34.1 C
Patiāla
Monday, June 24, 2024

ਸਰਦਾਰਾਂ ਦੀ ਕੁੜੀ

Must read


ਜਸਵਿੰਦਰ ਰੱਤੀਆਂ

ਦਿੱਲੀ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਕਾਰਨ, ਲੋਕ ਮਨਾਂ ਵਿਚਲਾ ਰੋਸ ਇੰਗਲੈਂਡ ਵਿੱਚ ਵੀ ਉਬਾਲੇ ਮਾਰ ਰਿਹਾ ਸੀ। ਕਰੋਨਾ ਕਾਰਨ ਚੱਲ ਰਹੀਆਂ ਪਾਬੰਦੀਆਂ ਵਿੱਚ ਜ਼ਰਾ ਜਿੰਨੀ ਢਿੱਲ ਮਿਲੀ। ਭਾਰਤੀ ਹਾਈ ਕਮਿਸ਼ਨ ਮੂਹਰੇ ਰੋਸ ਮਾਰਚ ਕਰਨ ਦਾ ਐਲਾਨ ਹੋ ਗਿਆ। ਭਾਰਤੀ ਤੇ ਖਾਸ ਕਰਕੇ ਪੰਜਾਬੀ, ਇੰਗਲੈਂਡ ਦੇ ਹਰ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਇਸ ਮਾਰਚ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਮੈਂ ਵੀ ਬਰਮਿੰਘਮ, ਮਿਡਲੈਂਡ ਤੋਂ ਆਪਣੇ ਕੁਝ ਸਾਥੀਆਂ ਨਾਲ ਪਹੁੰਚਿਆ। ਮੈਂ ਕਾਰ ਵਿੱਚ ਜਾਂਦਾ ਨੀਝ ਲਾ ਕੇ ਇਨ੍ਹਾਂ ਲੋਕਾਂ ਨੂੰ ਦੇਖ ਰਿਹਾ ਸਾਂ। ਅਚਾਨਕ ਮੇਰੀ ਨਜ਼ਰ ਇੱਕ ਔਰਤ ’ਤੇ ਜਾ ਅਟਕੀ। ਉਹਦੇ ਨੈਣ ਨਕਸ਼ ਮੈਨੂੰ ਜਾਣੇ ਪਛਾਣੇ ਜਾਪੇ। ਮੈਂ ਉਸ ਨੂੰ ਗੌਰ ਨਾਲ ਤੱਕਿਆ ਤੇ ਦਿਮਾਗ਼ ’ਤੇ ਜ਼ੋਰ ਦਿੱਤਾ। ਉਹ ਕੁੜੀ ਮੇਰੇ ਚੇਤੇ ਵਿੱਚ ਉੱਭਰ ਆਈ।

‘‘ਰੈਂਪੀ…! ਰੋਕੀ ਰੋਕੀ…!!’’ ਮੈਂ ਹੌਲੀ ਰਫ਼ਤਾਰ ਜਾਂਦੀ ਗੱਡੀ ਰੁਕਵਾ ਕੇ ਉਤਰਦਿਆਂ ਕਿਹਾ।

‘‘ਤੁਸੀਂ ਕਿਤੇ ਪਾਰਕਿੰਗ ਦੇਖ ਗੱਡੀ ਲਾਓ। ਮੈਂ ਕਿਸੇ ਨੂੰ ਮਿਲ ਕੇ ਆਇਆ।’’ ਮੈਂ ਕਿਸੇ ਵੇਗ ’ਚੋਂ ਅੱਖ ਦੇ ਫਰੱਕੇ ਵਿੱਚ ਕਾਰ ਦੀ ਬਾਰੀ ਖੋਲ੍ਹ ਬਾਹਰ ਹੋ ਗਿਆ। ਉਨ੍ਹਾਂ ’ਚੋਂ ਕਿਸੇ ਨੂੰ ਸੁਆਲ ਕਰਨ ਦਾ ਸਮਾਂ ਹੀ ਨਾ ਮਿਲਿਆ। ਅਗਲੇ ਪਲ ਮੈਂ ਰੈਂਪੀ ਦੇ ਮੂਹਰੇ ਖੜ੍ਹ ਸਤਿ ਸ੍ਰੀ ਅਕਾਲ ਬੁਲਾ ਪੁੱਛ ਰਿਹਾ ਸਾਂ।

‘‘ਪਛਾਣਿਆ…! ਮੈਂ ਕੌਣ ਹਾਂ?’’ ਮੇਰੇ ਸੁਆਲ ’ਤੇ ਉਹਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਗੌਰ ਨਾਲ ਦੇਖਿਆ। ਮੈਂ ਉਹਦੀ ਸਿਆਣ ਵਿੱਚ ਨਹੀਂ ਆ ਰਿਹਾ ਸੀ। ਸਿਆਣਦੀ ਵੀ ਕਿਵੇਂ? ਇਕੱਤੀ ਸਾਲਾਂ ਦੇ ਲੰਬੇ ਵਕਤ ਮਗਰੋਂ, ਕਾਲਜੀਏਟ ਪੱਗ ਤੇ ਕਤਰੀ ਦਾਹੜੀ ਵਿੱਚ ਦੇਖੇ ਮੁੰਡੇ ਨੂੰ, ਅੱਜ ਕਲੀਨ ਸ਼ੇਵ ਤੇ ਕੱਟੇ ਵਾਲਾਂ ਵਿੱਚ ਕਿਵੇਂ ਸਿਆਣਦੀ।

‘‘ਮੈਂ ਪਾਕਿਸਤਾਨੀਆਂ ਦਾ ਮੰਦਰ।’’ ਮੈਂ ਉਹਦੀ ਹੈਰਾਨੀ ਨੂੰ ਘਟਾਉਣ ਲਈ ਦੱਸਿਆ ਤਾਂ ਉਹਨੇ ਧਾਅ ਕੇ ਮੈਨੂੰ ਗਲਵੱਕੜੀ ਪਾ ਲਈ। ਮੈਨੂੰ ਲੱਗਾ ਉਹ ਰੋ ਪਵੇਗੀ।

‘‘ਤੂੰ ਇੱਥੇ ਕਦੋਂ ਆਇਆ?’’ ਉਹਨੇ ਪਿੱਛੇ ਹੋ ਮੇਰੇ ਚਿਹਰੇ ਨੂੰ ਗਹੁ ਨਾਲ ਤੱਕਿਆ।

‘‘ਮੈਨੂੰ ਬਰਮਿੰਘਮ ਵਿੱਚ ਹੋ ਗਏ ਪੰਦਰਾਂ ਕੁ ਸਾਲ।’’ ਮੈਂ ਦੱਸਿਆ।

‘‘ਤੂੰ ਤਾਂ ਜਮਾਂ ਹੀ ਬਦਲ ਗਿਆਂ। ਮੇਰੇ ਤਾਂ ਭਲਾ ਕੋਲੇ ਖੜ੍ਹਾ ਰਹੇ। ਮੈਂ ਪਛਾਣ ਨਹੀਂ ਸਕਦੀ।’’ ਉਹ ਮੇਰੇ ਚਿਹਰੇ ਨੂੂੰ ਨਿਰਖ ਰਹੀ ਸੀ।

‘‘ਪਰ ਤੂੰ ਬਿਲਕੁਲ ਨਹੀਂ ਬਦਲੀ, ਤਾਂ ਹੀ ਮੈਂ ਸਿਆਣ ਲਿਆ।’’ ਰੈਂਪੀ ਪੂਰੀ ਫਿੱਟ ਸੀ।

‘‘ਪੰਦਰਾਂ ਸਾਲ ਹੋ ਗਏ ਤੈਨੂੰ ਇੱਥੇ ਆਏ? ਮੈਨੂੰ ਤਾਂ ਤੇਰਾ ਇੱਥੇ ਆਏ ਦਾ ਪਤਾ ਨਹੀਂ ਸੀ। ਤੈਨੂੰ ਤਾਂ ਪਤਾ ਸੀ, ਮੈਂ ਇੰਗਲੈਂਡ ਹਾਂ। ਕਦੇ ਮਿਲਣ ਨੂੰ ਦਿਲ ਨਹੀਂ ਕੀਤਾ।’’ ਰੈਂਪੀ ਨੇ ਪੁਰਾਣੀ ਸਾਂਝ ਜਤਾਉਂਦਿਆਂ ਉਲਾਂਭਾ ਦਿੱਤਾ।

‘‘ਦਿਲ ਤਾਂ ਕਰਦਾ ਸੀ। ਪਰ…ਤੇਰੇ ਅੱਥਰੇ ਸੁਭਾਅ ਤੋਂ ਡਰ ਲੱਗਦਾ ਸੀ।’’ ਮੈਂ ਹੱਸ ਕੇ ਉਹਦੀ ਕਮਜ਼ੋਰੀ ਕਹਿ ਦਿੱਤੀ।

‘‘ਅੱਥਰਾਪਣ ਤਾਂ ਮੈਂ ਅਜੇ ਵੀ ਸਾਂਭ ਕੇ ਰੱਖਿਆ, ਤੇਰੇ ਲਈ। ਇੱਥੇ ਹੀ ਦਿਖਾਵਾਂ ਕੇ ਘਰ ਚੱਲ ਕੇ ਦੇਖਣਾ?’’ ਉਹਨੇ ਪੈਂਦੀ ਸੱਟੇ ਘਰ ਜਾਣ ਦਾ ਹੁਕਮ ਚਾੜ੍ਹ ਦਿੱਤਾ।

‘‘ਨਹੀਂ ਨਹੀਂ…! ਘਰ ਕਿਤੇ ਫੇਰ ਆਵਾਂਗੇ। ਅੱਜ ਹੁਣ ਮੇਰੇ ਨਾਲ ਹੋਰ ਵੀ ਕਈ ਜਣੇ ਆਏ ਆ।’’ ਮੈਂ ਘਰ ਜਾਣ ਲਈ ਤਿਆਰ ਨਹੀਂ ਸਾਂ।

‘‘ਦੇਖ…! ਘਰ ਤਾਂ ਤੈਨੂੰ ਲੈ ਕੇ ਜਾਊਂਗੀ। ਬੇਸ਼ੱਕ ਤੈਨੂੰ ਬਾਅਦ ’ਚ ਬਰਮਿੰਘਮ ਆਪ ਨਾ ਛੱਡ ਕੇ ਆਉਣਾ ਪਵੇ। ਨਾਲ ਦਿਆਂ ਨੂੰ ਫੋਨ ਕਰਕੇ ਕਹਿ ਦੇ ਵਾਪਸ ਮੁੜਦੇ ਤੈਨੂੰ ਸਲੋਆ ਤੋਂ ਚੱਕ ਲੈਣ।’’ ਉਹ ਮੇਰੀ ਬਾਂਹ ਫੜਦੀ ਨਾਲ ਧੂ ਤੁਰੀ। ਮੈਂ ਉਹਦੇ ਆਪਣੇਪਣ ਅੱਗੇ ਜ਼ੋਰ ਦੇ ਕੇ ਨਾ ਨਹੀਂ ਕਰ ਸਕਦਾ ਸੀ।

ਮੈਂ ਰਿੰਪੀ ਨੂੰ ਬਚਪਨ ਤੋਂ ਜਾਣਦਾ ਸਾਂ। ਬਹੁਤ ਚੰਚਲ ਸੁਭਾਅ ਦੀ ਦਲੇਰ ਕੁੜੀ ਸੀ। ਬਚਪਨ ਤੋਂ ਉਹਨੂੰ ਆਪਣੇ ਪੁਰਖਿਆਂ ਦੀ ਸਰਦਾਰੀ ਦਾ ਬੜਾ ਗਰੂਰ ਸੀ। ਹਮੇਸ਼ਾਂ ਕਹਿੰਦੀ।

