ਟੀਵੀ ਸ਼ੋਅ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੀ ਅਦਾਕਾਰਾ ਮੋਹਿਨਾ ਕੁਮਾਰੀ ਸਮੇਤ ਪਰਿਵਾਰ ਦੇ 5 ਮੈਂਬਰਾਂ ਨੂੰ ਕੋਰੋਨਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਸਹੁਰਿਆਂ ਸਮੇਤ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਮੋਹਿਨਾ ਉਤਰਾਖੰਡ ਸਰਕਾਰ ਦੇ ਕੈਬਨਿਟ ਮੰਤਰੀ ਸੱਤਪਾਲ ਮਹਾਰਾਜ ਦੀ ਨੂੰਹ ਹੈ। ਸਤਪਾਲ ਮਹਾਰਾਜ ਹਾਲ ਹੀ ‘ਚ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਸ ਦੀ ਪਤਨੀ ਅੰਮ੍ਰਿਤਾ ਰਾਵਤ ਅਤੇ ਹੋਰ ਸਟਾਫ਼ ‘ਚ ਵੀ ਕੋਰੋਨਾ ਦੇ ਲੱਛਣ ਪਾਏ ਗਏ ਸਨ, ਜਿਸ ਤੋਂ ਬਾਅਦ ਸਾਰਿਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ।
ਮੋਹਿਨਾ ਨੇ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਇੱਕ ਮੈਸੇਜ਼ ਸ਼ੇਅਰ ਕੀਤਾ ਹੈ। ਉਨ੍ਹਾਂ ਲਿਖਿਆ, “ਸ਼ੁਰੂਆਤ ਦੇ ਇਹ ਦਿਨ ਬਹੁਤ ਮੁਸ਼ਕਲ ਰਹੇ ਹਨ, ਖ਼ਾਸਕਰ ਉਹ ਜਿਹੜੇ ਘਰ ਦੇ ਸਭ ਤੋਂ ਛੋਟੇ ਤੇ ਬਜ਼ੁਰਗ ਲੋਕ ਹਨ। ਪਰ ਮੈਂ ਪ੍ਰਾਰਥਨਾ ਕਰ ਰਹੀ ਹਾਂ ਕਿ ਸਭ ਕੁਝ ਛੇਤੀ ਠੀਕ ਹੋ ਜਾਵੇ। ਸਾਨੂੰ ਇਸ ਸਮੇਂ ਸ਼ਿਕਾਇਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਬਾਹਰ ਕਈ ਲੋਕ ਸਾਡੇ ਨਾਲੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪਰ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਸਾਡੇ ਲਈ ਪ੍ਰਾਰਥਨਾ ਕਰ ਰਹੇ ਹਨ।
ਮੋਹਿਨਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਦੀ ਸੱਸ ਨੂੰ ਹਲਕਾ ਬੁਖਾਰ ਸੀ। ਉਸ ਸਮੇਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਤਾਂ ਉਹ ਨੈਗੇਟਿਵ ਆਇਆ। ਹਰ ਕੋਈ ਆਰਾਮ ਨਾਲ ਰਹਿਣ ਲੱਗ ਪਿਆ। ਬਾਅਦ ‘ਚ ਇਸ ‘ਤੇ ਧਿਆਨ ਨਾ ਦਿੱਤਾ। ਮੈਂ ਵੇਖਿਆ ਕਿ ਬੁਖਾਰ ਵੱਧਦਾ ਹੀ ਜਾ ਰਿਹਾ ਹੈ। ਜਦੋਂ ਪਰਿਵਾਰ ‘ਚ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਹੋਇਆ ਤਾਂ ਇਹ ਵੇਖਿਆ ਗਿਆ ਕਿ ਬਹੁਤ ਸਾਰੇ ਲੋਕ ਕੋਰੋਨਾ ਪਾਜ਼ੀਟਿਵ ਹੋ ਗਏ ਸਨ, ਜਿਸ ‘ਚ ਕੋਈ ਲੱਛਣ ਨਹੀਂ ਵੇਖੇ ਗਏ ਸਨ।
ਉਨ੍ਹਾਂ ਕਿਹਾ ਕਿ ਮੇਰੇ ਦਿਓਰ ਨੂੰ ਛੱਡ ਕੇ ਘਰ ਦੇ ਸਾਰੇ ਮੈਂਬਰ ਕੋਰੋਨਾ ਪਾਜ਼ੀਟਿਵ ਹਨ। ਬਾਕੀ ਮੈਂਬਰ ਸਾਡੇ ਘਰ ‘ਚ ਰਹਿੰਦੇ ਹਨ। ਹਾਲਾਂਕਿ ਕਿੰਨੇ ਲੋਕ ਕੋਰੋਨਾ ਪਾਜ਼ੀਟਿਵ ਹਨ, ਇਸ ਦੀ ਜਾਣਕਾਰੀ ਮੋਹਿਨਾ ਨੇ ਨਹੀਂ ਦਿੱਤੀ। ਸਾਰੇ ਲੋਕ ਹਸਪਤਾਲ ‘ਚ ਉਦੋਂ ਤਕ ਰਹਿਣਗੇ, ਜਦੋਂ ਤਕ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ। ਦੱਸ ਦੇਈਏ ਕਿ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ‘ਚ ਮੋਹਿਨਾ, ਕੀਰਤੀ ਦੇ ਕਿਰਦਾਰ ‘ਚ ਨਜ਼ਰ ਆਈ ਸੀ। ਵਿਆਹ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆਂ ਤੋਂ ਦੂਰੀ ਬਣਾ ਲਈ ਹੈ।