16 C
Patiāla
Thursday, December 7, 2023

ਭੂ-ਹੇਰਵਾ

Must read


ਡਾ. ਬਿਕਰਮਜੀਤ ਸਿੰਘ ਪੁਰਬਾ

ਭੂ-ਹੇਰਵੇ ਦਾ ਸਬੰਧ ਬੀਤ ਚੁੱਕੇੇ ਸਮੇਂ ਨਾਲ ਹੁੰਦਾ ਹੈ। ਜਿਸ ਨੂੰ ਵਾਪਸ ਲਿਆਉਣ ਲਈ ਸਿਰਫ਼ ਸੋਚਿਆ ਜਾ ਸਕਦਾ ਹੈ, ਪਰ ਇਹ ਮੁੜ ਆਉਂਦਾ ਨਹੀਂ। ਜਿਸ ਜਗ੍ਹਾ ‘ਤੇ ਵਿਅਕਤੀ ਦਾ ਜਨਮ ਹੋਇਆ ਹੁੰਦਾ ਹੈ, ਉਸ ਜਗ੍ਹਾ ‘ਤੇ ਬਤੀਤ ਕੀਤੇ ਦਿਨਾਂ ਨਾਲ ਤੇ ਉੱਥੋਂ ਨਾਲ ਜੁੜੀਆਂ ਭਾਵਨਾਵਾਂ ਨਾਲ ਕੁਦਰਤੀ ਤੌਰ ‘ਤੇ ਮੋਹ ਦਾ ਰਿਸ਼ਤਾ ਕਾਇਮ ਰਹਿੰਦਾ ਹੈ। ਇਹ ਮੋਹ ਭਿੱਜਿਆ ਰਿਸ਼ਤਾ ਹੀ ਭੂ-ਹੇਰਵਾ ਹੈ। ਭੂ-ਹੇਰਵੇ ਦਾ ਅਹਿਸਾਸ ਸਿਰਫ਼ ਹੰਢਾਇਆਂ ਪਤਾ ਚੱਲਦਾ ਹੈ। ਕਿਸੇ ਵਿਅਕਤੀ ਦੇ ਭੂ-ਹੇਰਵੇ ਦੀ ਸਥਿਤੀ ਬਾਰੇ ਕਿਸੇ ਦੂਜੇ ਵਿਅਕਤੀ ਜਿਸ ਨੂੰ ਭੂ-ਹੇਰਵੇ ਦਾ ਅਹਿਸਾਸ ਨਹੀਂ, ਸਬੰਧੀ ਦੱਸਣਾ ਸੁਪਨਾ ਦੱਸਣ ਦੇ ਬਰਾਬਰ ਹੈ। ਇਸ ਤਰ੍ਹਾਂ ਭੂ-ਹੇਰਵਾ ਇੱਕ ਅਤੀਤ ਦੀ ਯਾਦ ਹੈ। ਜਿਸ ਨੂੰ ਯਾਦ ਕਰਕੇ ਵਿਅਕਤੀ ਆਨੰਦ ਪ੍ਰਾਪਤ ਕਰਦਾ ਹੈ।