‘‘ਅਸੀਂ ਸਿੱਧੂ ਸਰਦਾਰ ਹੁੰਨੇ।’’ ਉਦੋਂ ਰੈਂਪੀ ਨੂੰ ਸਿੱਧੂ ਤੇ ਸਰਦਾਰ ਹੋਣ ਦਾ ਮਾਣ ਨਹੀਂ ਹੰਕਾਰ ਸੀ।

ਮੈਨੂੰ ਸਾਰੇ ਪਾਕਿਸਤਾਨੀ ਕਹਿ ਕੇ ਚਿੜਾਉਦੇ ਰਹਿੰਦੇ। ਦੇਸ਼ ਦੀ ਵੰਡ ਮੌਕੇ ਸਾਡਾ ਬਾਬਾ ਪਾਕਿਸਤਾਨ ਤੋਂ ਉੱਠ ਕੇ ਆਇਆ ਸੀ। ਅੱਸੀ ਕਿੱਲਿਆਂ ਵੱਟੇ ਸੱਠਾਂ ਕਿੱਲਿਆਂ ਦਾ ਟੱਕ ਇੱਥੇ ਅਲਾਟ ਹੋਇਆ ਸੀ। ਪਿੰਡ ਦੇ ਆਮ ਜ਼ਿਮੀਂਦਾਰਾਂ ਨਾਲੋਂ ਜ਼ਮੀਨ ਦੀ ਵੱਡੀ ਢੇਰੀ ਸੀ। ਫਿਰ ਵੀ ਪਿੰਡ ਦੇ ਲੋਕ ਪਿੱਠ ਪਿੱਛੇ ਸਾਨੂੰ ਪਾਕਿਸਤਾਨੀ ਜਾਂ ਪਨਾਹੀ ਕਹਿੰਦੇ। ਮੇਰੇ ਹਾਣੀ ਬਚਪਨ ਤੋਂ ਮੂੰਹ ’ਤੇ ਵੀ ਕਹਿ ਦਿੰਦੇ। ਮੈਂ ਬਚਪਨ ਵਿੱਚ ਇਹ ਸ਼ਬਦ ਸੁਣਦਾ ਇਸ ਦਾ ਆਦੀ ਹੋ ਗਿਆ। ਪਰ ਜਿਵੇਂ ਜਿਵੇਂ ਸਮਝ ਆਉਂਦੀ ਗਈ ਤਾਂ ਇੱਕ ਹੀਣ ਭਾਵਨਾ ਜਿਹੀ ਅੰਦਰ ਪੈਦਾ ਹੁੰਦੀ।

ਰੈਂਪੀ ਕੇ ਜੱਦੀ ਸਰਦਾਰ ਸੀ। ਉਹਦਾ ਪੜਦਾਦਾ ਪੰਜ ਸੌ ਏਕੜ ਦਾ ਮਾਲਕ ਸੀ। ਇੱਕ ਕਿੱਲੇ ਵਿੱਚ ਮਹਿਲ ਵਰਗੀ ਖੁੱਲ੍ਹੀ ਹਵੇਲੀ ਸੀ। ਉਹਦੇ ਦਾਦੇ ਹੋਰੀਂ ਪੰਜ ਭਰਾ ਸਨ। ਅੱਗੇ ਰੈਂਪੀ ਦੇ ਪਾਪੇ ਦੇ ਵੀ ਪੰਜ ਭਰਾ ਤੇ ਤਿੰਨ ਭੈਣਾਂ ਸਨ। ਸਰਦਾਰਾਂ ਦੀ ਅੰਗਰੇਜ਼ੀ ਰਾਜ ਵੇਲੇ ਵੀ ਇਲਾਕੇ ’ਚੋਂ ਪੂਰੀ ਭੱਲ ਸੀ। ਆਜ਼ਾਦੀ ਤੋਂ ਮਗਰੋਂ ਵੀ ਰੈਂਪੀ ਦੇ ਪੜਦਾਦੇ ਦੇ ਜਿਉਂਦਿਆਂ ਲੀਡਰਾਂ ਤੇ ਰਾਜਨੀਤਕ ਲੋਕਾਂ ਨਾਲ ਕਾਫ਼ੀ ਲਿਹਾਜ ਰਹੀ। ਉਹਦੀ ਮੌਤ ਮਗਰੋਂ ਪੰਜੇ ਭਰਾ ਵੱਖ ਵੱਖ ਹੋ ਗਏ। ਸਰਦਾਰੀ ਗੁਮਾਨ ਉਨ੍ਹਾਂ ਦੇ ਦਿਮਾਗ਼ ਨੂੰ ਚੜ੍ਹ ਗਿਆ ਸੀ। ਜ਼ਮੀਨ ਜਾਇਦਾਦ ਪੱਖੋਂ ਉਹ ਪੰਜਵੇਂ ਪੰਜਵੇਂ ਹਿੱਸੇ ਦੇ ਮਾਲਕ ਸਨ, ਪਰ ਸੋਚ ਤੇ ਸਰਦਾਰੀ ਠਾਠ ਅਜੇ ਵੀ ਉਨ੍ਹਾਂ ਦੀ ਪੰਜ ਸੌ ਏਕੜ ਵਾਲੀ ਸੀ। ਬਚਪਨ ਤੋਂ ਸਾਂਝੇ ਪਰਿਵਾਰ ਵਿੱਚ ਪਲੇ ਰੈਂਪੀ ਦੇ ਪਿਓ ਤੇ ਚਾਚੇ ਤਾਇਆਂ ਦੇ ਦਿਮਾਗ਼ ਵਿੱਚ ਵੀ ਸਰਦਾਰੀ ਕੁੱਟ ਕੁੱਟ ਭਰੀ ਸੀ। ਹੱਥੀਂ ਕੰਮ ਕਰਨ ਦੀ ਆਦਤ ਨਾਂਮਾਤਰ ਸੀ। ਖਾਣ ਪੀਣ ਦੇ ਸ਼ੌਕ ਵਾਧੂ ਸਨ। ਰੈਂਪੀ ਵੀ ਸਾਂਝੇ ਪਰਿਵਾਰ ਵਿੱਚ ਜਨਮੀ ਸੀ। ਉਦੋਂ ਦਾਦੇ ਦੀ ਤੂਤੀ ਬੋਲਦੀ ਸੀ ਤੇ ਸੌ ਕਿੱਲੇ ਕਰਕੇ ਸਰਦਾਰੀ ਚੱਲਦੀ ਰਹੀ।

ਸਕੂਲ ਪੜ੍ਹਦਿਆਂ ਰੈਂਪੀ ਦੇ ਸਰਦਾਰੀ ਵਾਲੇ ਗਰੂਰ ਤੋਂ ਮੈਨੂੰ ਬਹੁਤ ਨਫ਼ਰਤ ਸੀ। ਇਹ ਕਹਿ ਕੇ ਉਹ ਸਾਰਿਆਂ ’ਤੇ ਰੋਅਬ ਵੀ ਪਾਉਂਦੀ ਰਹਿੰਦੀ। ਉਹਦਾ ਰੋਅਬ ਚੱਲਦਾ ਵੀ ਸੀ। ਚਾਰ ਭਰਾਵਾਂ ਦੀ ’ਕੱਲੀ ਭੈਣ ਸੀ। ਤਿੰਨ ਭਰਾ ਉਹਦੇ ਤੋਂ ਵੱਡੇ ਸੀ ਤੇ ਇੱਕ ਛੋਟਾ। ਸਾਰੇ ਸਾਲ-ਡੇਢ ਸਾਲ ਦੇ ਫਰਕ ਨਾਲ ਵੱਡੇ ਛੋਟੇ ਹੋਣ ਕਰਕੇ ਅੱਗੇ ਪਿੱਛੇ ਹੀ ਪੜ੍ਹਦੇ ਸਨ। ਰੈਂਪੀ ਤੇ ਉਹਦੇ ਚਾਚਿਆਂ ਤਾਇਆਂ ਦੇ ਮੁੰਡੇ ਕੁੜੀਆਂ ਵੀ ਪਿੰਡ ਦੇ ਸਕੂਲ ਪੜ੍ਹਦੇ ਸਨ। ਹਵੇਲੀ ਵਾਲੇ ਸਰਦਾਰਾਂ ਦਾ ਪੂਰਾ ਅਮਲਾ ਫੈਲਾ ਸੀ। ਰੈਂਪੀ ਪਹਿਲੀ ਜਮਾਤ ਤੋਂ ਮੇਰੀ ਹਮਜਮਾਤੀ ਸੀ।

ਜਦੋਂ ਰੈਂਪੀ ਦਾ ਦਾਦਾ ਪੂਰਾ ਹੋਇਆ। ਉਦੋਂ ਉਨ੍ਹਾਂ ਦੀ ਸਰਦਾਰੀ ਨੂੰ ਕਰਾਰੀ ਸੱਟ ਵੱਜੀ। ਹੁਣ ਤੱਕ ਹਵੇਲੀ ਦੀਆਂ ਉੱਚੀਆਂ ਕੰਧਾਂ ਅੰਦਰ ਸਾਰੇ ਹਾਲਾਤ ਛੁਪੇ ਹੋਏ ਸਨ। ਰੈਂਪੀ ਦੇ ਦਾਦੇ ਦਾ ਟੱਬਰ ਸਾਰਿਆਂ ਤੋਂ ਵੱਡਾ ਸੀ। ਹਵੇਲੀ ਅੰਦਰ ਵੰਡੀ ਆਈ ਸਵਾ ਕਨਾਲ ਅੰਦਰ ਪੰਜਾਂ ਭਰਾਵਾਂ ਦਾ ਸਮਾਉਣਾ ਔਖਾ ਹੋ ਗਿਆ। ਉੱਪਰੋਂ ਐਸ਼ਪ੍ਰਤੀ ਕਾਰਨ ਦਿਨੋਂ ਦਿਨ ਸਿਰ ਚੜ੍ਹਦੇ ਕਰਜ਼ੇ ਨਾਲ ਪੰਜਾਂ ਭਰਾਵਾਂ ਵਿੱਚ ਖਿੱਚੋਤਾਣ ਵਧਣ ਲੱਗੀ। ਗੱਲ ਅੱਡੋ ਅੱਡ ਹੋਣ ’ਤੇ ਆਈ ਤਾਂ ਹਿੱਸੇ ਆਉਂਦੇ ਪੰਜ ਪੰਜ ਮਰਲਿਆਂ ਵਿੱਚ ਰਹਿਣਾ ਕਿਵੇਂ? ਰੈਂਪੀ ਦੇ ਪਿਉ ਦੇ ਚਾਚੇ ਤਾਇਆਂ ਦੇ ਬੱਚੇ ਵੀ ਘੱਟ ਹੋਣ ਕਰਕੇ ਹਿੱਸੇ ਆਉਂਦੀ ਜ਼ਮੀਨ ਤੇ ਘਰ ਦੇ ਥਾਂ ਵੀ ਗੁਜ਼ਾਰੇ ਜੋਗੇ ਸਨ। ਛੋਟਾ ਚਾਚਾ ਪੜ੍ਹਿਆ ਤੇ ਸਭ ਤੋਂ ਤੇਜ਼ ਦਿਮਾਗ਼ ਸੀ। ਉਹਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ। ਉਹਦੀ ਸਰਕਾਰੀ ਦਰਬਾਰੇ ਪਹੁੰਚ ਹੋਣ ਕਰਕੇ ਸਰਪੰਚੀ ਵੀ ਕਰਦਾ। ਉਹੀ ਉਨ੍ਹਾਂ ਦਾ ਪੰਚਾਇਤੀਆ ਸੀ। ਉਹ ਉਨ੍ਹਾਂ ਨੂੰ ਹਵੇਲੀ ’ਚੋਂ ਕੱਢ ਕੇ ਵੀ ਰਾਜੀ ਸੀ। ਹੁਣ ਇਹ ਵੀਹਾਂ ਵੀਹਾਂ ਕਿੱਲਿਆਂ ਵਾਲਿਆਂ ਦਾ ਹਵੇਲੀਆਂ ਵਿੱਚ ਰਹਿਣਾ ਉਨ੍ਹਾਂ ਦੀ ਸ਼ਾਨ ਦੇ ਖਿਲਾਫ਼ ਸੀ। ਉਹਨੇ ਸਲਾਹ ਦਿੱਤੀ, ‘‘ਅੰਦਰਲੇ ਥਾਂ ਦੇ ਮੈਂ ਤੁਹਾਨੂੰ ਪੈਸੇ ਦੇ ਦਿੰਦਾ ਹਾਂ। ਤੁਸੀਂ ਹਵੇਲੀ ਤੋਂ ਬਾਹਰ ਨਿਆਈ ਵਾਲੀ ਜ਼ਮੀਨ ਵਿੱਚ ਘਰ ਪਾ ਲਵੋ।’’ ਉਨ੍ਹਾਂ ਨੂੰ ਵੀ ਇਹ ਸਲਾਹ ਠੀਕ ਲੱਗੀ। ਕਰਜ਼ਾ ਵੀ ਲਹਿੰਦਾ ਸੀ ਤੇ ਘਰ ਵੀ ਬਣਦੇ ਸਨ। ਇੱਕ ਹੀ ਵੱਲਗਣ ਕਰਕੇ ਪੰਜਾਂ ਭਰਾਵਾਂ ਨੇ ਗੁਜ਼ਾਰੇ ਜੋਗੇ ਘਰ ਬਣਾ ਲਏ। ਉਨ੍ਹਾਂ ਦੇ ਹਵੇਲੀਓਂ ਬਾਹਰ ਆਉਣ ’ਤੇ ਲੋਕਾਂ ਦਾ ਵੀ ਤੇ ਉਨ੍ਹਾਂ ਦਾ ਆਪਣਾ ਵੀ ਸਰਦਾਰੀ ਵਾਲਾ ਭਰਮ ਟੁੱਟ ਗਿਆ। ਉੱਥੇ ਹੁਣ ਤੱਕ ਇਕੱਠ ਵਿੱਚ ਛੁਪੇ ਉਨ੍ਹਾਂ ਪੰਜਾਂ ਭਰਾਵਾਂ ਦੇ ਐਬ ਵੀ ਬਾਹਰ ਆਉਣ ਲੱਗੇ। ਹੁਣ ਤੱਕ ਸ਼ੌਕ ਨਾਲ ਸ਼ਰਾਬ ਅਫੀਮ ਖਾਂਦੇ ਰਹੇ ਸਨ। ਹੁਣ ਵੀਹ ਵੀਹ ਕਿੱਲੇ ਹਿੱਸੇ ਆਏ ਤਾਂ ਕੰਮ ਦੀ ਆਦਤ ਨਾ ਹੋਣ ਕਰਕੇ ਅਫੀਮ ਖਾ ਖਾ ਕੰਮ ਕਰਦੇ ਨਸ਼ੇ ਦੇ ਆਦੀ ਹੋ ਗਏ।

ਮੈਂ ਹੁਣ ਆਪਣੇ ਆਪ ਨੂੰ ਰੈਂਪੀ ਦੇ ਬਰਾਬਰ ਸਮਝਣ ਲੱਗਾ ਸਾਂ। ਉਹਦੇ ਪਾਪਾ ਦੇ ਜਿੰਨੀ ਜ਼ਮੀਨ ਮੇਰੇ ਪਾਪੇ ਦੇ ਹਿੱਸੇ ਆਉਂਦੀ ਸੀ। ਅੱਠਵੀਂ ਪਾਸ ਕਰਕੇ ਨੌਵੀਂ ਵਿੱਚ ਹੋਏ ਸਾਂ। ਸਕੂਲ ਦੇ ਡੈਸਕ ਬਹੁਤੇ ਟੁੱਟੇ ਹੁੰਦੇ। ਹਰ ਕੋਈ ਕਿਸੇ ਨਾਲ ਚੋਰੀ ਛੁਪੇ ਵਟਾ ਲੈਂਦਾ। ਮੇਰੇ ਡੈਸਕ ਦੀਆਂ ਫੱਟੀਆਂ ਵੀ ਹਿਲਦੀਆਂ ਸਨ। ਪਤਾ ਨਹੀਂ ਕਿਉਂ ਮੈਨੂੰ ਰੈਂਪੀ ਦਾ ਡੈਸਕ ਹੀ ਸਭ ਤੋਂ ਵਧੀਆ ਲੱਗਾ। ਮੈਂ ਸਵੇਰੇ ਸਕੂਲ ਜਾਂਦਿਆਂ, ਉਹਦਾ ਡੈਸਕ ਚੱਕ ਲਿਆ। ਰੈਂਪੀ ਆਉਂਦੀ ਡੈਸਕ ਮੰਗਣ ਲੱਗੀ।

‘‘ਪਾਕਿਸਤਾਨੀਆਂ ਮੇਰਾ ਡੈਸਕ ਛੱਡ ਦੇ। ਨਹੀਂ ਮੈਥੋਂ ਬੁਰਾ ਕੋਈ ਨਹੀਂ।’’ ਰੈਂਪੀ ਦਾ ਕਿਹਾ ‘‘ਪਾਕਿਸਤਾਨੀ’ ਸ਼ਬਦ ਮੇਰੇ ਦਿਲ ਨੂੰ ਛਲਣੀ ਕਰ ਗਿਆ।

‘‘ਤੇਰਾ ਡੈਸਕ ’ਤੇ ਨਾਂ ਲਿਖਿਆ। ਡੈਸਕ ਸਕੂਲ ਦੇ ਆ। ਜਿਹੜਾ ਪਹਿਲਾਂ ਆ ਗਿਆ। ਉਹਨੇ ਚੱਕ ਲਿਆ। ਜਾਹ ਮੈਂ ਨਹੀਂ ਛੱਡਦਾ।’’ ਮੈਂ ਠੋਕ ਕੇ ਜੁਆਬ ਦੇ ਦਿੱਤਾ।

‘‘ਮੈਂ ਵੀ ਸਰਦਾਰਾ ਦੀ ਧੀ ਹਾਂ। ਡੈਸਕ ਤਾਂ ਮੈਂ ਲੈ ਕੇ ਰਹੂੰਗੀ।’’ ਉਹਨੇ ਮੈਨੂੰ ਵੰਗਾਰਿਆ।

‘‘ਪਤਾ ਥੋਡੀ ਸਰਦਾਰੀ ਦਾ! ਜ਼ਮੀਨ ਸਾਡੇ ਕੋਲ ਵੀ ਥੋਡੇ ਜਿੰਨੀ ਆ। ਹੁਣ ਤੂੰ ਸਰਦਾਰਾਂ ਦੀ ਨਹੀਂ ਅਮਲੀਆਂ ਦੀ ਧੀ ਕਿਹਾ ਕਰ।’’ ਮੈਂ ਚਿਰਾਂ ਦਾ ਅੰਦਰ ਦੱਬਿਆ ਗੁੱਸਾ ਕੱਢ ਦਿੱਤਾ।

‘‘ਪਾਕਿਸਤਾਨੀਆਂ ਤੈਨੂੰ ਤਾਂ ਮੈਂ ਸਬਕ ਸਿਖਾਂਊਗੀ!’’ ਮੇਰੇ ਕੌੜੇ ਬੋਲਾਂ ਨੇ ਰੈਂਪੀ ਦਾ ਗੋਰਾ ਚਿੱਟਾ ਰੰਗ ਸੂਹਾ ਲਾਲ ਕਰ ਦਿੱਤਾ ਸੀ।

ਮੈਂ ਸੋਚਣ ਲੱਗਾ। ਮੈਂ ਜੋ ਉਹਨੂੰ ਕਹਿ ਦਿੱਤਾ। ਇਹਦੇ ਲਈ ਉਹ ਮੈਨੂੰ ਮੁਆਫ਼ ਨਹੀਂ ਕਰੇਗੀ। ਉਹਦੇ ਵੱਡੇ ਦੋਵੇਂ ਭਰਾ ਅੱਠਵੀਂ ’ਚੋਂ ਪਾਸ ਨਾ ਹੋ ਸਕੇ ਤੇ ਪੜ੍ਹਨੋਂ ਹਟ ਗਏ। ਛੋਟਿਆਂ ਤੋਂ ਮੈਨੂੰ ਕੋਈ ਡਰ ਨਹੀਂ ਸੀ। ਮਾਸਟਰ ਵੀ ਇਹੋ ਜਿਹੀਆਂ ਸ਼ਿਕਾਇਤਾਂ ਨਹੀਂ ਸੁਣਦੇ। ਘਰ ਜਾ ਕੇ ਉਹ ਗੱਲ ਕਰੇਗੀ ਤਾਂ ਮੈਂ ਵੀ ਕਹਿ ਦਿਆਂਗਾ, ‘‘ਇਹ ਮੈਨੂੰ ਪਾਕਿਸਤਾਨੀ ਕਹਿੰਦੀ ਸੀ।’’ ਮੈਂ ਸਾਰੇ ਪਾਸਿਓਂ ਨਿਸ਼ਚਿੰਤ ਹੋ ਗਿਆ। ਪਰ ਜਿਵੇਂ ਜਿਵੇਂ ਮੇਰਾ ਗੁੱਸਾ ਘਟਿਆ ਮੈਨੂੰ ਅਜੀਬ ਜਿਹਾ ਲੱਗਾ। ਜਿਵੇਂ ਮੈਥੋਂ ਕੋਈ ਬਹੁਤ ਵੱਡੀ ਖੁਨਾਮੀ ਹੋ ਗਈ ਹੋਵੇ।… ‘‘ਕੁੜੀਆਂ ਤਾਂ ਦੇਵੀਆਂ ਹੁੰਦੀਆਂ।…ਕੁੜੀਆਂ ਨੂੰ ਮਾਰਨਾਂ ਪਾਪ ਹੁੰਦਾ।’’ ਮੈਂ ਜਦੋਂ ਆਪਣੀ ਭੈਣ ਨਾਲ ਲੜਦਾ ਉਦੋਂ ਦਾਦੀ ਇਹੀ ਆਖਦੀ। ‘‘ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ।’’ ਇਹੋ ਜਿਹੀਆਂ ਗੱਲਾਂ ਤਾਇਆ ਅਕਸਰ ਸਮਝਾਉਂਦਾ। ਹੁਣ ਪੜ੍ਹਾਈ ਦੇ ਨਾਲ ਸਾਹਿਤ ਪੜ੍ਹਨ ਦਾ ਸ਼ੌਕ ਪੈ ਗਿਆ ਸੀ ਜਿਸ ਕਰਕੇ ਦੂਸਰੇ ਦੀ ਵੇਦਨਾ ਨੂੰ ਸਮਝਣ ਲੱਗਾ ਸਾਂ।

