ਲੰਡਨ: ਲੰਡਨ ਦੇ ਮਸ਼ਹੂਰ ਰਾਇਲ ਐਲਬਰਟ ਹਾਲ ਵਿਚ ਲਾਈਵ ਪੇਸ਼ਕਾਰੀ ਦੇਣ ਵਾਲੀ ਲਤਾ ਮੰਗੇਸ਼ਕਰ ਪਹਿਲੀ ਭਾਰਤੀ ਸੀ। ਕੌਮਾਂਤਰੀ ਮੰਚ ‘ਤੇ ਪਹਿਲੀ ਵਾਰ ਪੇਸ਼ਕਾਰੀ ਲਈ ਸੰਨ 1974 ਵਿਚ ਲਤਾ ਮੰਗੇਸ਼ਕਰ ਨੇ ਯੂਕੇ ਨੂੰ ਚੁਣਿਆ ਸੀ। ਪੂਰੇ ਭਰੇ ਹਾਲ ਵਿਚ ਉਨ੍ਹਾਂ ਆਪਣੇ ਹਿੱਟ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਸੀ। ਇਸ ਸ਼ੋਅ ਵਿਚ ਉਨ੍ਹਾਂ ਨਾਲ ਕਿਸ਼ੋਰ ਕੁਮਾਰ ਤੇ ਹੇਮੰਤ ਕੁਮਾਰ, ਐੱਸ.ਡੀ. ਬਰਮਨ ਅਤੇ ਨੌਸ਼ਾਦ ਵੀ ਸਨ। ਦਿਲੀਪ ਕੁਮਾਰ ਵੱਲੋਂ ਇਸ ਸ਼ੋਅ ਦੀ ਯੋਜਨਾ ਬਣਾਈ ਗਈ ਸੀ ਤੇ ਲਤਾ ਉਨ੍ਹਾਂ ਨੂੰ ਪਿਆਰ ਨਾਲ ‘ਯੂਸੁਫ਼ ਭਾਈ’ ਕਹਿੰਦੇ ਸਨ। ਇਸ ਲਾਈਵ ਸ਼ੋਅ ਦੀ ਰਿਕਾਰਡਿੰਗ ਦੀਆਂ 1,33,000 ਕਾਪੀਆਂ ਵਿਕੀਆਂ ਸਨ। ਜ਼ਿਕਰਯੋਗ ਹੈ ਕਿ ਕਲਾ ਖੇਤਰ ਦੀਆਂ ਸੰਸਾਰ ਪ੍ਰਸਿੱਧ ਹਸਤੀਆਂ ਇਸ ਹਾਲ ਵਿਚ ਪੇਸ਼ਕਾਰੀਆਂ ਦਿੰਦੀਆਂ ਹਨ। -ਪੀਟੀਆਈ