ਨਵੀਂ ਦਿੱਲੀ, 24 ਮਾਰਚ
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਸੰਸਦ ਨੂੰ ਦੱਸਿਆ ਕਿ ਬੀਤੇ ਕੈਲੰਡਰ ਸਾਲ ਦੌਰਾਨ ਦੇਸ਼ ਭਰ ਵਿੱਚ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ’ਤੇ 1898.73 ਕਰੋੜ ਰੁਪਏ ਦੇ 1.98 ਕਰੋੜ ਤੋਂ ਵੱਧ ਚਲਾਨ ਕੱਟੇ ਗਏ। ਗਡਕਰੀ ਨੇ ਲੋਕ ਸਭਾ ਵਿੱਚ ਪੁੱਛੇ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਪ੍ਰਾਪਤ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਰੋਡ ਰੇਜ ਅਤੇ ਤੇਜ਼ ਰਫ਼ਤਾਰ ਡਰਾਈਵਿੰਗ ਦੇ ਬੀਤੇ ਸਾਲ 2,15,328 ਕੇਸ ਦਰਜ ਹੋਏ ਹਨ। ਕੇਂਦਰੀ ਮੰਤਰੀ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ, ਕੌਮੀ ਰਾਜਧਾਨੀ ਦਿੱਲੀ ਵਿੱਚ ਸਭ ਤੋਂ ਵੱਧ 71,89,824 ਚਲਾਨ ਕੀਤੇ ਗਏ। ਇਸ ਤੋਂ ਬਾਅਦ ਤਾਮਿਲ ਨਾਡੂ (36,26,037) ਅਤੇ ਕੇਰਲਾ (17,41,932) ਦਾ ਨੰਬਰ ਆਉਂਦਾ ਹੈ। ਗਡਕਰੀ ਨੇ ਦੱਸਿਆ ਕਿ ਅਥਾਰਿਟੀਆਂ ਨੇ ਦੇਸ਼ ਵਿੱਚ ਆਵਾਜਾਈ ਉਲੰਘਣਾ ਦੇ ਮਾਮਲੇ ਵਿੱਚ ਇਸ ਸਾਲ ਪਹਿਲੀ ਜਨਵਰੀ ਤੋਂ 15 ਮਾਰਚ ਤੱਕ 417 ਕਰੋੜ ਰੁਪੲੇ ਦੇ 40 ਲੱਖ ਤੋਂ ਵੱਧ ਚਲਾਨ ਕੱਟੇ ਹਨ। ਸੰਸਦ ਵੱਲੋਂ ਸੜਕ ਸੁਰੱਖਿਆ ਵਿੱਚ ਸੁਧਾਰ ਲਿਆਉਣ ਅਤੇ ਆਵਾਜਾਈ ਨਿਯਮਾਂ ਨੂੰ ਸਖ਼ਤ ਬਣਾਉਣ ਲਈ 5 ਅਗਸਤ 2019 ਨੂੰ ਮੋਟਰ ਵਾਹਨ (ਸੋਧ) ਬਿੱਲ-2019 ਪਾਸ ਕੀਤਾ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਸ ਬਿੱਲ ਨੂੰ 9 ਅਗਸਤ 2019 ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਸੀ। -ਪੀਟੀਆਈ