ਸਾਰਾ ਦਿਨ ਇਹੋ ਜਿਹੇ ਵਿਚਾਰ ਮੇਰੇ ਦਿਮਾਗ਼ ਵਿੱਚ ਘੁੰਮਦੇ ਰਹੇ। ਮੇਰੀ ਨਜ਼ਰ ਵਾਰ ਵਾਰ ਰੈਂਪੀ ’ਤੇ ਜਾਂਦੀ। ਉਹਦਾ ਚਿਹਰਾ ਮੈਨੂੰ ਉਦਾਸਿਆ ਲੱਗਦਾ। ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਇਹ ਗ਼ਲਤ ਕੀਤਾ। ਪਰ ਇਸ ਗ਼ਲਤੀ ਨੂੰ ਕਿਵੇਂ ਸੁਧਾਰਾਂ। ਦੂਜੇ ਦਿਨ ਮੈਂ ਸਕੂਲ ਸਮੇਂ ਨਾਲ ਚਲਾ ਗਿਆ, ਪਰ ਘੰਟੀ ਵੱਜਣ ਤੱਕ ਕਲਾਸ ਵਿੱਚ ਨਾ ਗਿਆ। ਮੈਨੂੰ ਉਮੀਦ ਸੀ ਰੈਂਪੀ ਜ਼ਰੂਰ ਡੈਸਕ ਚੁੱਕ ਲਵੇਗੀ। ਪਰ ਉਹਨੇ ਅਜਿਹਾ ਨਾ ਕੀਤਾ। ਮੈਨੂੰ ਵੀ ਹੈਰਾਨੀ ਹੋਈ। ਮੈਂ ਇੱਕ ਗੁਨਾਹ ਦੇ ਬੋਝ ਹੇਠਾਂ ਦੱਬਦਾ ਜਾ ਰਿਹਾ ਸਾਂ। ਮੈਨੂੰ ਲੱਗਦਾ ਸੀ ਮੇਰੇ ਮਾਰੇ ਮਿਹਣੇ ਨੇ ਉਹਨੂੰ ਇੱਕ ਵਿਚਾਰੀ ਜਿਹੀ ਕੁੜੀ ਬਣਾ ਕੇ ਰੱਖ ਦਿੱਤਾ। ਮੈਨੂੰ ਉਹਦਾ ਇਹ ਵਿਚਾਰਾਪਨ ਹੋਰ ਗੁਨਾਹਗਾਰ ਬਣਾ ਰਿਹਾ ਸੀ। ਮੈਂ ਜਿਸ ਤਰ੍ਹਾਂ ਦੀ ਰੈਂਪੀ ਨੂੰ ਦੇਖਣ ਦਾ ਆਦੀ ਸੀ। ਉਹ ਕਿਤੇ ਗੁਆਚ ਗਈ ਸੀ। ਮੈਂ ਉਸ ਨੂੰ ਲੱਭਣਾ ਚਾਹੁੰਦਾ ਸਾਂ। ਉਹਦੇ ਅੰਦਰ ਕੀ ਚੱਲਦਾ, ਉਹ ਜਾਣਨਾ ਚਾਹੁੰਦਾ ਸਾਂ।

ਅਗਲੀ ਸਵੇਰ ਸਾਰਿਆਂ ਤੋਂ ਪਹਿਲਾਂ ਆ ਕੇ ਮੈਂ ਡੈਸਕ ਬਦਲ ਦਿੱਤਾ। ਮੈਂ ਅਜੇ ਡੈਸਕ ਬਦਲ ਕੇ ਹਟਿਆ ਹੀ ਸਾਂ ਕਿ ਰੈਂਪੀ ਵੀ ਸੁਵੱਖਤੇ ਹੀ ਆ ਗਈ। ਉਹ ਡੈਸਕ ਵੱਲ ਦੇਖ ਕੇ ਮੁਸਕਰਾਈ ਤੇ ਬੜੀ ਮਾਸੂਮੀਅਤ ਜਿਹੀ ਨਾਲ ਕਹਿਣ ਲੱਗੀ।

‘‘ਮੰਦਰ ਮੈਂ ਪਰਸੋਂ ਗੁੱਸੇ ਵਿੱਚ ਤੈਨੂੰ ਬਹੁਤ ਗ਼ਲਤ ਬੋਲ ਗਈ। ਤੂੰ ਡੈਸਕ ਰੱਖ ਲੈ। ਮੈਂ ਕਿਹੜਾ ਘਰੋਂ ਲਿਆਈ ਹਾਂ।’’ ਮੈਂ ਰੈਂਪੀ ਨੂੰ ਪਹਿਲੀ ਵਾਰ ਨਜ਼ਰਾਂ ਝੁਕਾ ਕੇ ਗੱਲ ਕਰਦਿਆਂ ਦੇਖਿਆ।

‘‘ਨਹੀਂ ਰੈਂਪੀ ਮੈਂ ਵੀ ਤੈਨੂੰ ਬਹੁਤ ਕੁਝ ਬੋਲ ਗਿਆ। ਕੁੜੀਆਂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ। ਮੈਨੂੰ ਤੇਰਾ ਡੈਸਕ ਵੀ ਨਹੀਂ ਚੱਕਣਾ ਚਾਹੀਦਾ ਸੀ। ਮੇਰੀ ਇਹ ਜੁਆਕਾਂ ਵਾਲੀ ਗੱਲ ਸੀ। ਹੁਣ ਆਪਾਂ ਵੱਡੇ ਹੋ ਗਏ ਹਾਂ।’’ ਮੈਂ ਸਿਆਣਿਆਂ ਵਾਂਗ ਗੱਲ ਕੀਤੀ।

‘‘ਹਾਂ, ਮੈਂ ਵੀ ਇਹੀ ਸੋਚਦੀ ਸੀ। ਹੁਣ ਜੁਆਕਾਂ ਵਾਲੀਆਂ ਲੜਾਈਆਂ ਬੰਦ ਕਰੀਏ।’’ ਰੈਂਪੀ ਨੇ ਵੀ ਹਾਮੀ ਭਰੀ।

ਅਸੀਂ ਫਿਰ ਕਦੇ ਨਹੀਂ ਲੜੇ। ਸਕੂਲ ਵਿੱਚ ਤਾਂ ਕੁੜੀਆਂ ਮੁੰਡੇ ਇੱਕ ਦੂਜੇ ਨਾਲ ਕਦੇ ਬਹੁਤੀ ਗੱਲ ਨਹੀਂ ਕਰਦੇ ਸਨ। ਅਸੀਂ ਦੋਵੇਂ ਇੱਕੋ ਕਾਲਜ ਵਿੱਚ ਪੜ੍ਹਨ ਲੱਗੇ। ਮੇਰੀ ਸਾਂਝ ਕੁਝ ਅਗਾਂਹ ਵਧੂ ਸੋਚ ਦੇ ਮੁੰਡਿਆਂ ਨਾਲ ਪੈ ਗਈ। ਉਨ੍ਹਾਂ ਨਾਲ ਰੈਲੀਆਂ ਵਿੱਚ ਸ਼ਾਮਲ ਹੋਣਾ ਤੇ ਕੋਈ ਭਾਸ਼ਨ ਵੀ ਦੇ ਦੇਣਾ। ਇੱਕ ਦਿਨ ਮੈਂ ਰੈਲੀ ਵਿੱਚ ਰਾਜਨੀਤੀ, ਸਿਸਟਮ ਅਤੇ ਧਰਮ ਦੇ ਨਾਂ ’ਤੇ ਹੁੰਦੀ ਲੁੱਟ ਬਾਰੇ ਕਾਫ਼ੀ ਬੋਲਿਆ। ਰੈਲੀ ਤੋਂ ਮਗਰੋਂ ਰੈਂਪੀ ਮੈਨੂੰ ’ਕੱਲੇ ਨੂੰ ਦੇਖ ਕੋਲ ਆਈ ਤੇ ਕਹਿਣ ਲੱਗੀ।

‘‘ਮੰਦਰ ਤੂੰ ਭਾਸ਼ਨ ਤਾਂ ਬਹੁਤ ਵਧੀਆ ਕਰ ਲੈਂਨੇ। ਪਰ ਅਸਲ ਸੱਚ ਕਹਿਣ ਤੇ ਕਬੂਲ ਕਰਨ ਤੋਂ ਤੁਸੀਂ ਅਜੇ ਵੀ ਡਰਦੇ ਹੋ।’’ ਰੈਂਪੀ ਨੇ ਬਹੁਤ ਵੱਡਾ ਇਲਜ਼ਾਮ ਮੇਰੇ ਸਿਰ ਲਾ ਦਿੱਤਾ।

