24.2 C
Patiāla
Friday, April 19, 2024

‘ਲਤਾ ਦੀ ਆਵਾਜ਼ ਦਾ ਜਾਦੂ ਸਦਾ ਕਾਇਮ ਰਹੇਗਾ’

Must read


ਇਸਲਾਮਾਬਾਦ/ਲਾਹੌਰ, 6 ਫਰਵਰੀ

ਪਾਕਿਸਤਾਨ ਵਿੱਚ ਵੱਖ ਵੱਖ ਖੇਤਰਾਂ ਨਾਲ ਸਬੰਧਤ ਉੱਘੀਆਂ ਹਸਤੀਆਂ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੰਦਿਆਂ ‘ਉਪ ਮਹਾਦੀਪ ਦੀ ਸੁਰਾਂ ਦੀ ਕੋਇਲ’ ਤੇ ‘ਸੁਰਾਂ ਦੀ ਮਲਿਕਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਤਾ ਪਾਕਿਸਤਾਨੀ ਲੋਕਾਂ ‘ਚ ਸਭ ਤੋਂ ਮਕਬੂਲ ਭਾਰਤੀ ਕਲਾਕਾਰ ਸੀ ਤੇ ਹਮੇਸ਼ਾ ਉਨ੍ਹਾਂ ਦੇ ਦਿਲਾਂ ‘ਤੇ ਰਾਜ ਕਰਦੀ ਰਹੇਗੀ। ਪਾਕਿਸਤਾਨੀ ਸਿਆਸਤਦਾਨਾਂ, ਕਲਾਕਾਰਾਂ, ਕ੍ਰਿਕਟਰਾਂ ਤੇ ਪੱਤਰਕਾਰਾਂ ਨੇ ਮੰਗੇਸ਼ਕਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਇਸ ਨੂੰ ਸੰਗੀਤ ਜਗਤ ਦਾ ਕਾਲਾ ਦਿਨ ਕਰਾਰ ਦਿੱਤਾ ਹੈ। ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨਾਲ ਪੇਈਚਿੰਗ ਗਏ ਵਫ਼ਦ ਵਿੱਚ ਸ਼ਾਮਲ ਚੌਧਰੀ ਨੇ ਉਰਦੂ ਵਿੱਚ ਕੀਤੇ ਟਵੀਟ ਵਿੱਚ ਕਿਹਾ, ”ਲਤਾ ਮੰਗੇਸ਼ਕਰ ਦੇ ਇੰਤਕਾਲ ਨਾਲ ਸੰਗੀਤ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਲਤਾ ਨੇ ਸੰਗੀਤ ਜਗਤ ਵਿੱਚ ਦਹਾਕਿਆਂ ਤੱਕ ਰਾਜ ਕੀਤਾ ਤੇ ਉਨ੍ਹਾਂ ਦੇ ਸੁਰਾਂ ਵਿੱਚਲਾ ਜਾਦੂ ਸਦਾ ਕਾਇਮ ਰਹੇਗਾ।” ਉਨ੍ਹਾਂ ਕਿਹਾ, ‘ਜਿੱਥੇ ਕਿਤੇ ਵੀ ਉਰਦੂ ਬੋਲੀ ਤੇ ਸਮਝੀ ਜਾਂਦੀ ਹੈ, ਉਥੇ ਲੋਕਾਂ ਦੀਆਂ ਭੀੜਾਂ ਨਮ ਅੱਖਾਂ ਨਾਲ ਲਤਾ ਮੰਗੇਸ਼ਕਰ ਨੂੰ ਵਿਦਾਇਗੀ ਦੇ ਰਹੀਆਂ ਹਨ।” ਅੰਗਰੇਜ਼ੀ ਵਿੱਚ ਕੀਤੇ ਇਕ ਵੱਖਰੇ ਟਵੀਟ ‘ਚ ਉਨ੍ਹਾਂ ਕਿਹਾ, ”ਮਹਾਨ ਗਾਇਕਾ ਨਹੀਂ ਰਹੀ। ਲਤਾ ਮੰਗੇਸ਼ਕਰ ਸੁਰਾਂ ਦੀ ਮਲਿਕਾ ਸੀ, ਜਿਸ ਨੇ ਸੰਗੀਤ ਜਗਤ ਵਿੱਚ ਦਹਾਕਿਆਂ ਬੱਧੀ ਰਾਜ ਕੀਤਾ।” ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੈਨੇਟਰ ਅਲੀ ਜ਼ਾਦਰ ਨੇ ਕਿਹਾ, ”ਉਪ ਮਹਾਦੀਪ ਦੀ ਕੋਇਲ ਲਤਾ ਮੰਗੇਸ਼ਕਰ ਸੋਹਣੀ ਤੇ ਮਿੱਠੀ ਆਵਾਜ਼ ਸੀ, ਜੋ ਕਿ ਹਰ ਸੰਗੀਤ ਪ੍ਰੇਮੀ ਦੀ ਜ਼ਿੰਦਗੀ ਦਾ ਹਿੱਸਾ ਸੀ। ਅੱਲ੍ਹਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ।” ਵਿਰੋਧੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਸੈਨੇਟਰ ਸ਼ੈਰੀ ਰਹਿਮਾਨ ਨੇ ਕਿਹਾ ਕਿ ਲਤਾ ਸੁਰੀਲੇ, ਗਾਉਣ ਦੀ ਮੁਹਾਰਤ, ਪਲੇਅਬੈਕ ਸਿਨੇਮਾ ਦੇ ਯੁੱਗ ਨੂੰ ਪਰਿਭਾਸ਼ਤ ਕਰਦੀ ਹੈ। ਉਨ੍ਹਾਂ ਕਿਹਾ, ”ਉਨ੍ਹਾਂ ਦੇ ਇੰਤਕਾਲ ਦਾ ਸੁਣ ਕੇ ਦੁੱਖ ਹੋਇਆ। ਉਨ੍ਹਾਂ ਵੱਲੋਂ ਗਾਏ ਗੀਤਾਂ ਦੀ ਲਿਸਟ ਇੰਨੀ ਲੰਮੀ ਹੈ ਕਿ ਇਸ ਵਿੱਚੋਂ ਪਸੰਦੀਦਾ ਪੰਜ ਗਾਣਿਆਂ ਨੂੰ ਚੁਣਨਾ ਬਹੁਤ ਔਖਾ ਹੈ, ਪਰ ‘ਆਜ ਫਿਰ ਜੀਨੇ ਕੀ ਤਮੰਨਾ ਹੈ’ ਮੈਨੂੰ ਸਭ ਤੋਂ ਵੱਧ ਪਸੰਦ ਹੈ।” ਪਾਕਿਸਤਾਨ ਹਿੰਦੂ ਕੌਂਸਲ ਦੇ ਸਰਪ੍ਰਸਤ ਰਮੇਸ਼ ਕੁਮਾਰ ਵਾਂਕਵਾਨੀ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਗਾਇਕਾ ਨੇ ਉਪ ਮਹਾਦੀਪ ਦੇ ਲੋਕਾਂ ਤੇ ਉਰਦੂ/ਹਿੰਦੀ ਦੀ ਸਮਝ ਰੱਖਣ ਵਾਲੇ ਵਿਅਕਤੀਆਂ ਦੇ ਦਿਲਾਂ ‘ਤੇ ਲੰਮਾ ਸਮਾਂ ਰਾਜ ਕੀਤਾ। -ਪੀਟੀਆਈ