ਜਦੋਂ ਕੋਈ ਵਿਅਕਤੀ ਆਪਣੇ ਸਮਾਜ ਨਾਲੋਂ ਟੁੱਟ ਕੇ ਕਿਸੇ ਹੋਰ ਸਮਾਜ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਨਵੇਂ ਸਮਾਜ ਦਾ ਪ੍ਰਵੇਸ਼ ਉਸ ਲਈ ਕਈ ਤਬਦੀਲੀਆਂ ਲੈ ਕੇ ਆਉਂਦਾ ਹੈ। ਅਜਿਹੀਆਂ ਮੁਸ਼ਕਲਾਂ, ਪ੍ਰਸਥਿਤੀਆਂ ਵਿੱਚੋਂ ਹੀ ਪੰਜਾਬੀਆਂ ਨੂੰ ਗੁਜ਼ਰਨਾ ਪੈਂਦਾ ਹੈ। ਪੰਜਾਬੀ ਪਰਵਾਸੀਆਂ ਦੀ ਪਹਿਲੀ ਪੀੜ੍ਹੀ ਜਿਸ ਨੇ ਸੁੱਖ ਸਹੂਲਤਾਂ ਲਈ ਪੂੰਜੀਵਾਦੀ ਦੇਸ਼ਾਂ ਵਿੱਚ ਪਰਵਾਸ ਕੀਤਾ, ਉੱਥੇ ਜਾ ਕੇ ਇਨ੍ਹਾਂ ਨੂੰ ਵੱਖਰੀ-ਭਾਸ਼ਾ, ਵੱਖਰੀ-ਸੱਭਿਅਤਾ, ਵੱਖਰੇ-ਕੰਮਕਾਰ, ਵੱਖਰੇ ਰਹਿਣ-ਸਹਿਣ ਆਦਿ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਵੀਂ ਪੀੜ੍ਹੀ ਪ੍ਰਤੀ ਆਈਆਂ ਸਮੱਸਿਆਵਾਂ ਕਰਕੇ ਭੂ-ਹੇਰਵੇ ਦਾ ਖਿਆਲ ਮਨ ਵਿੱਚ ਜ਼ਿਆਦਾ ਆਉਂਦਾ ਹੈ। ਨਵੀਂ ਪੀੜ੍ਹੀ ਜਿਹੜੀ ਪਰਵਾਸਾਂ ਵਿੱਚ ਹੀ ਜੰਮੀ-ਪਲੀ ਤੇ ਪਰਵਾਨ ਚੜ੍ਹੀ ਨੂੰ ਆਪਣੇ ਮਾਪਿਆਂ ਦੇ ਮੂਲ ਦੇਸ਼ ਪ੍ਰਤੀ ਕੋਈ ਭੂ-ਹੇਰਵਾ ਨਹੀਂ ਹੈ। ਹਰ ਵਿਅਕਤੀ ਦਾ ਮੂਲ ਭੂਮੀ ਨਾਲ ਕੁਦਰਤੀ ਮੋਹ ਬਣਿਆ ਹੁੰਦਾ ਹੈ ਜਿੱਥੇ ਉਸ ਨੇ ਜਨਮ ਲਿਆ ਹੋਵੇ ਅਤੇ ਪਲਿਆ ਹੋਵੇ। ਉਸ ਭੂਮੀ ਨਾਲ ਕੁਦਰਤੀ ਤੌਰ ‘ਤੇ ਜੁੜਿਆ ਰਹਿੰਦਾ ਹੈ ਅਤੇ ਇਸ ਭੂਮੀ ਨਾਲੋਂ ਵੀ ਦੂਰ ਜਾ ਕੇ ਉਸ ਦਾ ਮੋਹ ਟੁੱਟਦਾ ਨਹੀਂ ਹੈ। ਇਹ ਜਨਮ ਭੂਮੀ ਨਾਲ ਰਿਸ਼ਤਾ ਹੀ ਭੂ-ਹੇਰਵਾ ਹੈ। ਪਰਵਾਸੀ ਬਣ ਕੇ ਆਪਣੀ ਧਰਤੀ ‘ਤੇ ਜਾਣ ਦਾ ਖਿਆਲ ਹੀ ‘ਨਾਸਟੇਲਜੀਆ’ ਹੈ। ਨਾਸਟੇਲਜੀਆ ਦੇ ਸ਼ਬਦ ਕੋਸ਼ੀ ਅਰਥ ਹਨ:-ਕਿਸੇ ਵਿਅਕਤੀ ਦੀ ਆਪਣੇ ਘਰ ਨੂੰ ਵਾਪਸੀ, ਵਤਨ ਵਾਪਸੀ ਜਾਂ ਆਪਣੇ ਪਰਿਵਾਰ ਮਿੱਤਰਾਂ ਵੱਲ ਮੁੜਨ ਦੀ ਤਾਂਘ ਨੂੰ ਭੂ-ਹੇਰਵਾ ਕਿਹਾ ਜਾਂਦਾ ਹੈ। ਸੋਚਾਂ ਵਿੱਚ ਜਾਂ ਵਾਸਤਵਿਕ ਰੂਪ ਵਿੱਚ ਆਪਣੇ ਪੁਰਾਣੇ ਘਰ ਬੀਤੇ ਵਕਤ ਜਾਂ ਆਪਣੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਕੋਲ ਮੁੜਨ ਦੀ ਇੱਛਾ ਨੂੰ ਹੀ ਭੂ-ਹੇਰਵਾ ਕਿਹਾ ਜਾਂਦਾ ਹੈ। ਘਰ ਵਾਪਸੀ ਦੇ ਦੁੱਖ ਦੀ ਗ੍ਰਹਿ ਵਿਯੋਗ ਭਾਵਾਂ ਨਾਲ ਇਕਮਿਕਤਾ ਅਤੇ ਭੂਤਕਾਲ ਖਿੱਚ, ਰਲਵੇਂ ਰੂਪ ਵਿੱਚ ਭੂ-ਹੇਰਵੇ ਨੂੰ ਜਨਮ ਦਿੰਦੀ ਹੈ। ਪਰਵਾਸੀਆਂ ਦੀ ਪਹਿਲੀ ਪੀੜ੍ਹੀ ਭੂ-ਹੇਰਵੇ ਦਾ ਸ਼ਿਕਾਰ ਹੈ ਅਤੇ ਉਨ੍ਹਾਂ ਦੇ ਮਨਾਂ ਵਿੱਚ ਆਪਣੀ ਧਰਤੀ ‘ਤੇ ਵਾਪਸ ਜਾਣ ਦਾ ਵਿਚਾਰ ਹਮੇਸ਼ਾਂ ਬਣਿਆ ਰਹਿੰਦਾ ਹੈ। ਭੂ-ਹੇਰਵੇ ਦਾ ਇਹ ਰੋਗ ਆਪਣੇ ਮੁਲਕ ਵਿੱਚ ਰਹਿੰਦਿਆਂ ਵੀ ਲੱਗ ਸਕਦਾ ਹੈ, ਪਰ ਉਸ ਸਮੇਂ ਇਸ ਦਾ ਜਨਮ ਪੁਰਾਣੀਆਂ ਸਮਾਜਿਕ ਕਦਰਾਂ-ਕੀਮਤਾਂ ਵਿੱਚੋਂ ਹੁੰਦਾ ਹੈ। ਪੁਰਾਣੀਆਂ ਸਮਾਜਿਕ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹੁਣ ਵੀ ਅਸੀਂ ਆਪਣੇ ਬਜ਼ੁਰਗਾਂ ਨੂੰ ਸੁਣਦੇ ਹਾਂ ਅਤੇ ਇਨ੍ਹਾਂ ਬਜ਼ੁਰਗਾਂ ਦਾ ਪੁਰਾਣੀਆਂ ਕਦਰਾਂ-ਕੀਮਤਾਂ ਨਾਲ ਲਗਾਉ ਹੈ।