‘‘ਕਿਵੇਂ?’’ ਮੈਂ ਬੌਂਦਲ ਗਿਆ।

‘‘ਸਾਡਾ ਦੁਸ਼ਮਣ ਕੋਈ ਨਹੀਂ। ਅਸੀਂ ਖੁਦ ਹੀ ਆਪਣੇ ਦੁਸ਼ਮਣ ਹਾਂ। ਅਸੀਂ ਕਦੇ ਵੀ ਖਿਆਲ ਨਹੀਂ ਰੱਖਿਆ ਕਿ ਸਾਡੇ ਅਮਦਨੀ ਦੇ ਸਾਧਨਾਂ ਦੇ ਅਨਕੂਲ ਹੀ ਅਸੀਂ ਬੱਚੇ ਪੈਦਾ ਕਰੀਏ। ਉਦਾਹਰਣ ਦੇ ਤੌਰ ’ਤੇ ਸਾਡੇ ਘਰ ਨੂੰ ਦੇਖ ਲੈ। ਪਾਪਾ ਦੇ ਛੋਟੇ ਤਾਏ ਦੇ ਇੱਕ ਮੁੰਡਾ ਸੀ। ਉਹ ਅੱਜ ਵੀ ਸੌ ਕਿੱਲੇ ਦਾ ਮਾਲਕ ਹੈ। ਸਾਡੇ ਪੰਜ ਡੈਡੀ ਹੋਰੀ ਤੇ ਅੱਗੇ ਮੇਰੇ ਚਾਰ ਭਰਾ ਤੇ ਜਿਨ੍ਹਾਂ ਨੂੰ ਵੰਡੇ ਪੰਜ ਪੰਜ ਕਿੱਲੇ ਆਉਂਦੇ। ਕਿਵੇਂ ਕਰਨਗੇ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ। ਇਸ ਵਿੱਚ ਸਰਕਾਰ ਤੇ ਸਿਸਟਮ ਦਾ ਕੀ ਕਸੂਰ ਹੈ। ਤੁਸੀਂ ਆਪਣੇ ਆਪ ਨੂੰ ਅਗਾਂਹ ਵਧੂ ਕਹਿੰਦੇ ਹੋ, ਪਰ ਕਦੇ ਇਸ ਮੁੱਦੇ ’ਤੇ ਚੀਨ ਵਾਂਗ ਕਾਨੂੰਨ ਬਣਾਉਣ ਲਈ ਕਿਹਾ? ਤੁਸੀਂ ਰਾਜਨੀਤੀ ਤੇ ਸਿਸਟਮ ਨੂੰ ਬਦਲਣ ਦਾ ਰੌਲਾ ਤਾਂ ਪਾ ਰਹੇ ਹੋ। ਸਮਾਜ ਨੂੰ ਬਦਲਣ ਦੀ ਗੱਲ ਨਹੀਂ ਕਰਦੇ। ਸਮਾਜ ਬਦਲੇਗਾ ਤਾਂ ਰਾਜਨੀਤੀ ਆਪਣੇ ਆਪ ਬਦਲ ਜਾਵੇਗੀ। ਰਾਜਨੀਤੀ ਨੂੰ ਬਦਲਣ ਲਈ ਪਹਿਲਾਂ ਸਮਾਜ ਨੂੰ ਬਦਲਣ ਦੀ ਲੋੜ ਹੈ। ਉਹੋ ਜਿਹਾ ਸਮਾਜ ਜਿੱਥੇ ਘਰ ਅੰਦਰ ਬਰਾਬਰੀ ਹੋਵੇ। ਪਿੰਡ ਪੱਧਰ ’ਤੇ ਜਿਉਣ ਦੀ ਖੁੱਲ੍ਹ ਹੋਵੇ। ਘਰ ਦੀ ਸਮੱਸਿਆ ਜਿਸ ਨੂੰ ਬਚਪਨ ਤੋਂ ਬੱਚਾ ਸਮਝਦਾ। ਉਹੀ ਪਿੰਡ ਦੇ ਹਰ ਘਰ ਦੀ ਸਮੱਸਿਆ ਹੁੰਦੀ ਹੈ। ਅਸੀਂ ਇੱਕੋ ਪਿੰਡ ਜੰਮੇ ਪਲੇ ਤੇ ਪੜ੍ਹੇ ਹਾਂ। ਆਪਣੇ ਪਿੰਡ ਨੂੰ ਜਾਣਦੇ ਤੇ ਸਮਝਦੇ ਹਾਂ। ਪਰ ਸਾਨੂੰ ਅਗਾਂਹ ਇਕੱਠਿਆਂ ਨਹੀਂ ਰਹਿਣ ਦਿੱਤਾ ਜਾਵੇਗਾ। ਫਿਰ ਅਸੀਂ ਕਿਵੇਂ ਉਨ੍ਹਾਂ ਸਮੱਸਿਆਵਾਂ ਲਈ ਲੜ ਤੇ ਬੋਲ ਸਕਾਂਗੇ। ਜਿਨ੍ਹਾਂ ਨੂੰ ਅਸੀਂ ਬਚਪਨ ਤੋਂ ਸਹਿੰਦੇ ਆਏ ਹਾਂ। ਪਰ ਤੁਸੀਂ ਕਦੇ ਇਸ ਸਮਾਜਿਕ ਵਰਤਾਰੇ ਖਿਲਾਫ਼ ਨਹੀਂ ਬੋਲ ਸਕਦੇ। ਤੁਸੀਂ ਆਪਣੇ ਪੁਰਖਾਂ ਵਾਲੀ ਸੋਚ, ‘ਕੁੜੀਆਂ ਦੇਵੀਆਂ…ਪਿੰਡ ਦੀ ਧੀ ਭੈਣ ਸਾਂਝੀ ਹੁੰਦੀ।’ ਜਦੋਂ ਕੇ ਆਪਾਂ ਵਸਦੇ ਇੱਕ ਪਿੰਡ ਵਿੱਚ ਹਾਂ, ਪਰ ਤੁਹਾਡਾ ਪਿੱਛਾ ਪਾਕਿਸਤਾਨ ਦੇ ਪਿੰਡ ਦਾ ਹੈ।’’ ਰੈਂਪੀ ਨੇ ਮੇਰਾ ਦਿਮਾਗ਼ ਹੀ ਸੁੰਨ ਕਰ ਦਿੱਤਾ ਸੀ।

‘‘ਰੈਂਪੀ ਤੇਰੀਆਂ ਗੱਲਾਂ ਸਹੀ ਆ। ਪਰ ਇਹ ਸਮਾਜ ਐਨਾ ਵਿਕਸਤ ਨਹੀਂ, ਜੋ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਮਾਨਤਾ ਦੇਵੇ।’’ ਮੇਰੇ ਕੋਲ ਕੋਈ ਹੋਰ ਦਲੀਲ ਨਹੀਂ ਸੀ।

‘‘ਸਮਾਜ ਆਪਣੇ ਆਪ ਵਿਕਸਤ ਨਹੀਂ ਹੁੰਦਾ। ਕਦੇ ਕਿਸੇ ਨਵੀਂ ਰੀਤ ਨੂੰ ਮਾਨਤਾ ਨਹੀਂ ਦਿੰਦਾ ਹੁੰਦਾ। ਤੁਹਾਨੂੰ ਬਾਗੀ ਹੋਣਾ ਪੈਂਦਾ। ਉਦੋਂ ਤੱਕ ਬਾਗੀ ਹੋਰ ਬਾਗੀਆਂ ਨੂੰ ਤਿਆਰ ਕਰਦੇ ਰਹਿੰਦੇ ਤੇ ਬਾਗੀ ਹੁੰਦੇ ਰਹਿੰਦੇ ਹਨ। ਜਦੋਂ ਤੱਕ ਸਮੁੱਚਾ ਸਮਾਜ ਉਸ ਪਰੰਪਰਾ ਨੂੰ ਸਵੀਕਾਰ ਨਹੀਂ ਕਰ ਲੈਂਦਾ। ਜੇ ਕੋਈ ਨਵੀਂ ਪਰੰਪਰਾ ਤੋਰਨ ਦੀ ਖੁਆਹਿਸ਼ ਹੈ ਤਾਂ ਅੱਜ ਆ ਵਾਅਦਾ ਕਰੀਏ। ਅਸੀਂ ਵਿਆਹ ਕਰਾ ਕੇ ਪਿੰਡ ਵਿੱਚ ਰਹਾਂਗੇ ਤੇ ਆਪਣਾ ਬੱਚਾ ਪੈਦਾ ਨਾ ਕਰਕੇ ਲੋਕਾਂ ਦੇ ਬੱਚੇ ਪਾਲਣ ਪੜ੍ਹਾਉਣ ਤੇ ਲੋਕਾਂ ਨੂੰ ਆਬਾਦੀ ਘਟਾਉਣ ਲਈ ਆਪ ਨਵੀਂ ਉਦਾਹਰਨ ਕਾਇਮ ਕਰਾਂਗੇ।’’ ਰੈਂਪੀ ਨੇ ਜੋ ਕੁਝ ਕਿਹਾ ਉਹਨੇ ਮੈਨੂੰ ਬਹੁਤ ਵੱਡੇ ਧਰਮ ਸੰਕਟ ਵਿੱਚ ਪਾ ਦਿੱਤਾ।

‘‘ਰੈਪੀ ਮੈਂ ਤੇਰੇ ਬਾਰੇ ਕਦੇ ਇਸ ਤਰ੍ਹਾਂ ਮਹਿਸੂਸ ਨਹੀਂ ਕੀਤਾ, ਜਿਵੇਂ ਤੂੰ ਸੋਚਦੀ ਏ। ਵਿਆਹ ਕਰਾਉਣ ਲਈ ਜਿੱਥੇ ਸਮਾਜਿਕ ਪ੍ਰਸਥਿਤੀਆਂ ਆਪਣੇ ਵਿਰੋਧ ਵਿੱਚ ਖੜ੍ਹੀਆਂ, ਉੱਥੇ ਮੈਂ ਇਸ ਲਈ ਦਿਮਾਗ਼ੀ ਤੌਰ ’ਤੇ ਬਿਲਕੁਲ ਹੀ ਤਿਆਰ ਨਹੀਂ।’’ ਮੈਨੂੰ ਉਹਦੇ ਤੋਂ ਇਹ ਉਮੀਦ ਨਹੀਂ ਸੀ।

‘‘ਜਿਸ ਸਮਾਜ ਤੇ ਪ੍ਰਸਥਿਤੀਆਂ ਦੀ ਗੱਲ ਕਰਦਾ। ਉਸ ਦੇ ਅੱਸੀ ਪ੍ਰਤੀਸ਼ਤ ਲੋਕ ਪਸ਼ੂਆਂ ਵਾਂਗ ਇੱਕ ਦੂਜੇ ਨਾਲ ਅਰੇਂਜ ਮੈਰਿਜ ਕਰ ਕੇ ਨੂੜ ਦਿੱਤੇ ਜਾਂਦੇ। ਉਹ ਕਿਸੇ ਦੀਆਂ ਭਾਵਨਾਵਾਂ ਨੂੰ ਕੀ ਸਮਝਣਗੇ। ਉਹ ਕਦੇ ਵੀ ਤੁਹਾਡੀ ਇਸ ਸੋਧਵਾਦੀ ਸੋਚ ਦੇ ਹਾਮੀ ਨਹੀਂ ਬਣਨਗੇ। ਜਦੋਂ ਤੱਕ ਤੁਸੀਂ ਖ਼ੁਦ ਉਨ੍ਹਾਂ ਲਈ ਉਦਾਹਰਨ ਨਹੀਂ ਬਣਦੇ। ਇਹ ਨਾਅਰੇ ਹਨ ਤੇ ਨਾਅਰੇ ਹੀ ਰਹਿਣਗੇ। ਮੈਂ ਕੋਈ ਝੂਠ ਨਹੀਂ ਕਹਿੰਦੀ ਤੁਸੀਂ ਸੱਚ ਕਹਿਣ ਤੇ ਕਬੂਲਣ ਤੋਂ ਡਰਦੇ ਹੋ।’’

ਰੈਂਪੀ ਠੋਕ ਠੋਕ ਅਜਿਹੀਆਂ ਗੱਲਾਂ ਕਰ ਗਈ, ਜਿਨ੍ਹਾਂ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਨਿਰਉੱਤਰ ਉਹਨੂੰ ਜਾਂਦੀ ਨੂੰ ਦੇਖਦਾ ਰਿਹਾ। ਉਹਦੀਆਂ ਗੱਲਾਂ ਮੇਰੇ ਦਿਮਾਗ਼ ’ਚ ਘੁੰਮਣ ਲੱਗੀਆਂ। ਮੈਨੂੰ ਰੈਪੀ ਦੇ ਪੁਰਖਿਆਂ ਦੀ ਸਰਦਾਰੀ ਜਿਸ ਤਰ੍ਹਾਂ ਖੁਰੀ ਉਸ ਦੀ ਸਮਝ ਪਈ। ਉਹਦੇ ਦਰਦ ਨੂੰ ਮਹਿਸੂਸ ਕੀਤਾ। ਜਿਸ ਦਰਦ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਸੀ। ਮੈਂ ਉਹਦੇ ਦਰਦ ਵਿੱਚ ਸ਼ਰੀਕ ਤਾਂ ਹੋਣਾ ਚਾਹੁੰਦਾ ਸਾਂ। ਪਰ ਜਿਸ ਤਰ੍ਹਾਂ ਉਹ ਚਾਹੁੰਦੀ ਸੀ। ਮੇਰਾ ਮਨ ਕਦੇ ਵੀ ਤਿਆਰ ਨਹੀਂ ਹੋ ਸਕਦਾ। ਮੈਂ ਕਈ ਦਿਨ ਇਸ ਬਾਰੇ ਸੋਚਦਾ ਰਿਹਾ। ਮੇਰੇ ਅੰਦਰ ਉਹਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ। ਕਈ ਦਿਨਾਂ ਮਗਰੋਂ ਮੈਨੂੰ ਲੁਕਾ ਛਿਪੀ ਕਰਦੇ ਨੂੰ ਉਹਨੇ ਫਿਰ ਧੌਣੋਂ ਆ ਫੜਿਆ।