ਲਤਾ ਮੰਗੇਸ਼ਕਰ ਨੇ ‘ਸੰਗੀਤ ਸਰਬਵਿਆਪਕ ਭਾਸ਼ਾ’ ਦੀ ਕਹਾਵਤ ਨੂੰ ਸਾਰਥਿਕ ਕੀਤਾ: ਰਾਜਪਕਸੇ

ਕੋਲੰਬੋ: ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਸੋਗ ਜਤਾਉਂਦਿਆਂ ਕਿਹਾ ਕਿ ਗਾਇਕਾ ਵੱਲੋਂ ਗਾਏ ਗੀਤ ਸਰਹੱਦਾਂ ਦੀਆਂ ਵਲਗਣਾਂ ਨੂੰ ਨਹੀਂ ਜਾਣਦੇ ਸਨ ਤੇ ਉਨ੍ਹਾਂ ‘ਸੰਗੀਤ ਸਰਬਵਿਆਪਕ ਭਾਸ਼ਾ ਹੈ’ ਦੀ ਕਹਾਵਤ ਨੂੰ ਸੱਚ ਕਰ ਵਿਖਾਇਆ ਸੀ। ਰਾਜਪਕਸੇ ਨੇ ਕਿਹਾ, ‘ਭਾਰਤ ਦੀ ਕੋਇਲ ਲਤਾ ਮੰਗੇਸ਼ਕਰ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹਾਂ। ਦਹਾਕਿਆਂ ਬੱਧੀ ਕੀਤੇ ਮਨੋਰੰਜਨ, ਜੋ ਸਰਹੱਦਾਂ ਦੀ ਵਲਗਣਾਂ ਤੋਂ ਪਾਰ ਸੀ ਤੇ ਜਿਸ ਨੇ ਸੰਗੀਤ ਸਰਬਵਿਆਪਕ ਭਾਸ਼ਾ’ ਦੀ ਕਹਾਵਤ ਨੂੰ ਸਾਰਥਕ ਕੀਤਾ, ਲਈ ਧੰਨਵਾਦ।” ਪ੍ਰਧਾਨ ਮੰਤਰੀ ਨੇ ਟਵੀਟ ਦੇ ਨਾ ਮੰਗੇਸ਼ਕਰ ਦੀ ਇਕ ਤਸਵੀਰ ਵੀ ਸਾਂਝੀ ਕੀਤੀ। -ਪੀਟੀਆਈ

ਪਾਕਿ ਪ੍ਰਧਾਨ ਮੰਤਰੀ ਇਮਰਾਨ ਵੱਲੋਂ ਅਫ਼ਸੋਸ ਜ਼ਾਹਿਰ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ ਉਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਪ ਮਹਾਦੀਪ ਨੇ ਇਕ ਮਹਾਨ ਗਾਇਕਾ ਗੁਆ ਦਿੱਤੀ ਹੈ। ਇਮਰਾਨ ਨੇ ਕਿਹਾ ਕਿ ਲਤਾ ਦੇ ਗੀਤਾਂ ਨੇ ਪੂਰੇ ਸੰਸਾਰ ਵਿਚ ਲੋਕਾਂ ਨੂੰ ਬੇਹੱਦ ਖ਼ੁਸ਼ੀ ਦਿੱਤੀ। ਜ਼ਿਕਰਯੋਗ ਹੈ ਕਿ ਇਮਰਾਨ ਚੀਨ ਦੇ ਦੌਰੇ ਉਤੇ ਹਨ। -ਪੀਟੀਆਈ



News Source link

- Advertisement -

More articles

- Advertisement -

Latest article