ਪੰਜਾਬੀ ਭਾਈਚਾਰਾ ਆਪਣੇ ਰਸਮਾਂ-ਰਿਵਾਜਾਂ, ਰੀਤੀ-ਰਿਵਾਜਾਂ, ਵਿਆਹ-ਸ਼ਾਦੀਆਂ, ਗ਼ਮੀ-ਖੁਸ਼ੀ ਨਾਲ ਬਹੁਤ ਮੋਹ ਰੱਖਦਾ ਹੈ। ਪੰਜਾਬ ਵਿੱਚ ਅਜਿਹੀਆਂ ਕਦਰਾਂ-ਕੀਮਤਾਂ ਦੇ ਧਾਰਨੀ ਅਚਾਨਕ ਵਿਦੇਸ਼ਾਂ ਵਿੱਚ ਜਾ ਵੱਸਦੇ ਹਨ। ਪੱਛਮ ਮੁਲਕ ਜੋ ਕਿ ਪੂੰਜੀਵਾਦੀ ਸਮਾਜ ਦਾ ਹਿੱਸਾ ਹਨ। ਉਨ੍ਹਾਂ ਲਈ ਇਹ ਸਭ ਕੁਝ ਵਿਅਰਥ ਹਨ। ਪੱਛਮੀ ਮੁਲਕਾਂ ਵਿੱਚ ਰਸਮਾਂ-ਰਿਵਾਜਾਂ, ਪਰਿਵਾਰਕ ਰਿਸ਼ਤਿਆਂ ਨੂੰ ਕੋਈ ਬਹੁਤੀ ਤਵੱਜ਼ੋ ਨਹੀਂ ਦਿੱਤੀ ਜਾਂਦੀ। ਜਿਸ ਕਰਕੇ ਪੰਜਾਬੀ ਸਮੁਦਾਇ ਜੋ ਕਿ ਆਪਣੀਆਂ ਕਦਰਾਂ-ਕੀਮਤਾਂ ਦੀ ਮੁੱਢ ਤੋਂ ਹੀ ਕਦਰ ਕਰਦਾ ਆਇਆ ਹੈ। ਉਸ ਲਈ ਪੱਛਮੀ ਮਾਹੌਲ ਇੱਕ ਅਜੀਬ ਮਾਹੌਲ ਲੱਗਦਾ ਹੈ ਕਿ ਇੱਥੇ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਹਰ ਕੋਈ ਸਵਾਰਥ ਲਈ ਇੱਕ ਦੂਜੇ ਨੂੰ ਵਰਤ ਰਿਹਾ ਹੈ। ਪੰਜਾਬੀ ਭਾਈਚਾਰੇ ਦੁਆਰਾ ਪੂੰਜੀਵਾਦੀ ਸਮਾਜ ਸੱਭਿਆਚਾਰ ਵਿੱਚ ਜਾਣ ਤੇ ਉਨ੍ਹਾਂ ਨੂੰ ਅਨੇਕ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਪੂੰਜੀਵਾਦੀ ਸਮਾਜ ਵਿੱਚ ਚਲੇ ਜਾਣ ਤੇ ਸੱਭਿਆਚਾਰਕ ਬਦਲਾਉ ਆਇਆ, ਜਿਸ ਕਰਕੇ ਪਰਵਾਸੀ ਪੰਜਾਬੀ ਸਮੁਦਾਇ ਨੂੰ ਆਰਥਿਕ, ਰਾਜਨੀਤਕ, ਸਮਾਜਿਕ, ਧਾਰਮਿਕ ਸਮੱਸਿਆਵਾਂ ਦੇ ਨਵੇਂ ਰੂਪ ਨਾਲ ਸਾਹਮਣਾ ਕਰਨਾ ਪਿਆ। ਵਿਦੇਸ਼ਾਂ ਵਿੱਚ ਜਦੋਂ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਪਰਵਾਸੀ ਪੰਜਾਬੀ ਭਾਈਚਾਰੇ ਨੂੰ ਆਪਣੇ ਵਤਨ ਦੀ ਬਹੁਤ ਯਾਦ ਆਉਂਦੀ ਹੈ। ਪਰਵਾਸੀ ਭਾਈਚਾਰਾ ਜਦੋਂ ਪਰਵਾਸ ਕਰਦਾ ਹੈ ਤਾਂ ਉਸ ਦੁਆਰਾ ਆਪਣੇ ਵਤਨ ਪ੍ਰਤੀ ਇੱਕ ਪਿਆਰ ਹੁੰਦਾ ਹੈ। ਪਰਵਾਸ ਕੀਤਾ ਹੋਇਆ ਵਿਅਕਤੀ ਜਦੋਂ ਆਪਣੇ ਵਤਨ 20-25 ਸਾਲਾਂ ਬਾਅਦ ਵਾਪਸ ਆਉਂਦਾ ਹੈ ਤਾਂ ਉਹ ਆਪਣੇ ਵਤਨ ਨੂੰ ਪੁਰਾਣੇ ਨਜ਼ਰੀਏ ਨਾਲ ਦੇਖਦਾ ਹੈ ਤਾਂ ਆਪਣੇ ਪਿੰਡ ਆ ਕੇ ਰਿਸ਼ਤਿਆਂ ਨੂੰ ਮਨਫ਼ੀ ਹੋਇਆ ਦੇਖ ਕੇ ਉਸ ਦਾ ਮਨ ਬਹੁਤ ਦੁਖੀ ਹੁੰਦਾ ਹੈ ਕਿ ਹਰ ਇੱਕ ਰਿਸ਼ਤੇਦਾਰ ਸਕੇ-ਸਬੰਧੀ ਉਸ ਨੂੰ ਸਵਾਰਥ ਰੂਪੀ ਨਜ਼ਰ ਨਾਲ ਦੇਖਦੇ ਹਨ। ਪੰਜਾਬ ਵਿੱਚ ਪਰਵਾਸੀ ਵਿਅਕਤੀ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਰਾਹਦਾਰੀ ਦੇ ਰੂਪ ਵਿੱਚੋਂ ਦੇਖਿਆ ਜਾਂਦਾ ਹੈ ਕਿ ਸਾਡੇ ਵੀ ਪਰਿਵਾਰ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪੱਛਮ ਦੀ ਧਰਤੀ ਉੱਪਰ ਲੈ ਕੇ ਜਾਵੇ। ਪਰਵਾਸੀ ਵਿਅਕਤੀ ਅਜਿਹੀ ਸਥਿਤੀ ਵਿੱਚ ਵਾਪਸ ਆਪਣੀ ਕਰਮ ਭੂਮੀ ਨੂੰ ਜਾਣ ਲਈ ਸੋਚਦਾ ਹੈ।

