਾਲੇਜ਼ ਦੇ ਪਰਿਵਾਰ ’ਚ ਵੱਡੀ ਭੈਣ ਪੈਟਰਸੀਆ ਅਤੇ ਛੋਟੀ ਭੈਣ ਜੈਸਿਕਾ ਵੀ ਹਨ। ਜਨਵਰੀ-29, 2007 ’ਚ ਵਿਸ਼ਵ ਟੈਨਿਸ ’ਚ ਨੰਬਰ-5 ਹਾਈਐਸਟ ਦਰਜਾ ਹਾਸਲ ਫਰਨਾਂਡੋ ਗੋਂਜ਼ਾਲੇਜ਼ ਨੇ ਅਰਜਨਟੀਨਾ ਦੀ ਕੌਮੀ ਮਹਿਲਾ ਹਾਕੀ ਟੀਮ ਨਾਲ ਰਿਕਾਰਡ ਪੰਜ ਵਿਸ਼ਵ ਹਾਕੀ ਕੱਪ ਅਤੇ ਚਾਰ ਓਲੰਪਿਕ ਹਾਕੀ ਟੂਰਨਾਮੈਟ ’ਚ ਕੌਮਾਂਤਰੀ ਪੱਧਰ ’ਤੇ ਨੁਮਾਇੰਦਗੀ ਕਰਨ ਵਾਲੀ ਮਿੱਡਫੀਲਫ ਖਿਡਾਰਨ ਲੂਸੀਆਨਾ ਆਇਮਰ ਨੂੰ ਜੀਵਨ ਸਾਥਣ ਬਣਾਇਆ।

 

 
39 ਬਸੰਤਾਂ ਭੋਗ ਚੁੱਕੇ ਫਰਨਾਂਡੋ ਗੋਂਜ਼ਾਲੇਜ਼ ਨੂੰ ਵਿਸ਼ਵ ਲਾਅਨ ਟੈਨਿਸ ਦੇ ਸਿੰਗਲ ਵਰਗ ’ਚ ਆਸਟਰੇਲੀਅਨ ਓਪਨ, ਫਰੈਂਚ ਓਪਨ, ਯੂਐਸ ਓਪਨ ਅਤੇ ਵਿੰਬਲਡਨ ਮੁਕਾਬਲੇ ਖੇਡਣ ਦਾ ਹੱਕ ਹਾਸਲ ਹੋਇਆ। 2007 ’ਚ ਆਸਟਰੇਲੀਅਨ ਓਪਨ ਦਾ ਖਿਤਾਬੀ ਮੈਚ ਰੋਜਰ ਫੈਡਰਰ ਤੋਂ ਹਾਰਨ ਵਾਲੇ ਫਰਨਾਂਡੋ ਨੂੰ 2009 ’ਚ ਫਰੈਂਚ ਓਪਨ ਦਾ ਸੈਮੀਫਾਈਨਲ ਖੇਡਣ ਦਾ ਰੁਤਬਾ ਹਾਸਲ ਹੋਇਆ। 2002 ਤੇ 2009 ’ਚ ਯੂਐਸ ਓਪਨ ਦੇ ਕੁਆਟਰਫਾਈਨਲ ਖੇਡਣ ਵਾਲੇ ਫਰਨਾਂਡੋ ਗੋਂਜ਼ਾਲੇਜ਼ ਨੂੰ 2005 ’ਚ ਵਿੰਬਲਡਨ ਟੈਨਿਸ ਦਾ ਕੁਆਟਰਫਾਈਨਲ ਖੇਡਣ ਦਾ ਹੱਕ ਹਾਸਲ ਹੋਇਆ।

 

ਟੈਨਿਸ ਡਬਲਜ਼ ਵਰਗ ’ਚ 2005 ਫਰੈਂਚ ਓਪਨ ਦਾ ਸੈਮੀਫਾਈਨਲ ਖੇਡਣ ਵਾਲੇ ਫਰਨਾਂਡੋ ਨੂੰ 2004 ’ਚ ਯੂਐਸ ਓਪਨ ਅਤੇ 2010 ’ਚ ਆਸਟਰੇਲੀਅਨ ਓਪਨ ਦੇ ਕੁਆਟਰਫਾਈਨਲ ਖੇਡਣ ਤੋਂ ਇਲਾਵਾ 2005 ’ਚ ਵਿੰਬਲਡਨ ਗਰੈਂਡ ਸਲਾਮ ਮੁਕਾਬਲਾ ਖੇਡਣ ਦਾ ਮੌਕਾ ਨਸੀਬ ਹੋਇਆ। ਕਰੀਅਰ ’ਚ 11 ਟਾਈਟਲ ਜਿੱਤਣ ਵਾਲੇ ਫਰਨਾਂਡੋ ਗੋਂਜ਼ਾਲੇਜ਼ ਨੂੰ ਜਿੱਥੇ ਮਿਕਸਡ ਵਰਗ ’ਚ 2006 ’ਚ ਫਰੈਂਚ ਓਪਨ ਦਾ ਕੁਆਟਰਫਾਈਨਲ ਅਤੇ ਇਸੇ ਸਾਲ ਮਿਕਸਡ ਵਰਗ ’ਚ ਵਿੰਬਲਡਨ ਟੈਨਿਸ ਮੁਕਾਬਲਾ ਖੇਡਣ ਦਾ ਅਧਿਕਾਰ ਮਿਲਿਆ ਉੱਥੇ ਏਨਥਜ਼-2004 ਓਲੰਪਿਕ ਟੈਨਿਸ ਦੇ ਡਬਲਜ਼ ਵਰਗ ’ਚ ਗੋਲਡ ਮੈਡਲ ਤੇ ਸਿੰਗਲਜ਼ ’ਚ ਤਾਂਬੇ ਦਾ ਤਗਮਾ ਹਾਸਲ ਹੋਇਆ। ਬੀਜਿੰਗ-2008 ਓਲੰਪਿਕ ’ਚ ਡਬਲਜ਼ ਵਰਗ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਫਰਨਾਂਡੋ ਗੋਂਜ਼ਾਲੇਜ਼ ਨੇ 2012 ’ਚ ਟੈਨਿਸ ਕੋਰਟ ਨੂੰ ਬਾਇ-ਬਾਇ ਕਰਦਿਆਂ ਆਪਣਾ ਰੈਕਟ ਸਦਾ ਲਈ ਕਿੱਲੀ ’ਤੇ ਟੰਗ ਦਿੱਤਾ।
   

 

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ





News Source link

- Advertisement -

More articles

- Advertisement -

Latest article