‘‘ਮੈਂ ਤਾਂ ਤੈਨੂੰ ਛੇੜਦੀ ਸੀ। ਤੂੰ ਤਾਂ ਬਹੁਤ ਹੀ ਗੰਭੀਰ ਲੈ ਗਿਆ। ਮੈਂ ਤੈਨੂੰ ਅਹਿਸਾਸ ਕਰਾਉਣਾ ਚਾਹੁੰਦੀ ਸੀ। ਇਕੱਲੇ ਭਾਸ਼ਨ ਦੇਣ ਨਾਲ ਕੁਝ ਨਹੀਂ ਬਣਦਾ। ਲੋਕਾਂ ਨੂੰ ਕੁਝ ਕਰ ਕੇ ਦਿਖਾਉਣਾ ਪੈਂਦਾ।’’ ਉਹ ਉਸੇ ਤਰ੍ਹਾਂ ਸਹਿਜ ਹੋ ਗਈ ਸੀ। ਜਿਵੇਂ ਡੈਸਕ ਵਾਲੀ ਲੜਾਈ ਮਗਰੋਂ ਸਭ ਭੁੱਲ ਗਈ ਸੀ।

‘‘ਮੈਂ ਤਾਂ ਬਹੁਤ ਹੀ ਸੀਰੀਅਸ ਹੋ ਗਿਆ ਸੀ। ਦਿਲ ਕਰਦਾ ਸੀ ਤੇਰਾ ਚੈਲਿੰਜ ਕਬੂਲ ਕਰ ਲਵਾਂ।’’ ਮੈਂ ਮਜ਼ਾਕ ਨਾਲ ਕਹਿ ਦਿੱਤਾ।

‘‘ਲੈ ਮੈਂ ਜੱਦੀ ਸਰਦਾਰਾਂ ਦੀ ਧੀ। ਤੇਰੇ ਵਰਗੇ ਨਾਲ …! ਕਦੇ ਵੀ ਨਹੀਂ।’’ ਉਹ ਆਪਣੇ ਆਪ ’ਤੇ ਵਿਅੰਗ ਕਰਕੇ ਮੁਸਕਾਈ।

ਮੈਨੂੰ ਅੱਜ ਉਸ ਦਾ ਆਪਣੇ ਆਪ ਨੂੰ ਇਸ ਤਰ੍ਹਾਂ ਛੋਟਾ ਦਿਖਾਉਣਾ ਵੀ ਚੰਗਾ ਨਾ ਲੱਗਾ। ਇਸ ਤਰ੍ਹਾਂ ਲੱਗਾ ਜਿਵੇਂ ਉਹ ਮੈਨੂੰ ਕਹਿ ਰਹੀ ਹੋਵੇ, ‘‘ਮੈਂ ਤੇਰੇ ਲਈ ਆਪਣੇ ਆਪ ਨੂੰ ਛੋਟਾ ਕਰ ਲਿਆ। ਹੁਣ ਤਾਂ ਮੈਨੂੰ ਕਬੂਲ ਕਰ ਲੈ।’’ ਮੇਰੀਆਂ ਵੱਡੀਆਂ ਵੱਡੀਆਂ ਗੱਲਾਂ ਉਹਦੇ ਸਾਹਮਣੇ ਖ਼ਤਮ ਹੋ ਜਾਂਦੀਆਂ।

ਇੱਕ ਦਿਨ ਉਹਨੇ ਚੁੱਪ ਚਪੀਤੇ ਡਿਗਰੀ ਵਿੱਚੇ ਛੱਡ ਕੇ ਝੱਟ ਮੰਗਣੀ ਫੱਟ ਵਿਆਹ ਕਰ ਲਿਆ। ਮੈਂ ਹੈਰਾਨ ਸੀ। ਬਹੁਤ ਸਾਰੇ ਸੁਆਲ ਮੇਰੇ ਦਿਮਾਗ਼ ਵਿੱਚ ਗੂੰਜ ਰਹੇ ਸਨ। ਪਿੰਡ ਦੇ ਲੋਕ ਗੱਲਾਂ ਕਰਦੇ ਸੀ। ਮੁੰਡਾ ਉਮਰੋਂ ਵੀ ਕਾਫ਼ੀ ਵੱਡਾ ਤੇ ਦਹਾਜੂ ਹੈ। ਵਿਆਹ ਤੋਂ ਮਗਰੋਂ ਇੰਗਲੈਂਡ ਆਉਣ ਤੱਕ ਉਹ ਆਪਣੇ ਸਹੁਰੇ ਪਿੰਡ ਹੀ ਰਹੀ। ਮੈਂ ਬਾਹਰ ਆ ਗਿਆ। ਜਦੋਂ ਪਿੰਡ ਜਾਂਦਾ ਉਹ ਸੁਆਲ ਤੀਰ ਵਾਂਗ ਮੇਰੇ ਦਿਮਾਗ਼ ਵਿੱਚ ਵੱਜਦੇ। ਅੱਜ ਉਹਨੂੰ ਸਾਹਮਣੇ ਦੇਖ ਕੇ ਮੈਂ ਆਪਣੇ ਆਪ ਨੂੰ ਕਿਵੇਂ ਰੋਕ ਸਕਦਾ ਸੀ। ਪਰ ਉਹ ਮੈਨੂੰ ਇਸ ਤਰ੍ਹਾਂ ਧੂ ਕੇ ਲੈ ਜਾਊ। ਇਹਦੀ ਮੈਨੂੰ ਉਮੀਦ ਨਹੀਂ ਸੀ। ਮੈਂ ਉਹਦੀ ਕਾਰ ਵਿੱਚ ਬੈਠ। ਪਹਿਲਾਂ ਆਪਣੇ ਨਾਲ ਦਿਆਂ ਨੂੰ ਫੋਨ ਕੀਤਾ। ਉਹਨੇ ਘਰ ਤੱਕ ਆਉਂਦਿਆਂ ਮੇਰੇ ਤੇ ਮੇਰੇ ਪਰਿਵਾਰ ਬਾਰੇ ਪੁੱਛਿਆ। ਬਾਹਰ ਆਉਣ ਦਾ ਕਾਰਨ ਪੁੱਛਿਆ। ਜਦੋਂ ਮੈਂ ਦੱਸਿਆ ਕਿ ਮੈਂ ਖਾੜਕੂਵਾਦ ਦੌਰਾਨ ਡਰਦਾ ਹੀ ਬਾਹਰ ਆਇਆ ਸੀ। ਉਹ ਖਿੜ ਖਿੜਾ ਕੇ ਹੱਸੀ।

‘‘ਉਹ ਤਾਂ ਮੈਨੂੰ ਪਤਾ ਤੇਰਾ ਡਰਪੋਕ ਦਾ। ਗੱਲਾਂ ਨਾਲ ਇਨਕਲਾਬ ਲਿਆਉਣ ਵਾਲਾ ਏ। ਤੂੰ ਤਾਂ ਮੇਰਾ ਪ੍ਰਸਤਾਵ ਵੀ ਨਹੀਂ ਮਨ ਸਕਿਆ ਸੀ।’’ ਉਹਨੂੰ ਅੱਜ ਵੀ ਜਿਵੇਂ ਉਮਰ ਤੇ ਸਮਾਜ ਦੀ ਕੋਈ ਪਰਵਾਹ ਨਹੀਂ ਸੀ।

‘‘ਉਹ ਜੁਆਨੀ ਦੀਆਂ ਗੱਲਾਂ…। ਹੁਣ ਸਿਆਣੇ ਹੋ ਗਏ।’’ ਮੈਂ ਸਿਆਣਪ ਘੋਟੀ ਤਾਂ ਉਹ ਕੁੱਦ ਕੇ ਪੈ ਗਈ।

‘‘ਸਿਆਣੇ ਨੂੰ ਬੁੜੇ ਹੋਗੇ। ਮੈਂ ਤਾਂ ਹੀ ਸਾਰਿਆਂ ਨੂੰ ਉੱਥੇ ਹੀ ਛੱਡ ਆਈ। ਮਖ ਐਵੇਂ ਕਬਾਬ ’ਚੋਂ ਹੱਡੀ ਬਣਨਗੇ।’’ ਉਹਦੀ ਇਸ ਗੱਲ ਨੇ ਮੈਨੂੰ ਹੋਰ ਹੈਰਾਨ ਕਰ ਦਿੱਤਾ।

‘‘ਹੋਰ ਕੌਣ ਸੀ ਤੇਰੇ ਨਾਲ?’’ ਮੈਂ ਪੁੱਛਿਆ।

‘‘ਮੇਰੀ ਕੁੜੀ ਤੇ ਦੋਹਤੀ।’’ ਉਨ੍ਹੇ ਐਨਾ ਕਹਿ ਗੱਡੀ ਘਰ ਦੀ ਡਰਾਈਵ ’ਤੇ ਚੜ੍ਹਾ ਦਿੱਤੀ। ਮੈਨੂੰ ਰੈਂਪੀ ਦੇ ਇਰਾਦੇ ਚੰਗੇ ਨਾ ਲੱਗੇ। ਇਸ ਤੋਂ ਪਹਿਲਾਂ ਕਿ ਮੈਂ ਕੋਈ ਹੋਰ ਸੁਆਲ ਕਰਦਾ। ਉਹ ਗੱਡੀ ’ਚੋਂ ਉਤਰ ਘਰ ਦਾ ਬੂਹਾ ਖੋਲ੍ਹ ਅੰਦਰ ਵੜਦੀ ਮੈਨੂੰ ਹੌਲੀ ਹੌਲੀ ਤੁਰਦੇ ਨੂੰ ਦੇਖ ਕੇ ਹੱਸ ਕੇ ਬੋਲੀ।

‘‘ਆ-ਜਾ ਆ-ਜਾ ਅੱਜ ਤਾਂ …।’’ ਮੈਨੂੰ ਅੰਦਰ ਵਾੜ ਉਹਨੇ ਬੂਹਾ ਬੰਦ ਕਰ ਲਿਆ। ਮੈਂ ਉਹਦੇ ਮਗਰ ਬੈਠਣ ਵਾਲੇ ਕਮਰੇ ਵਿੱਚ ਆਇਆ ਤਾਂ ਸਾਹਮਣੀ ਕੰਧ ’ਤੇ ਵੱਡੀ ਸਾਰੀ ਆਪਣੀ ਦਸਵੀਂ ਜਮਾਤ ਵਿੱਚ ਖਿੱਚੀ ਫੋਟੋ ਲੱਗੀ ਦੇਖੀ।

‘‘ਤੂੰ ਐਨੇ ਚਿਰ ਦੀ ਸੰਭਾਲੀ ਬੈਠੀ ਆਂ।’’ ਮੇਰਾ ਹੈਰਾਨੀ ਨਾਲ ਮੂੰਹ ਖੁੱਲ੍ਹਾ ਰਹਿ ਗਿਆ।

‘‘ਇਹੀ ’ਕੱਲੀ ਨਹੀਂ ਬਹੁਤ ਕੁਝ ਸੰਭਾਲੀ ਬੈਠੀ ਹਾਂ।’’ ਉਹਨੇ ਇੱਕ ਅਲਮਾਰੀ ਖੋਲ੍ਹੀ ਤੇ ਕਾਲਜ ਦੇ ਮੈਗਜ਼ੀਨ ਕੱਢ ਕੇ ਮੂਹਰੇ ਰੱਖ ਦਿੱਤੇ। ਜਿਨ੍ਹਾਂ ਵਿੱਚ ਮੇਰੀਆਂ ਭਾਸ਼ਨ ਮੁਕਾਬਲੇ ਦੀਆਂ ਵੱਡੀਆਂ ਤਸਵੀਰਾਂ ਛਪੀਆਂ ਹੋਈਆਂ ਸਨ। ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਕੀ ਕਹਾਂ।