ਅਸੀਂ ਆਮ ਜੀਵਨ ਵਿੱਚ ਵੇਖਦੇ ਹਾਂ ਕਿ ਪੰਜਾਬ ਦੇ ਪਿੰਡਾਂ ਦੇ ਵਸਨੀਕ ਜੋ ਸ਼ਹਿਰਾਂ ਵਿੱਚ ਵੱਸ ਗਏ ਹਨ। ਉਹ ਆਪਣੇ ਪਿੰਡਾਂ ਦੀਆਂ ਗਲੀਆਂ, ਬੋਹੜ ਦੇ ਦਰੱਖ਼ਤ, ਟੋਭੇ ਸੱਥਾਂ ਨੂੰ ਨਹੀਂ ਭੁੱਲੇ। ਫਿਰ ਜਦੋਂ ਇਨ੍ਹਾਂ ਲੋਕਾਂ ਦੁਆਰਾ ਪਰਵਾਸ ਧਾਰਨ ਕੀਤਾ ਜਾਂਦਾ ਹੈ ਤਾਂ ਆਪਣੇ ਵਤਨ ਦੀ ਮਿੱਟੀ ਦਾ ਮੋਹ ਹਮੇਸ਼ਾਂ ਉਨ੍ਹਾਂ ਨੂੰ ਆਉਂਦਾ ਰਹਿੰਦਾ ਹੈ। ਪਰਵਾਸੀ ਆਪਣੇ ਵਤਨ ਨੂੰ ਹਰ ਪਲ ਯਾਦ ਕਰਦੇ ਹਨ। ਇਸ ਕਰਕੇ ਜਦੋਂ ਇਹ ਲੋਕ ਇਕੱਠੇ ਹੁੰਦੇ ਹਨ ਤਾਂ ਆਪਣੇ ਪਿੰਡ, ਸੱਥਾਂ ਦੀਆਂ ਅਕਸਰ ਗੱਲਾਂ ਕਰਦੇ ਹਨ। ਪਰਵਾਸੀਆਂ ਦੀ ਇਹ ਬੇਵਸੀ ਹੁੰਦੀ ਹੈ ਕਿ ਇਹ ਆਪਣੇ ਵਤਨ ਬਾਰੇ ਸੋਚ ਤਾਂ ਸਕਦੇ ਹਨ, ਪਰ ਜਾ ਨਹੀਂ ਸਕਦੇ।

