37.6 C
Patiāla
Tuesday, April 23, 2024

ਜਿੱਤ ਦਾ ਜਜ਼ਬਾ

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਤੁਸੀਂ ਇਸ ਜਿੱਤ ਦੇ ਅਰਥ ਪੁੱਛਦੇ ਹੋ, ਜਿੱਤ ਜੋ ਸਾਡੇ ਸਮਿਆਂ ਦਾ ਹਾਸਲ ਹੈ ਅਤੇ ਜ਼ਮੀਨ ਦੇ ਜਾਇਆਂ ਨੇ ਆਪਣੇ ਨਾਮ ਕੀਤੀ ਹੈ। ਜਿੱਤ ਜਿਸ ਬਾਰੇ ਵਕਤ ਦੇ ਹਾਕਮਾਂ ਦੀਆਂ ਫੋਕੀਆਂ ਧਾਰਨਾਵਾਂ ਟੁੱਟੀਆਂ ਹਨ। ਜਿੱਤ ਦੇ ਅਰਥ ਸਮਝਣ ਲਈ ਸਿਦਕ, ਸਬਰ, ਸਿਰੜ, ਸਾਧਨਾ, ਸਹਿਜ, ਸਹਿਯੋਗ, ਸਾਂਝੀਵਾਲਤਾ, ਸੂਹੀ ਸੋਚ, ਸਿਆਣਪ, ਸਾਂਝੀਵਾਲਤਾ, ਸਦਭਾਵਨਾ ਅਤੇ ਸੱਚ ਦਾ ਸਾਥ ਮਾਣਨਾ ਬਹੁਤ ਜ਼ਰੂਰੀ ਹੈ ਜੋ ਇਨ੍ਹਾਂ ਜਿੱਤਾਂ ਵਾਲਿਆਂ ਦੇ ਸਿਰ ਦਾ ਤਾਜ ਹੈ। ਇਹ ਜਿੱਤ ਹੀ ਹੈ ਜੋ ਚਿਰਾਂ ਬਾਅਦ ਆਪਣੇ ਘਰਾਂ ਨੂੰ ਪਰਤਦਿਆਂ ਦੇ ਮੁੱਖੜਿਆਂ ਦਾ ਨੂਰ, ਬਿਆਈਆਂ ਵਾਲੇ ਪੈਰਾਂ ਦਾ ਸਰੂਰ, ਰੱਟਨਾਂ ਵਾਲੇ ਹੱਥਾਂ ਦਾ ਗਰੂਰ ਅਤੇ ਖੇਤਾਂ ਵਿੱਚ ਉੱਗੀਆਂ ਖੁਸ਼ੀਆਂ ਦਾ ਪੁਰਨੂਰ ਹੈ।

ਜਿੱਤ, ਜਿਸ ਨੇ ਆਮ ਲੋਕਾਂ ਨੂੰ ਉਨ੍ਹਾਂ ਦੀ ਹਿੰਮਤ, ਹੱਕ, ਹੱਠ ਅਤੇ ਦਲੇਰੀ ਦੇ ਦਰਸ਼ ਕਰਵਾਏ ਹਨ। ਜੇ ਤੁਸੀਂ ਫਿਰ ਵੀ ਇਸ ਜਿੱਤ ਦੇ ਮਾਅਨੇ ਪੁੱਛਦੇ ਹੋ? ਇਸ ਨੂੰ ਜਾਣਨਾ ਚਾਹੁੰਦੇ ਹੋ ਤਾਂ ਇਸ ਜਿੱਤ ਨੂੰ ਸਮਝਣ ਅਤੇ ਇਸ ਦੀਆਂ ਤਹਿਆਂ ਫਰੋਲਣ ਲਈ ਖੁ਼ਦ ਨੂੰ ਇਸ ਦਾ ਹਾਣੀ ਬਣਾਉਣਾ ਪਵੇਗਾ। ਇਸ ਦੀਆਂ ਪੈੜਾਂ ਨੂੰ ਫਰੋਲਣ ਲਈ ਖ਼ੁਦ ਨੂੰ ਉਨ੍ਹਾਂ ਹਾਲਤਾਂ ਬਾਰੇ ਕਿਆਸਣਾ ਹੋਵੇਗਾ ਤੇ ਪਿਛਲਪੁਰੀ ਵਿਚਾਰਨਾ ਪਵੇਗਾ। ਇਸ ਜਿੱਤ ਦੇ ਅਰਥ ਰਾਹਾਂ ਵਿੱਚ ਉੱਗੀਆਂ ਕੰਡਿਆਲੀਆਂ ਵਾੜਾਂ, ਠੋਕੇ ਹੋਏ ਕਿੱਲਾਂ ਅਤੇ ਰੋਕਾਂ ਦੀ ਹਿੱਕ ‘ਤੇ ਉੱਗੇ ਹੋਏ ਸਫ਼ਰ ਨੂੰ ਪੁੱਛਣਾ ਜਿਨ੍ਹਾਂ ਨੂੰ ਆਪਣੀ ਹੋਛੀ ਹਰਕਤ ‘ਤੇ ਸ਼ਾਇਦ ਹੁਣ ਨਮੋਸ਼ੀ ਜ਼ਰੂਰ ਆਉਂਦੀ ਹੋਵੇਗੀ।

ਜਿੱਤ ਦੇ ਮਾਅਨੇ ਜਾਣਨ ਲਈ ਪਾਣੀ ਦੀਆਂ ਬੁਛਾਰਾਂ ਵਿੱਚ ਪੰਜ ਇਸ਼ਨਾਨ ਕਰ ਕੇ ਸੋਚ ਨੂੰ ਸੁੱਚਾ ਕਰਦੇ ਅਤੇ ਵਰ੍ਹਦੀਆਂ ਡਾਂਗਾਂ ਤੇ ਅੱਥਰੂ ਗੈਸ ਦੇ ਗੋਲਿਆਂ ਵਿੱਚੋਂ ਆਪਣੀ ਜਿੱਤ ਦੀ ਨਿਸ਼ਾਨਦੇਹੀ ਕਰਦੀਆਂ ਉਨ੍ਹਾਂ ਅੱਖਾਂ ਵਿੱਚੋਂ ਦੇਖਣਾ ਜਿਨ੍ਹਾਂ ਲਈ ਆਪਣੀ ਤੋਰ ਵਿੱਚ ਪਕਿਆਈ ਅਤੇ ਤਕੜਾਈ ਉਨ੍ਹਾਂ ਦਾ ਹਾਸਲ ਬਣਨ ਲਈ ਉਤਾਵਲੀ ਸੀ। ਜਿੱਤ ਨੂੰ ਸਮਝਣ ਲਈ ਗਿੱਟਿਆਂ ‘ਤੇ ਸੋਟੀਆਂ ਨਾਲ ਉੱਗੀ ਹੋਈ ਚੀਸ, ਪਾਟੇ ਹੋਏ ਸਿਰ ਅਤੇ ਵਾਲਾਂ ਵਿੱਚੋਂ ਵਗਦੀਆਂ ਲਹੂ ਦੀਆਂ ਤਤੀਰੀਆਂ ਦੇ ਰੰਗ ਨੂੰ ਸਮਝਣਾ। ਪੀੜ ਨੂੰ ਅੰਤਰੀਵ ਵਿੱਚ ਜ਼ੀਰ ਕੇ ਆਪਣੇ ‘ਤੇ ਤਸ਼ੱਦਦ ਢਾਹੁਣ ਵਾਲਿਆਂ ਨੂੰ ਲੰਗਰ ਛਕਾਉਣ ਦੀ ਸ਼ੁਭ ਕਰਮਨ ਵਾਲੀ ਧਾਰਨਾ ਨੂੰ ਸਮਝਣ ਦੀ ਲੋੜ ਹੈ। ਤਾਂ ਹੀ ਪਤਾ ਲੱਗੇਗਾ ਕਿ ਜ਼ੁਲਮ ਢਾਹੁਣ ਵਾਲਿਆਂ ਦੇ ਹੱਥਾਂ ‘ਤੇ ਰੱਖੇ ਲੰਗਰ ਦੇ ਫੁਲਕੇ ‘ਤੇ ਤਾਂ ਪਹਿਲੇ ਦਿਨ ਹੀ ਜਿੱਤ ਦੇ ਸ਼ਿਲਾਲੇਖ ਉੱਕਰੇ ਗਏ ਸਨ। ਸਿਰਫ਼ ਹਾਕਮਾਂ ਕੋਲ ਇਨ੍ਹਾਂ ਨੂੰ ਪੜ੍ਹਨ ਦੀ ਹੀ ਵਿਹਲ ਨਹੀਂ ਸੀ ਅਤੇ ਨਾ ਹੀ ਉਹ ਇਸ ਲਿਖਤ ਨੂੰ ਸਮਝ ਕੇ ਇਸ ਦੀ ਸੁੱਚਮਤਾ ਨੂੰ ਨਤਮਸਕਤ ਹੋਣ ਲਈ ਤਿਆਰ ਸਨ।

ਜਿੱਤ ਤਾਂ ਦੀਦਿਆਂ ਵਿੱਚ ਤਰਲ ਹੋਏ ਸੁਪਨਿਆਂ ਵਿੱਚੋਂ ਉਸ ਦਿਨ ਹੀ ਵਹਿ ਤੁਰੀ ਸੀ, ਜਿਸ ਦਿਨ ਖੇਤਾਂ ਦੇ ਜਾਇਆਂ ਨੇ ਧਰਤ ਮਾਂ ਦੇ ਹੱਕਾਂ ਲਈ ਚਾਲੇ ਪਾਏ ਸਨ। ਉਨ੍ਹਾਂ ਨੂੰ ਪਤਾ ਸੀ ਕਿ ਨੈਣਾਂ ਵਿੱਚ ਤਰਲ ਹੋਏ ਸੁਪਨਿਆਂ ਨੇ ਓਨਾ ਚਿਰ ਚੈਨ ਨਾਲ ਟਿਕਣ ਨਹੀਂ ਦੇਣਾ, ਜਿੰਨਾ ਚਿਰ ਉਹ ਆਪਣੀ ਵਿਰਾਸਤ ਅਤੇ ਮਿੱਟੀ ਦੀ ਮਹਿਕ ਨੂੰ ਪਿੰਡੇ ‘ਤੇ ਮਹਿਕਾਉਂਦੇ ਰਹਿਣਗੇ। ਇਸ ਜਿੱਤ ਦੇ ਅਰਥ ਤਾਂ ਤੁਹਾਨੂੰ ਵਿਰਸੇ ਵਿੱਚ ਬੜੀ ਜਲਦੀ ਹੀ ਲੱਭ ਜਾਣਗੇ। ਜਦੋਂ ਕੋਈ ਕੌਮ ਆਪਣੇ ਹੱਕਾਂ ਲਈ ਜਾਨ ਦੀ ਬਾਜ਼ੀ ਲਾਉਣ ਅਤੇ ਸ਼ਾਂਤ ਰਹਿ ਕੇ ਜਾਬਰਾਂ ਨੂੰ ਝੁਕਾਉਣਾ ਜਾਣਦੀ ਹੋਵੇ ਤਾਂ ਉਨ੍ਹਾਂ ਦੇ ਮੱਥਿਆਂ ‘ਤੇ ਜਿੱਤਾਂ ਦੇ ਨਕਸ਼ ਜ਼ਰੂਰ ਉੱਘੜਨਗੇ।

ਇਸ ਜਿੱਤ ਨੇ ਦੁਨੀਆ ਨੂੰ ਦਰਸਾ ਦਿੱਤਾ ਕਿ ਜਦੋਂ ਆਮ ਵਿਅਕਤੀ ਜਾਗਰੂਕ ਹੋ ਕੇ ਤਰਕ ਅਤੇ ਸਮਝ ਨਾਲ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਦਾ ਨਿਰਣਾ ਕਰ ਲਵੇ ਤਾਂ ਕੋਈ ਵੀ ਹਾਕਮ ਉਨ੍ਹਾਂ ਨੂੰ ਆਪਣੇ ਅਡੋਲ ਪ੍ਰਣ ਤੋਂ ਨਹੀਂ ਡੁਲਾ ਸਕਦਾ। ਉਹ ਦੁਨੀਆ ਦੀ ਤਵਾਰੀਖ਼ ਵਿੱਚ ਇੱਕ ਅਜਿਹਾ ਵਰਕਾ ਜੋੜ ਦਿੰਦੇ ਹਨ ਜਿਸ ‘ਤੇ ਆਉਣ ਵਾਲੀਆਂ ਨਸਲਾਂ ਮਾਣ ਵੀ ਕਰਨਗੀਆਂ ਅਤੇ ਆਪਣੇ ਪੁਰਖਿਆਂ ਦੇ ਮਾਰਗ ‘ਤੇ ਚੱਲਣ ਦਾ ਤਹੱਈਆ ਵੀ ਕਰਨਗੀਆਂ। ਇਸ ਜਿੱਤ ਦੀ ਤਹਿ ਫਰੋਲਣੀ ਹੈ ਤਾਂ ਧਰਨਿਆਂ ਦੇ ਆਲੇ-ਦੁਆਲੇ ਵਸਦੇ ਰੇਹੜੀ ਤੇ ਖੋਖੇ ਵਾਲਿਆਂ ਤੋਂ ਲੈ ਕੇ ਵੱਡੇ ਅਦਾਰਿਆਂ ਵਾਲਿਆਂ ਤੋਂ ਪੁੱਛੋ ਕਿ ਕਿਵੇਂ ਇਨ੍ਹਾਂ ਬਾਰੇ ਮੀਡੀਆ ਵੱਲੋਂ ਬਣਾਈ ਧਾਰਨਾ ਟੁੱਟਦੀ ਹੈ? ਕਿਵੇਂ ਹਰ ਵਿਅਕਤੀ ਇਸ ਨੂੰ ਆਪਣੀ ਜੱਦੋ-ਜਹਿਦ ਸਮਝ ਕੇ ਇਸ ਦਾ ਹਿੱਸਾ ਬਣ ਕੇ ਮਾਣਮੱਤਾ ਮਹਿਸੂਸ ਕਰਦਾ ਹੈ।

ਜਿੱਤ ਦੀ ਤਫ਼ਸੀਲ ਲਈ ਨੱਕ ‘ਤੇ ਟਿਕਾਈਆਂ ਐਨਕਾਂ ਹੇਠ ਮਘਦੇ ਦੀਦਿਆਂ, ਹਿੱਕ ਵਿੱਚ ਉੱਜਵਲ ਹੋਈ ਜਜ਼ਬੇ ਦੀ ਜਵਾਲਾ, ਸੋਚ ਵਿੱਚ ਸ਼ਾਂਤੀ ਤੇ ਸਹਿਜ ਦਾ ਸੁਖਨ ਅਤੇ ਕਰਮ ਵਿਚਲੀ ਧਰਮ-ਕੀਰਤੀ ਵਿੱਚ ਉਤਰਨ ਦੀ ਜ਼ਰਾ ਕੁ ਕੋਸ਼ਿਸ਼ ਕਰਨਾ, ਸਭ ਕੁਝ ਆਪਣੇ ਆਪ ਹੀ ਸਮਝ ਆ ਜਾਵੇਗਾ। ਜਿੱਤ ਦੇ ਅਰਥ ਤਾਂ ਉਸ ਸਮੇਂ ਸਪੱਸ਼ਟ ਹੀ ਹੋ ਗਏ ਸਨ ਜਦੋਂ ਤਰਕ ਸਾਹਵੇਂ ਕਿਰ ਗਈਆਂ ਸਨ ਥੋਥੀਆਂ ਦਲੀਲਾਂ, ਪਾਖੰਡਬਾਜ਼ੀ ਦੀਆਂ ਦੁਰਕਾਰੀਆਂ ਗਈਆਂ ਅਪੀਲਾਂ। ਸਾਬਤ ਕਦਮਾਂ ਵਾਲੀ ਤੋਰ ਦੀ ਸੰਜੀਦਗੀ, ਸਿਆਣਪ, ਸਮਝ ਅਤੇ ਸਮਰੱਥਾ ਨੇ ਆਪਣੇ ਸਿਰੜ ਵਿੱਚੋਂ ਨਵੇਂ ਸਿਰਨਾਵਿਆਂ ਵਾਲੀ ਪੈੜ ਨੂੰ ਰੁਸ਼ਨਾਇਆ ਸੀ। ਸੁਪਨਿਆਂ ਦਾ ਸੱਚ ਹਾਸਲ ਕਰਨ ਲਈ ਖ਼ੁਦ ਨੂੰ ਸੁਪਨਿਆਂ ਦੇ ਹਾਣ ਦਾ ਕਰਨਾ ਪੈਂਦਾ ਅਤੇ ਸੁਪਨਿਆਂ ਦੀ ਸਰਦਲ ‘ਤੇ ਖ਼ੁਦ ਨੂੰ ਅਰਪਿਤ ਕਰਨਾ ਪੈਂਦਾ ਹੈ। ਜਿੱਤ ਦੇ ਅਰਥਾਂ ਲਈ ਮਿੱਟੀ ਦੇ ਜਾਇਆਂ ਦੀ ਤਹਿਰੀਕ ਦੀਆਂ ਤਹਿਆਂ ਫਰੋਲੋ। ਇਨ੍ਹਾਂ ਦੀ ਪੁਰਖੀ ਵਿਰਾਸਤ ਵਿਚਾਰੋ। ਇਨ੍ਹਾਂ ਦੀ ਜੀਵਨਸ਼ੈਲੀ ਨੂੰ ਵਿਚਾਰੋ ਜੋ ਦਿਨ-ਰਾਤ ਆਪਣੇ ਜੀਵਨ ਨੂੰ ਖੇਤਾਂ ਦੇ ਨਾਮ ਲਾਉਂਦੇ ਹਨ। ਸਾਹਾਂ ਵਰਗੀਆਂ ਫਸਲਾਂ ਨੂੰ ਬੱਚਿਆਂ ਵਾਂਗ ਪਾਲਦੇ ਅਤੇ ਇਨ੍ਹਾਂ ਦੀਆਂ ਸੁੱਖਣਾਂ ਸੁੱਖਦਿਆਂ ਸਰਬੱਤ ਲਈ ਸਕੂਨ ਅਤੇ ਸਬਰ ਦਾ ਸਬਕ ਪੜ੍ਹਾਉਂਦੇ ਹਨ।

ਜਿੱਤ ਦੇ ਅਰਥ ਮਾਵਾਂ, ਦਾਦੀਆਂ, ਚਾਚੀਆਂ, ਤਾਈਆਂ, ਭੈਣਾਂ ਅਤੇ ਧੀਆਂ ਨੂੰ ਪੁੱਛਣਾ, ਜਿਨ੍ਹਾਂ ਨੇ ਖੇਤਾਂ ਦੇ ਵਾਰਸਾਂ ਨੂੰ ਮੋਰਚੇ ‘ਤੇ ਤੋਰ ਕੇ ਖ਼ੁਦ ਖੇਤ ਸੰਭਾਲੇ ਸਨ। ਜਿਨ੍ਹਾਂ ਦੀਆਂ ਝੁਰੜੀਆਂ ਵਿੱਚ ਜਿੱਤ ਦੇ ਨਕਸ਼ ਸਨ, ਜਿਨ੍ਹਾਂ ਨੇ ਮੋਰਚਿਆਂ ‘ਤੇ ਡਟਿਆਂ ਲਈ ਹੀ ਰੋਟੀ ਨਹੀਂ ਸੀ ਪਕਾਈ ਸਗੋਂ ਆਸ-ਪਾਸ ਵਸਦੀ ਲੋਕਾਈ ਨੂੰ ਵੀ ਆਪਣੇ ਨਾਲ ਜੋੜ ਲਿਆ ਸੀ। ਜਿਨ੍ਹਾਂ ਨੇ ਲੋਕ-ਸੰਸਦ ਵੀ ਚਲਾਈ। ਜਿਨ੍ਹਾਂ ਨੇ ਦਿਹਾੜੀਦਾਰ ਹੋਣ ਦੀਆਂ ਤੋਹਮਤਾਂ ਨੂੰ ਪਿੰਡੇ ਤੋਂ ਪੂੰਝ, ਚਿਕਨੇ ਚਿਹਰਿਆਂ ਨੂੰ ਦੱਸ ਦਿੱਤਾ ਕਿ ਖੇਤਾਂ ਦੇ ਜਾਇਆਂ ਜਿੰਨੀਆਂ ਹੀ ਜ਼ੋਰਾਵਰ ਅਤੇ ਜ਼ਿੰਦਾਦਿਲ ਨੇ ਘਰ ਵਿੱਚ ਰਹਿਣ ਵਾਲੀਆਂ ਸਾਡੀਆਂ ਮਾਵਾਂ। ਜਿਹੜੀਆਂ ਮੌਕਾ ਪੈਣ ‘ਤੇ ਸਿਰ ‘ਤੇ ਮੜ੍ਹਾਸਾ ਬੰਨ੍ਹ, ਮੁਹਰੈਲ ਬਣ, ਦੁਸ਼ਮਣ ਦੀ ਅੱਖ ਵਿੱਚ ਅੱਖ ਪਾ ਕੇ ਉਸ ਨੂੰ ਉਸ ਦੀ ਔਕਾਤ ਦੇ ਰੁਬਰੂ ਵੀ ਕਰ ਸਕਦੀਆਂ ਹਨ। ਇਨ੍ਹਾਂ ਦੀ ਲਲਕਾਰ ਹਾਕਮਾਂ ਨੂੰ ਕੰਬਣੀ ਛੇੜਦੀ ਸੀ।

ਇਸ ਜਿੱਤ ਨੂੰ ਸਮਝਣ ਲਈ ਤੁਹਾਨੂੰ ਸੜਕਾਂ ਦੇ ਕੰਢਿਆਂ ‘ਤੇ ਉੱਗੇ ਹੋਏ ਸ਼ਹਿਰ, ਟਰਾਲੀਆਂ ਵਿੱਚ ਬਣੇ ਹੋਏ ਘਰ ਅਤੇ ਪਾਣੀ ਵਿੱਚ ਡੁੱਬੇ ਤੰਬੂਆਂ ਵਿੱਚ ਔਕੜਾਂ ਨੂੰ ਮਖੌਲਾਂ ਕਰਨ ਵਾਲਿਆਂ ਨੂੰ ਮਿਲਣਾ ਪਵੇਗਾ। ਨਿੱਕੇ-ਨਿੱਕੇ ਖਾਨਿਆਂ ਵਿੱਚ ਜਾਗਦੀਆਂ ਕਿਤਾਬਾਂ ਨੂੰ ਘੋਖਦੀਆਂ ਅੱਖਾਂ ਦੇਖਣਾ। ਪੋਹ ਦੀ ਰਾਤੇ ਮਾਛੀਵਾੜੇ ਨੂੰ ਧਿਆਉਂਦੇ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਦੀਦਿਆਂ ਵਿੱਚ ਸਾਹਿਬਜ਼ਾਦਿਆਂ ਦੀ ਦੀਦਾ-ਦਲੇਰੀ ਨੂੰ ਚਿਤਵਣਾ ਬਹੁਤ ਜ਼ਰੂਰੀ ਹੈ ਤਾਂ ਹੀ ਇਸ ਜਿੱਤ ਨੂੰ ਉਸ ਦੇ ਸਹੀ ਤੇ ਸੱਚੇ ਸੰਦਰਭ ਵਿੱਚ ਸਮਝਣ ਵਿੱਚ ਸੌਖ ਹੋਵੇਗੀ।

ਜਿੱਤ ਦੇ ਪਸਾਰ ਜਾਣਨੇ ਹਨ ਤਾਂ ਝੰਡਿਆਂ ਦੀ ਛਾਂ ਹੇਠ ਮਾਵਾਂ ਦਾ ਕਾਫ਼ਲਾ, ਸਵਾਣੀਆਂ ਵੱਲੋਂ ਮੁੱਠੀ ਬੰਦ ਕਰ ਕੇ ਲਾਏ ਜੈਕਾਰਿਆਂ ਦੀ ਗੂੰਜ, ਚੌਂਕੇ ਤੋਂ ਚੌਕ ਤੀਕ ਦੀ ਯਾਤਰਾ ਅਤੇ ਬਾਪੂਆਂ ਦੇ ਬਰਾਬਰ ਤੁਰਦੀਆਂ ਧੀਆਂ ਦੀਆਂ ਤਸਵੀਰਾਂ ਨੂੰ ਚੰਗੀ ਤਰ੍ਹਾਂ ਨਿਹਾਰਨਾ, ਤੁਹਾਨੂੰ ਉਨ੍ਹਾਂ ਦੀ ਤੋਰ ਵਿਚਲੀ ਮੜ੍ਹਕ ਤੇ ਨਿਰਭੈਤਾ, ਬੋਲਾਂ ਵਿਚਲੀ ਬੇਲਿਹਾਜ਼ਤਾ ਅਤੇ ਅੱਖਾਂ ਵਿੱਚ ਦਗਦੇ ਚੰਗਿਆੜੇ ਵਿੱਚੋਂ ਆਪਣੇ ਟੀਚੇ ਨੂੰ ਪੂਰਾ ਕਰਨ ਦਾ ਪ੍ਰਤੱਖ ਪ੍ਰਮਾਣ ਨਜ਼ਰ ਪਵੇਗਾ।

ਜਿੱਤ ਦੇ ਅਰਥ ਪੁੱਛਣੇ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਪੁੱਛੋ ਜਿਨ੍ਹਾਂ ਨੇ ਘਰ-ਪਰਿਵਾਰ ਨੂੰ ਬੇਦਾਵਾ ਦਿੱਤਾ, ਜਿਨ੍ਹਾਂ ਨੇ ਆਪਣਾ ਸਭ ਕੁਝ ਵੇਚ ਵੱਟ ਕੇ ਲੋਕ-ਲਹਿਰ ਦੇ ਲੇਖੇ ਲਾਇਆ, ਜਿਨ੍ਹਾਂ ਨੇ ਭਰਮ-ਭੁਲੇਖਿਆਂ ਨੂੰ ਤਿਆਗ ਕੇ ਹੱਕ-ਸੱਚ ਦੀ ਲਹਿਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਅਤੇ ਲੋਕਾਂ ਦਾ ਪਿਆਰ ਕਮਾਇਆ। ਇਹ ਲੋਕ ਹੀ ਨੇ ਜਿਨ੍ਹਾਂ ਨੇ ਤਵਾਰੀਖ਼ ਦਾ ਇੱਕ ਵਰਕਾ ਆਪਣੇ ਨਾਮ ਦਾ ਲਿਖਵਾਇਆ ਅਤੇ ਨਵੀਂ ਤਹਿਜ਼ੀਬ ਨੂੰ ਲੋਕ-ਮਨਾਂ ਵਿੱਚ ਸਮਾਇਆ ਕਿ ਲੋਕਾਂ ਦੀਆਂ ਵੰਡੀਆਂ ਸਿਰਫ਼ ਹਾਕਮਾਂ ਦੀ ਚਾਲ ਹੁੰਦੀ ਹੈ। ਜਦੋਂ ਲੋਕ ਇਕੱਠੇ ਹੋ ਕੇ ਲੋਕ-ਲਹਿਰ ਬਣਦੇ ਹਨ ਤਾਂ ਇਹ ਚਾਲਾਂ ਰੇਤ ਦੀਆਂ ਦੀਵਾਰਾਂ ਵਾਂਗ ਪਲ ਭਰ ਵਿੱਚ ਢਹਿ-ਢੇਰੀ ਹੋ ਜਾਂਦੀਆਂ ਹਨ।