‘‘ਚੰਦਰਿਆ! ਨੌਵੀਂ ਜਮਾਤ ਵਿੱਚ ਤੂੰ ਮੇਰਾ ਡੈਸਕ ਨਹੀਂ ਚੁੱਕਿਆ ਸੀ। ਮੈਨੂੰ ਲੁੱਟਿਆ ਸੀ। ਤੇਰੇ ਉਹ ਸ਼ਬਦ, ‘ਤੂੰ ਸਰਦਾਰਾਂ ਦੀ ਧੀ ਨਹੀਂ, ਅਮਲੀਆਂ ਦੀ ਧੀ ਕਿਹਾ ਕਰ।’ ਇਸ ਨੇ ਮੈਨੂੰ ਸੋਚਣ ਲਾ ਦਿੱਤਾ ਕਿ ਮੇਰੇ ਅੰਦਰ ਇਹ ਗਰੂਰ ਹੰਕਾਰ ਕੀਹਨੇ ਤੇ ਕਿਉਂ ਭਰਿਆ? ਜਿਵੇਂ ਜਿਵੇਂ ਇਸ ਗੱਲ ਦੀ ਸਮਝ ਆਈ। ਮੈਨੂੰ ਉਨ੍ਹਾਂ ਸਮਾਜਿਕ ਕਦਰਾਂ ਕੀਮਤਾਂ ਤੋਂ ਨਫ਼ਰਤ ਹੁੰਦੀ ਗਈ ਤੇ ਤੇਰੇ ਨਾਲ ਪਿਆਰ ਹੁੰਦਾ ਗਿਆ। ਇੱਕ ਵਾਰ ਖਿਆਲ ਆਇਆ। ਇਸੇ ਬੰਦੇ ਨਾਲ ਰਲਾ ਕੇ ਪੂਰੇ ਸਮਾਜ ਨੂੰ ਚੈਲੰਜ ਕਰਾਂ। ਪਰ ਤੂੰ ਮੇਰੀ ਬਾਂਹ ਫੜਨ ਨੂੰ ਤਿਆਰ ਨਾ ਹੋਇਆ। ਮੈਂ ਜਾਣਦੀ ਸੀ ਇਹ ਸੌਖਾ ਨਹੀਂ। ਫਿਰ ਇੱਕ ਦਿਨ ਮੇਰੀ ਭੂਆ ਆਈ ਤੇ ਕਹਿਣ ਲੱਗੀ। ਇੰਗਲੈਂਡ ਤੋਂ ਕੋਈ ਬੰਦਾ ਆਇਆ। ਉਹਦੀ ਘਰਵਾਲੀ ਦੀ ਮੌਤ ਹੋ ਗਈ। ਉਹਦੀ ਕੁੜੀ ਸੋਲਾਂ ਸਾਲ ਦੀ ਤੇ ਮੁੰਡਾ ਬਾਰਾਂ ਸਾਲਾਂ ਦਾ ਹੈ। ਉਹ ਕਹਿੰਦਾ, ‘ਕੁਝ ਲੈਣਾ ਦੇਣਾ ਨਹੀਂ। ਬਸ ਇੱਕ ਸ਼ਰਤ ਹੈ ਮੈਂ ਹੋਰ ਬੱਚਾ ਨਹੀਂ ਚਾਹੁੰਦਾ।

ਕੋਈ ਔਰਤ ਮੇਰੇ ਬੱਚੇ ਸਾਂਭਣ ਵਾਲੀ ਹੋਵੇ।’ ਮੇਰੇ |ਜਿਵੇਂ ਦਿਲ ਦੀ ਹੋ ਗਈ। ਮੈਂ ਭੂਆ ਨੂੰ ਹਾਂ ਕਰ ਦਿੱਤੀ। ਇੱਥੇ ਆਈ ਤਾਂ ਪਤਾ ਲੱਗਾ। ਬੰਦਾ ਸਿਰੇ ਦਾ ਸ਼ਰਾਬੀ ਸੀ। ਉਹਨੂੰ ਕਮਾ ਕੇ ਬੱਚਿਆਂ ਨੂੰ ਖੁਆਉਣ ਵਾਲੀ ਚਾਹੀਦੀ ਸੀ। ਮੈਂ ਉਹਦੇ ਨਾਲ ਕੀਤਾ ਵਾਅਦਾ ਨਿਭਾਉਣ ਲਈ ਲੱਕ ਬੰਨ੍ਹ ਲਿਆ। ਕੁੜੀ ਵੀਹਾਂ ਦੀ ਹੋਈ। ਗੋਰਾ ਬੌਇ ਫਰੈਂਡ ਬਣਾ ਲਿਆ। ਉਹਦੇ ਨਾਲ ਰਹਿਣ ਲੱਗੀ ਤਾਂ ਮੇਰਾ ਘਰਵਾਲਾ ਜ਼ਿਆਦਾ ਅਲਕੋਹਲਿਕ ਹੋ ਗਿਆ। ਤੇਰੇ ਵਾਂਗ ਸਮਾਜ ਤੋਂ ਬਹੁਤ ਡਰਦਾ ਸੀ। ਬਹੁਤ ਸਮਝਾਉਂਦੀ ਰਹੀ। ਇਹ ਨਸਲਾਂ ਜਾਤਾਂ ਵਿਆਹ ਕੁਝ ਨਹੀਂ ਹੁੰਦੇ। ਪਰ ਉਹਦੇ ਦਿਮਾਗ਼ ਵਿੱਚ ਇਹ ਗੱਲ ਨਾ ਪਈ। ਉਹ ਅਜੇ ਇਸ ਸਦਮੇ ’ਚੋਂ ਬਾਹਰ ਨਹੀਂ ਆ ਸਕਿਆ ਸੀ ਕਿ ਕੁੜੀ ਦੀ ਆਪਣੇ ਬੌਇ ਫਰੈਂਡ ਨਾਲ ਅਣਬਣ ਹੋ ਗਈ। ਪੇਟ ਵਿੱਚ ਚਾਰ ਮਹੀਨੇ ਦਾ ਬੱਚਾ ਲੈ ਕੇ ਘਰ ਆ ਗਈ। ਬਸ ਫਿਰ ਤਾਂ ਉਹ ਘਰੋਂ ਕੰਮ ’ਤੇ ਜਾਂਦਾ ਤੇ ਕੰਮ ਤੋਂ ਡੱਕਿਆ ਹੀ ਆਉਂਦਾ। ਕੁੜੀ ਵੀ ਉਹਦੇ ਦੁੱਖੋਂ ਅਲੱਗ ਰਹਿਣ ਲੱਗੀ। ਸ਼ਰਾਬ ਨੇ ਦੋ ਕੁ ਸਾਲਾਂ ਵਿੱਚ ਹੀ ਖਾ ਲਿਆ। ਮੁੰਡਾ ਘਰ ਛੱਡ ਕੇ ਚਲਾ ਗਿਆ। ਪਰ ਕੁੜੀ ਮੁੰਡਾ ਮੇਰੇ ਨਾਲ ਮਾਂ ਵਾਂਗ ਵਰਤਦੇ। ਮੇਰੀ ਦੋਹਤੀ ਮੇਰੇ ਵਰਗੀ ਹੈ। ਉਹਨੇ ਵੀ ਬੱਚਾ ਨਾ ਪੈਦਾ ਕਰਨ ਦਾ ਫੈਸਲਾ ਕੀਤਾ।’’

ਜਿਵੇਂ ਜਿਵੇਂ ਉਹ ਕਹਾਣੀ ਸੁਣਾ ਰਹੀ ਸੀ। ਮੈਨੂੰ ਉਹਦੇ ਅੰਦਰਲੀ ਉਹ ਸਰਦਾਰਾਂ ਦੀ ਕੁੜੀ ਸਾਫ਼ ਨਜ਼ਰ ਆ ਰਹੀ ਸੀ। ਜਿਹੜੀ ਸਾਰਿਆਂ ਨੂੰ ਆਪਣੀ ਸਰਦਾਰੀ ਦੀ ਧੌਂਸ ਦਿੰਦੀ ਰਹਿੰਦੀ ਸੀ। ਅੱਜ ਉਹ ਮੈਨੂੰ ਵਿਚਾਰਾਂ ਦੀ ਧੌਂਸ ਦੇ ਰਹੀ ਸੀ ਤੇ ਮੈਥੋਂ ਹਿਸਾਬ ਮੰਗ ਰਹੀ ਸੀ। ਉਦੋਂ ਮੈਨੂੰ ਚੰਗੀ ਨਹੀਂ ਲੱਗਦੀ ਸੀ। ਅੱਜ ਬਹੁਤ ਪਿਆਰੀ ਲੱਗੀ। ਮੈਨੂੰ ਪਤਾ ਹੀ ਨਾ ਲੱਗਾ ਕਦੋਂ ਮੈਂ ਉਹਦਾ ਹੱਥ ਫੜ ਲਿਆ। ਉਹਨੇ ਕੋਈ ਵਿਰੋਧ ਨਾ ਕੀਤਾ। ਆਪਣੀ ਕਹਾਣੀ ਸੁਣਾਉਂਦੀ ਰਹੀ।

‘‘ਕਈ ਵਾਰ ਪਿੰਡ ਗਈ ਤੇਰੇ ਬਾਰੇ ਪਤਾ ਕੀਤਾ। ਤੂੰ ਤਾਂ ਨਹੀਂ ਮਿਲਿਆ, ਪਰ ਤੇਰੇ ਕੰਮਾਂ ਦਾ ਪਤਾ ਲੱਗਦਾ ਰਹਿੰਦਾ। ਤੁਸੀਂ ਸਕੂਲ ਬਹੁਤ ਸੋਹਣਾ ਬਣਾ ਦਿੱਤਾ। ਪਿਛਲੀ ਵਾਰ ਦੇਖ ਕੇ ਆਈ। ਉਨ੍ਹਾਂ ਕਮਰਿਆਂ ਨੂੰ ਮੱਥਾ ਟੇਕ ਆਈ। ਜਿਨ੍ਹਾਂ ਨੇ ਸਾਡੀਆਂ ਅੱਖਾਂ ਖੋਲ੍ਹੀਆਂ। ਪਰ ਉਨ੍ਹਾਂ ਆਪਣੇ ਵਰਗੇ ਬੱਚਿਆਂ ਨੂੰ ਵੇਖ ਮਨ ਬਹੁਤ ਦੁਖੀ ਹੋਇਆ। ਜਿਨ੍ਹਾਂ ਵਿੱਚ ਪਤਾ ਨਹੀਂ ਕਿੰਨੀਆਂ ਰੈਂਪੀਆਂ ਆਪਣੇ ਮੰਦਰ ਨੂੰ ਪਾਉਣ ਲਈ, ਵਿਚਾਰਾਂ ਦੇ ਹਾਣੀ ਨਾਲ ਜਿਉਣ ਨੂੰ ਤਰਸਦੀਆਂ ਰਹਿ ਜਾਣਗੀਆਂ। ਹੁਣ ਜਦੋਂ ਧੜਾ ਧੜ ਉੱਥੋਂ ਮੁੰਡੇ ਕੁੜੀਆਂ ਨੂੰ ਬਾਹਰ ਜਾਂਦੇ ਦੇਖਦੀ ਹਾਂ ਤਾਂ ਸੋਚਦੀ ਹਾਂ ਇਹ ਸਾਰੇ ਆਰਥਿਕ ਮੰਦਹਾਲੀ ਕਾਰਨ ਹੀ ਨਹੀਂ ਜਾ ਰਹੇ। ਸਮਾਜਿਕ ਰੋਕਾਂ ਤੇ ਧਾਰਮਿਕ ਬੰਦਸ਼ਾਂ ਕਾਰਨ ਉਨ੍ਹਾਂ ਦਾ ਉੱਥੇ ਦਮ ਘੁੱਟ ਰਿਹਾ ਹੈ। ਇਸੇ ਲਈ ਉੱਥੋਂ ਦੌੜ ਰਹੇ ਨੇ।’’

ਮੈਂ ਉਹਦੀ ਸੋਚ ਨੂੰ ਘੁੱਟ ਕੇ ਪਿਆਰ ਕੀਤਾ ਤੇ ਵਿਚਾਰਾਂ ਦੇ ਮੱਥੇ ਨੂੰ ਚੁੰਮਿਆ। ਰੈਂਪੀ ਦੇ ਫੋਨ ਦੀ ਘੰਟੀ ਖੜਕ ਗਈ। ਉਹਦੀ ਕੁੜੀ ਬੋਲ ਰਹੀ ਸੀ। ਉਹ ਜਾਣਨਾ ਚਾਹੁੰਦੀ ਸੀ। ਉਹ ਕਿੱਥੇ ਹੈ?