ਪਰਵਾਸੀ ਜੀਵਨ ਵਿੱਚ ਭੂ-ਹੇਰਵੇ ਦੀ ਉਤਪਤੀ ਲਾਜ਼ਮੀ ਹੈ। ਪਰਵਾਸ ਕਰਨ ਉਪਰੰਤ ਕੋਈ ਵੀ ਭਾਈਚਾਰਾ ਇਸ ਤੋਂ ਬਚ ਨਹੀਂ ਸਕਿਆ। ਵਿਦੇਸ਼ਾਂ ਵਿੱਚ ਭੂ-ਹੇਰਵਾ ਵਿਲੱਖਣ ਪ੍ਰਕਾਰ ਦਾ ਹੁੰਦਾ ਹੈ। ਪਰਵਾਸੀ ਸਮੁਦਾਇ ਜਦੋਂ ਵੱਖਰੇ ਸਮਾਜ ਵਿੱਚ ਪਰਵੇਸ਼ ਕਰਦਾ ਹੈ ਤਾਂ ਨਵੇਂ ਸਮਾਜ ਵਿੱਚ ਵਿਅਕਤੀ ਆਪਣੇ-ਆਪ ਸਥਾਪਿਤ ਕਰਨ ਲਈ ਅਸਮਰੱਥ ਹੁੰਦਾ ਹੈ। ਪਰਵਾਸੀ ਵਿਅਕਤੀ ਦਾ ਆਪਣੇ ਬੀਤੇ ਸਮੇਂ ਨਾਲ ਅਤੇ ਆਪਣੇ ਮੁਲਕ ਪ੍ਰਤੀ ਰਿਸ਼ਤਾ ਭਾਵੁਕ ਤੇ ਗੂੜ੍ਹਾ ਹੁੰਦਾ ਜਾਂਦਾ ਹੈ। ਪਰਵਾਸੀ ਵਿਅਕਤੀ ਜਦੋਂ ਆਪਣੇ ਸਮਾਜ ਤੋਂ ਨਵੇਂ ਸਮਾਜ ਵਿੱਚ ਜਾਂਦਾ ਹੈ ਤਾਂ ਉਸ ਨੂੰ ਵੱਖ-ਵੱਖ ਤਰ੍ਹਾਂ ਦੀਆਂ ਪ੍ਰਸਥਿਤੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ‘ਪਰਵਾਸੀ’ ਮਨੁੱਖ ਕਿਸੇ ਹੋਰ ਦੇਸ਼ ਤੇ ਕੌਮ ਦੇ ਵਾਸੀ ਨੂੰ ਕਿਸੇ ਹੋਰ ਥਾਂ ਦੇ ਵਸਨੀਕ ਅਤੇ ਸ਼ਹਿਰੀ ਬਣ ਜਾਣ ਉਪਰੰਤ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਪਰਵਾਸੀ ਕਿਸੇ ਥਾਂ ‘ਤੇ ਜਾ ਕੇ ਵਸਣ ਵਾਲੇ ਵਿਅਕਤੀਆਂ ਦੇ ਸਮੂਹ ਨੂੰ ਆਖਿਆ ਜਾ ਸਕਦਾ ਹੈ। ਅਸਲ ਵਿੱਚ ਪਰਵਾਸ ਦਾ ਸਬੰਧ ਅਸੀਂ ਗ਼ਦਰੀ ਬਾਬਿਆਂ ਦੀ ਕੀਰਤੀ ਨਾਲ ਜੋੜਦੇ ਹਾਂ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨ ਲਈ ਭਰਪੂਰ ਯੋਗਦਾਨ ਦਿੱਤਾ। ਉਨ੍ਹਾਂ ਪਰਵਾਸ ਵਿੱਚ ਰਹਿ ਕੇ ਸਖ਼ਤ ਮਿਹਨਤ ਨਾਲ ਕੀਤੀ ਕਮਾਈ ‘ਚੋਂ ਸਾਹਿਤ ਪੈਦਾ ਕੀਤਾ, ਛਾਪਿਆ ਤੇ ਫਿਰ ਭਾਰਤ ਭੇਜਿਆ। ਗ਼ਦਰੀ ਬਾਬੇ ਅੱਜ ਸਾਡੀ ਜ਼ਿੰਦਗੀ ਤੇ ਸਾਹਿਤ ਵਿੱਚ ਮੱਹਤਵਪੂਰਨ ਹਨ ਕਿਉਂਕਿ ਜਿਸ ਤਰ੍ਹਾਂ ਦੀ ਪ੍ਰਗਤੀਵਾਦੀ ਤੇ ਇਨਕਲਾਬੀ ਵਿਚਾਰਧਾਰਾ ਉਨ੍ਹਾਂ ਦਿੱਤੀ ਉਹ ਅੱਜ ਵੀ ਸਾਡੇ ਲਈ ਪ੍ਰੇਰਣਾ ਸਰੋਤ ਬਣੀ ਹੋਈ ਹੈ। ਪਰਵਾਸ, ਪਰਵਾਸੀਆਂ ਤੇ ਪਰਵਾਸੀ ਸਰੋਕਾਰਾਂ ਦਾ ਦੇਸ਼ ਦੀ ਆਜ਼ਾਦੀ ਤੇ ਉਸ ਪ੍ਰਤਿ ਚੇਤਨਾ ਪੈਦਾ ਕਰਨ ਵਿੱਚ ਮੁੱਲਵਾਨ ਦਖਲ ਰਿਹਾ ਹੈ।

