ਨਵੀਂ ਦਿੱਲੀ: ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਦੀਆਂ ਕੀਮਤਾਂ ਵਿੱਚ ਵਾਧੇ ਮਗਰੋਂ ਅੱਜ ਦਿੱਲੀ ਵਿੱਚ ਸੀਐੱਨਜੀ ਅਤੇ ਘਰਾਂ ਤੱਕ ਪਾਈਪ ਰਾਹੀਂ ਸਪਲਾਈ ਹੋਣ ਵਾਲੀ ਰਸੋਈ ਗੈਸ ਪੀਐੱਨਜੀ ਵੀ ਇੱਕ ਰੁਪਏ ਮਹਿੰਗੀ ਹੋ ਗਈ ਹੈ। ਕੌਮੀ ਰਾਜਧਾਨੀ ਖੇਤਰ ਦਿੱਲੀ ਵਿੱਚ ਸੀਐੱਨਜੀ ਦੀ ਕੀਮਤ ਹੁਣ 59.01 ਰੁਪੲੇ ਪ੍ਰਤੀ ਕਿਲੋ ਹੋ ਗਈ ਹੈ, ਜੋ ਪਹਿਲਾਂ 58.01 ਰੁਪੲੇ ਸੀ। ਇਸ ਮਹੀਨੇ ਵਿੱਚ ਸੀਐੱਨਜੀ ਦੀ ਕੀਮਤ ਵਿੱਚ ਤੀਜੀ ਵਾਰ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਦੋਵੇਂ ਵਾਰ ਸੀਐੱਨਜੀ ਦੀ ਕੀਮਤ 50-50 ਪੈਸੇ ਪ੍ਰਤੀ ਕਿਲੋ ਵਧੀ ਸੀ। ਦਿੱਲੀ ਵਿੱਚ ਸੀਐੱਨਜੀ ਦੀ ਪ੍ਰਚੂਨ ਵਿਕਰੀ ਦੇ ਨਾਲ ਪੀਐੱਨਜੀ ਦੀ ਸਪਲਾਈ ਕਰਨ ਵਾਲੀ ਇੰਦਰਪ੍ਰਸਥ ਗੈਸ ਲਿਮਟਡ (ਆਈਜੀਐੱਲ) ਨੇ ਆਪਣੀ ਵੈੱਬਸਾਈਟ ’ਤੇ ਨਵੀਆਂ ਦਰਾਂ ਦਾ ਐਲਾਨ ਕੀਤਾ ਹੈ। ਕੌਮਾਂਤਰੀ ਪੱਧਰ ’ਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਧਣ ਕਾਰਨ ਸੀਐੱਨਜੀ ਤੇ ਪੀਐੱਨਜੀ ਮਹਿੰਗੀ ਹੋਈ ਹੈ। ਇਸ ਸਾਲ ਵਿੱਚ ਹੁਣ ਤੱਕ ਸੀਐੱਨਜੀ ਦੀ ਕੀਮਤ 5.50 ਰੁਪਏ ਪ੍ਰਤੀ ਕਿਲੋ ਤੱਕ ਵਧ ਚੁੱਕੀ ਹੈ। ਕੀਮਤਾਂ ਵਧਣ ਮਗਰੋਂ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐੱਨਜੀ 61.58 ਰੁਪੲੇ ਪ੍ਰਤੀ ਕਿਲੋ, ਜਦਕਿ ਗੁਰੂਗ੍ਰਾਮ ਵਿੱਚ ਇਹ 67.37 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਦੇ ਨਾਲ ਹੀ ਆਈਜੀਐੱਲ ਨੇ ਦਿੱਲੀ ਵਿੱਚ ਪੀਐੱਨਜੀ ਦੀ ਕੀਮਤ ਵੀ ਇੱਕ ਰੁਪੲੇ ਪ੍ਰਤੀ ਘਣ ਮੀਟਰ ਤੱਕ ਵਧਾ ਦਿੱਤੀ ਹੈ। ਹੁਣ ਪੀਐੱਨਜੀ 36.61 ਰੁਪਏ ਪ੍ਰਤੀ ਘਣ ਮੀਟਰ ਰੇਟ ’ਤੇ ਮਿਲੇਗੀ। ਉਧਰ, ਭਾਰੀ ਮੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅੱਜ 33 ਰੁਪਏ ਵਧ ਕੇ 8,764 ਰੁਪਏ ਪ੍ਰਤੀ ਬੈਰਲ ਹੋ ਗਈਆਂ ਹਨ। -ਪੀਟੀਆਈ