‘‘ਮੈਂ ਤਾਂ ਘਰ ਆ ਗਈ। ਮੈਨੂੰ ਉੱਥੇ ਮੇਰਾ ਉਹੀ ਇੰਡੀਆ ਵਾਲਾ ਬੌਇ ਫਰੈਂਡ ਮੰਦਰ ਮਿਲ ਗਿਆ। ਉਹਨੂੰ ਲੈ ਕੇ ਘਰ ਆ ਗਈ।’’

‘‘ਸੱਚ…! ਓ ਕੇ ਮੰਮ ਅਸੀਂ ਟੈਕਸੀ ਲੈ ਕੇ ਆ ਜਾਂਦੇ ਹਾਂ। ਤੁਸੀਂ ਇੰਜੁਆਏ ਕਰੋ।’’ ਕੁੜੀ ਨੇ ਫੋਨ ਕੱਟ ਦਿੱਤਾ।

‘‘ਬਹੁਤ ਪਿਆਰੀ ਧੀ ਆ ਮੇਰੀ।’’

‘‘ਤੂੰ ਆਪਣੇ ਬੱਚਿਆਂ ਨੂੰ ਮੇਰੇ ਬਾਰੇ ਦੱਸਿਆ?’’ ਮੈਂ ਹੈਰਾਨ ਸਾਂ।

‘‘ਤੈਨੂੰ ਪਤਾ ਇੱਥੋਂ ਦੇ ਬੱਚੇ ਕਦੇ ਕਿਸੇ ਦੀ ਲਾਈਫ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ। ਜਦੋਂ ਮੇਰੀ ਬੇਟੀ ਦਾ ਬੌਇ ਫਰੈਂਡ ਉਹਨੂੰ ਛੱਡ ਗਿਆ। ਉਹ ਉਹਦੇ ਕਰਕੇ ਤੇ ਆਪਣੇ ਪਿਓ ਦੀ ਹਾਲਤ ਨੂੰ ਦੇਖ ਬਹੁਤ ਦੁਖੀ ਸੀ। ਉਦੋਂ ਮੈਂ ਇਹਦੇ ਨਾਲ ਆਪਣੇ ਪਿਆਰ ਦੀ ਕਹਾਣੀ ਸ਼ੇਅਰ ਕੀਤੀ। ਜੋ ਸਾਨੂੰ ਦੋਹਾਂ ਮਾਵਾਂ ਧੀਆਂ ਨੂੰ ਧੁਰ ਅੰਦਰੋਂ ਜੋੜਨ ਵਿੱਚ ਬਹੁਤ ਸਹਾਈ ਹੋਈ। ਇਹਦੇ ਪਿਉ ਦੀ ਮੌਤ ਮਗਰੋਂ ਮੈਂ ਇਹਨੂੰ ਆਪਣੇ ਕੋਲ ਲੈ ਆਈ। ਇੱਕ ਤਾਂ ਬਾਹਰ ਕਿਰਾਏ ਦੇ ਘਰਾਂ ਵਿੱਚ ਰੁਲਦੀ ਸੀ। ਦੂਜਾ ਮੈਂ ਸੋਚਿਆ ਇਹਨੂੰ ਵਿਆਹ ਕਰਾਉਣ ਲਈ ਸਮਝਾਵਾਂਗੀ। ਦੋਹਤੀ ਮੈਂ ਪਾਲ ਲਵਾਂਗੀ। ਇਕੱਠੀਆਂ ਰਹਿਣ ਲੱਗੀਆਂ ਤਾਂ ਉਹਨੂੰ ਮਰਦ ਦੀ ਲੋੜ ਮਹਿਸੂਸ ਹੋਣੋ ਹਟ ਗਈ। ਦੋਹਤੀ ਨੂੰ ਪਾਲਦੀਆਂ, ਇੱਕ ਦੂਜੀ ਨਾਲ ਇਸ ਤਰ੍ਹਾਂ ਜੁੜ ਗਈਆਂ, ਸਾਰੇ ਭੇਦ ਅਭੇਦ ਹੋ ਗਏ। ਘਰਵਾਲੇ ਦੇ ਫੁੱਲ ਪਾਉਣ ਗਈ ਬੀਬੀ ਦੀ ਅਲਮਾਰੀ ਵਿੱਚ ਰੱਖੀਆਂ ਤਸਵੀਰਾਂ ਤੇ ਮੈਗਜ਼ੀਨ ਚੱਕ ਲਿਆਈ। ਬੇਟੀ ਨੇ ਦੇਖੇ ਤਾਂ ਕਹਿੰਦੀ, ‘‘ਇਸ ਤਸਵੀਰ ਨੂੰ ਜੜਾ ਕੇ ਰੱਖ ਤੇ ਇਸ ਨਾਲ ਜਿਉਣਾ ਸਿੱਖ। ਇਸ ਤਸਵੀਰ ’ਚੋਂ ਤੇਰੀ ਤੇ ਮੇਰੀ ਫੋਟੋ ਲੈ ਕੇ ਦੋਹਾਂ ਦੀ ਫੋਟੋ ਬਣਵਾ ਕੇ ਬੈੱਡਰੂਮ ਵਿੱਚ ਲਾ ਦਿੱਤੀ। ਮੈਨੂੰ ਹਮੇਸ਼ਾਂ ਕਹਿੰਦੀ ਰਹਿੰਦੀ, ‘ਮੰਮ ਤੂੰ ਆਪਣੇ ਮੰਦਰ ਨੂੰ ਲੱਭ ਕੇ ਮਿਲ।’ ਮੈਂ ਹਮੇਸ਼ਾਂ ਕਹਿੰਦੀ ਸੀ, ‘ਹੁਣ ਉਹ ਮੇਰਾ ਨਹੀਂ। ਮੈਨੂੰ ਪਤਾ ਉਹ ਜਿਸ ਕਿਸੇ ਦਾ ਵੀ ਹੋਊਗਾ। ਤਨੋਂ ਮਨੋ ਉਸ ਦਾ ਹੀ ਹੋ ਕੇ ਰਹੇਗਾ।’

‘‘ਨਹੀਂ ਰੈਂਪੀ! ਸਮਾਜਿਕ ਵਲਗਣਾ ਵਿੱਚ ਘਿਰਿਆ ਬੰਦਾ ਕਦੇ ਵੀ ਸਹੀ ਤੇ ਸਾਰਥਿਕ ਤਬਦੀਲੀ ਵੱਲ ਨਹੀਂ ਵਧ ਸਕਦਾ। ਜੇ ਮੇਰਾ ਆਪਣੀ ਪਤਨੀ ਨਾਲ ਸਮਾਜਿਕ ਰਿਸ਼ਤਾ ਹੈ ਤਾਂ ਮੇਰਾ ਤੇਰੇ ਨਾਲ ਵਿਚਾਰਕ ਰਿਸ਼ਤਾ ਵੀ ਓਨਾ ਹੀ ਮਜ਼ਬੂਤ ਹੈ। ਇਹ ਸਰਦਾਰਾ ਦੀ ਕੁੜੀ ਕਿਸੇ ਸਮਾਜਿਕ ਇਨਕਲਾਬ ਦਾ ਪ੍ਰਤੀਕ ਏ। ਜਿਸ ਨੇ ਵੱਡੇ ਇਨਕਲਾਬ ਦੀਆਂ ਮੁੱਢਲੀਆਂ ਮੁਸ਼ਕਲਾਂ ਤੇ ਅਸਲ ਕਮਜ਼ੋਰੀਆਂ ਨੂੰ ਫੜਿਆ ਤੇ ਉਹਨਾਂ ’ਤੇ ਕੰਮ ਕੀਤਾ।’’ ਮੈਂ ਰੈਂਪੀ ਦੇ ਹੱਥ ਚੁੰਮ ਲਏ। ਰੈਂਪੀ ਗੁਲਾਬ ਦੇ ਫੁੱਲ ਵਾਂਗ ਖਿਲ ਗਈ। ਸਾਡੀਆਂ ਗੱਲਾਂ ਮੁੱਕ ਨਹੀਂ ਰਹੀਆਂ ਸਨ। ਬਾਹਰੋਂ ਤਾਲੇ ਵਿੱਚ ਚਾਬੀ ਘੁੰਮੀ ਤਾਂ ਅਸੀਂ ਸਹਿਜ ਹੋ ਗਏ। ਪੰਤਾਲੀ ਕੁ ਸਾਲਾਂ ਦੀ ਔਰਤ ਨਾਲ ਪੱਚੀਆਂ ਕੁ ਸਾਲਾਂ ਦੀ ਬਿੱਲੀਆਂ ਅੱਖਾਂ ਤੇ ਸੁਨਹਿਰੇ ਵਾਲਾ ਵਾਲੀ ਗੋਰੀ ਕੁੜੀ ਅੰਦਰ ਆਈ। ਦੋਹਾਂ ਨੇ ਹੈਲੋ ਕਹੀ।

‘‘ਇਹ ਮੇਰੀ ਧੀ ਹੈ ਤੇ ਇਹ ਦੋਹਤੀ।’’ ਦੂਜਾ ਇਸ਼ਰਾ ਉਹਦਾ ਇੰਡੀਅਨ ਤੇ ਇੰਗਲੈਂਡ ਦੀ ਮਿਕਸ ਕੁੜੀ ਵੱਲ ਸੀ। ‘‘ਇਹ ਮੇਰਾ ਬਚਪਨ ਦਾ ਬੌਇ ਫਰੈਂਡ।’’ ਰੈਂਪੀ ਨੇ ਬੇਝਿਜਕ ਮੇਰੇ ਲੱਕ ਦੁਆਲੇ ਬਾਹ ਪਾ ਮੈਨੂੰ ਨਾਲ ਲਾਇਆ। ਉਹਦੀ ਇਹ ਬਾਂਹ ਹੁਣ ਕਦੇ ਵੀ ਮੇਰੇ ਲੱਕ ਦੁਆਲਿਓਂ ਹਟਦੀ ਨਹੀਂ। ਮੈਂ ਹੁਣ ਪਾਕਿਸਤਾਨੀ, ਭਾਰਤੀ ਜਾਂ ਬ੍ਰਿਟਸ਼ ਬਣਨਾ ਨਹੀਂ ਚਾਹੁੰਦਾ। ਬਸ ‘ਸਰਦਾਰਾਂ ਦੀ ਕੁੜੀ’ ਦਾ ਹਾਣੀ ਬਣਨਾ ਚਾਹੁੰਦਾ ਹਾਂ।News Source link
#ਸਰਦਰ #ਦ #ਕੜ

- Advertisement -

More articles

- Advertisement -

Latest article