ਪਰਵਾਸੀ ਪੰਜਾਬੀਆਂ ਦੀ ਪਹਿਲੀ ਪੀੜ੍ਹੀ, ਜਿਸ ਨੇ ਪੱਛਮ ਦੇ ਆਰਥਿਕ ਵਸੀਲਿਆਂ ਤੇ ਪਦਾਰਥਕ ਸੁੱਖ ਸਹੂਲਤਾਂ ਲਈ ਪੂੰਜੀਵਾਦੀ ਦੇਸ਼ਾਂ ਵਿੱਚ ਪਰਵਾਸ ਕੀਤਾ ਤਾਂ ਉੱਥੇ ਜਾ ਕੇ ਇਨ੍ਹਾਂ ਨੇ ਵੱਖਰੀ ਭਾਸ਼ਾ, ਵੱਖਰੀ ਸੱਭਿਅਤਾ, ਵੱਖਰੇ ਕੰਮ-ਕਾਰ ਦੇ ਮਾਹੌਲ ਨੂੰ ਤੀਬਰ ਰੂਪ ਵਿੱਚ ਮਹਿਸੂਸ ਕੀਤਾ। ਪਰਵਾਸ ਵਿੱਚ ਆਈਆਂ ਇਨ੍ਹਾਂ ਮੁਸ਼ਕਲਾਂ ਤੇ ਮੁਸ਼ਕਿਲ ਜੀਵਨ ਪੱਧਰ ਦੀ ਵੱਖਰਤਾ ਨੂੰ ਪਰਵਾਸੀ ਆਪਣੇ ਅਤੀਤ ਨਾਲ ਜੋੜੀ ਰੱਖਿਆ। ਜਿਸ ਕਰਕੇ ਇਨ੍ਹਾਂ ਨੂੰ ਆਪਣੇ ਵਤਨ ਪ੍ਰਤੀ ਭੂ-ਹੇਰਵਾ ਰਹਿੰਦਾ ਹੈ। ਪਰਵਾਸ ਵਿੱਚ ਨਵੀਂ ਪੀੜ੍ਹੀ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਕਰਕੇ ਪਰਵਾਸੀ ਪੰਜਾਬੀ ਭਾਈਚਾਰੇ ਵਿੱਚ ਭੂ-ਹੇਰਵੇ ਦਾ ਖਿਆਲ ਜ਼ਿਆਦਾ ਆਉਂਦਾ ਹੈ।
ਸੰਪਰਕ: 94655-68680News Source link
#ਭਹਰਵ

- Advertisement -

More articles

- Advertisement -

Latest article