ਜਗਤਾਰ ਸਮਾਲਸਰ
ਏਲਨਾਬਾਦ, 25 ਮਾਰਚ
ਨਾਮਧਾਰੀ ਸਤਿਗੁਰੂ ਦਲੀਪ ਸਿੰਘ ਦੀ ਛਤਰ ਛਾਇਆ ਹੇਠ ਗੁਰਦੁਆਰਾ ਸ੍ਰੀ ਜੀਵਨ ਨਗਰ ਵਿਖੇ ਮਨਾਏ ਹੋਲਾ ਮਹੱਲੇ ਦਾ ਉਤਸਵ ਅੱਜ ਸਮਾਪਤ ਹੋ ਗਿਆ। ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਕਥਾ-ਕੀਰਤਨ ਅਤੇ ਧਾਰਮਿਕ ਦੀਵਾਨਾਂ ਦਾ ਅਨੰਦ ਮਾਣਿਆ। ਇਸ ਮੌਕੇ ਸੰਗਤ ਨੂੰ ਵਿਦੇਸ਼ ਤੋਂ ਆਨਲਾਈਨ ਪ੍ਰਵਚਨ ਕਰਦਿਆਂ ਸਤਿਗੁਰੂ ਦਲੀਪ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਅਗਵਾਈ ਹੇਠ 27 ਮਾਰਚ ਨੂੰ ਕਲਾਨੌਰ (ਪੰਜਾਬ) ਵਿੱਚ ਵੀ ਹੋਲਾ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪਹਿਲਾ ਭਾਰਤੀ ਧਰਮ ਏਕਤਾ ਸਮੇਲਨ ਹੋ ਰਿਹਾ ਹੈ। ਉਨ੍ਹਾਂ ਸਾਰੇ ਧਰਮਾਂ ਦੇ ਪੈਰੋਕਾਰਾਂ ਨੂੰ ਕਲਾਨੌਰ ਮੇਲੇ ਵਿੱਚ ਇਕੱਠੇ ਹੋਣ ਦਾ ਸੰਦੇਸ਼ ਦਿੰਦਿਆਂ ਆਖਿਆ ਕਿ ਨਾਮਧਾਰੀਆਂ ਲਈ ਮਾਣ ਵਾਲੀ ਗੱਲ ਹੈ ਕਿ ਸਾਰੇ ਧਰਮਾਂ ਨੂੰ ਇਕੱਠਾ ਕਰਨ ਲਈ ਸਭ ਤੋਂ ਪਹਿਲਾਂ ਇਹ ਉੱਦਮ ਕਰ ਰਹੇ ਹਨ। ਉਨ੍ਹਾਂ ਇਸ ਸਮਾਗਮ ਦੌਰਾਨ ਸਾਰੇ ਧਰਮਾਂ ਦੇ ਪੈਰੋਕਾਰਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ।