ਬਰਲਿਨ, 7 ਫਰਵਰੀ
ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ਾਂ ਨਾਲ ਪਰਮਾਣੂ ਸਮਝੌਤੇ ਸਬੰਧੀ ਇਰਾਨ ਦੀ 2015 ਵਿਚ ਬੰਦ ਹੋਈ ਗੱਲਬਾਤ ਮੰਗਲਵਾਰ ਤੋਂ ਮੁੜ ਸ਼ੁਰੂ ਹੋ ਰਹੀ ਹੈ। ਯੂਰਪੀ ਯੂਨੀਅਨ ਜੋ ਕਿ ਵਿਏਨਾ ਵਿਚ ਗੱਲਬਾਤ ਦੀ ਪ੍ਰਧਾਨਗੀ ਕਰਦੀ ਹੈ, ਨੇ ਅੱਜ ਗੱਲਬਾਤ ਮੁੜ ਤੋਂ ਸ਼ੁਰੂ ਹੋਣ ਸਬੰਧੀ ਐਲਾਨ ਕੀਤਾ। 2018 ਵਿਚ ਤਤਕਾਲੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਧਾਨਗੀ ਹੇਠ ਅਮਰੀਕਾ ਵਿਏਨਾ ਸਮਝੌਤੇ ਤੋਂ ਹੱਟ ਗਿਆ ਸੀ ਅਤੇ ਉਸ ਨੇ ਇਰਾਨ ਉੱਪਰ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਸਨ। ਤਹਿਰਾਨ ਨੇ ਇਸ ਦੇ ਜਵਾਬ ਵਿਚ ਯੂਰੇਨੀਅਮ ਸਬੰਧੀ ਗਤੀਵਿਧੀਆਂ ਅਤੇ ਭੰਡਾਰ ਵਧਾ ਦਿੱਤਾ ਸੀ। ਹੁਣ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੇ ਸੰਕੇਤ ਦਿੱਤਾ ਹੈ ਕਿ ਉਹ ਮੁੜ ਤੋਂ ਸਮਝੌਤੇ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ। ਬਰਤਾਨੀਆ, ਫਰਾਂਸ, ਜਰਮਨੀ, ਰੂਸ ਅਤੇ ਚੀਨ ਅਜੇ ਵੀ ਇਰਾਨ ਨਾਲ ਸਮਝੌਤੇ ਵਿਚ ਭਾਈਵਾਲ ਹਨ ਅਤੇ ਇਸ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਵਿਚ ਹਨ। -ਏਪੀ