ਜਿੱਤ ਦੇ ਅਰਥ ਪੁੱਛਣੇ ਹਨ ਤਾਂ ਕਾਰਪੋਰੇਟਾਂ ਦੇੇ ਚਿਹਰਿਆਂ ‘ਤੇ ਚਿਪਕੀ ਉਦਾਸੀ, ਜ਼ਮੀਨਾਂ ਹਥਿਆਉਣ ਦੀ ਲੋਚਾ ਪਾਲਣ ਵਾਲਿਆਂ ਦੀ ਨਮੋਸ਼ੀ, ਵੱਡੇ ਮਹਿਲਾਂ ਵਿੱਚ ਖਾਮੋਸ਼ ਹੋ ਗਈਆਂ ਮਹਿਫ਼ਲਾਂ ਅਤੇ ਉਨ੍ਹਾਂ ਦੀਆਂ ਕੂੜ-ਕਮਾਈਆਂ ਅਤੇ ਕਮੀਨਗੀਆਂ ਨੂੰ ਮਿਲਣਾ ਕਰੁਣਾ ਦਾ ਅੰਦਾਜ਼ਾ ਜ਼ਰੂਰ ਲੱਗ ਜਾਵੇਗਾ।

ਜਿੱਤ ਦੇ ਅਰਥ ਤਾਂ ਸਪੱਸ਼ਟ ਹੀ ਹੋ ਜਾਣਗੇ ਜਦੋਂ ਗੀਤਾਂ ਦੇ ਬਦਲੇ ਮੁੱਖੜੇ ਅਤੇ ਲੋਕ-ਸੰਗੀਤ ਦੇ ਨਵੇਂ ਸਿਰਨਾਵੇਂ ਨੂੰ ਦੇਖੋਗੇ। ਕਲਮਾਂ ਵੱਲੋਂ ਕੋਰੇ ਵਰਕਿਆਂ ‘ਤੇ ਉੱਕਰੀ ਉਸ ਇਬਾਰਤ ਨੂੰ ਪੜ੍ਹਨਾ, ਜਿਸ ਨੇ ਇਬਾਦਤ ਵਾਂਗ ਨਵੀਂ ਪੀੜ੍ਹੀ ਦਾ ਮਾਰਗ-ਦਰਸ਼ਨ ਕਰਨਾ ਹੈ। ਨੌਜਵਾਨਾਂ ਦੇ ਸੁਪਨਿਆਂ ਨੂੰ ਮਿਲੀ ਨਵੀਂ ਪਰਵਾਜ਼, ਜਿਊਣ ਤੋਂ ਆਕੀ ਹੋ ਚੁੱਕਿਆਂ ਨੂੰ ਮਿਲਿਆ ਨਵਾਂ ਜਿਊਣ ਅੰਦਾਜ਼ ਅਤੇ ਉਨ੍ਹਾਂ ਦੇ ਸਾਹਸਤਹੀਣ ਸਾਹਾਂ ਵਿੱਚ ਉੱਗਿਆ ਸਾਹਾਂ ਦਾ ਰਿਆਜ਼ ਦੇਖਣਾ। ਪਤਾ ਲੱਗੇਗਾ ਕਿ ਜਿੱਤ ਵਿੱਚੋਂ ਜ਼ਿੰਦਗੀ ਦੀ ਕਿਵੇਂ ਨਿਸ਼ਾਨਦੇਹੀ ਕਰ ਸਕਦੇ ਹਾਂ।
ਸੰਪਰਕ: 216-556-2080



News Source link

- Advertisement -

More articles

- Advertisement -

Latest article