ਪੋਲੈਂਡ, 6 ਫਰਵਰੀ
ਯੂਕਰੇਨ ਦੇ ਨਾਲ ਲੱਗਦੀ ਸਰਹੱਦ ਨੇੜੇ ਦੱਖਣੀ-ਪੂਰਬੀ ਪੋਲੈਂਡ ਵਿਚ ਅੱਜ ਸੈਂਕੜੇ ਅਮਰੀਕੀ ਸੈਨਿਕ ਪਹੁੰਚੇ। ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਸੰਭਾਵਨਾ ਵਿਚਾਲੇ ਉੱਥੇ 1700 ਸੈਨਿਕਾਂ ਨੂੰ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ।
ਅਮਰੀਕੀ ਸੈਨਾ ਦੇ ਜਹਾਜ਼ ਵਿਚ ਸੈਨਿਕ ਜ਼ੈਸਵੋ-ਜੈਸਿਓਂਕਾ ਹਵਾਈ ਅੱਡੇ ‘ਤੇ ਪਹੁੰਚੇ। ਉਨ੍ਹਾਂ ਦਾ ਕਮਾਂਡਰ ਮੇਜਰ ਜਨਰਲ ਕ੍ਰਿਸਟੋਫਰ ਡੋਨਾਹੂ ਹੈ ਜੋ 30 ਅਗਸਤ ਨੂੰ ਅਫ਼ਗਾਨਿਸਤਾਨ ਛੱਡਣ ਵਾਲਾ ਆਖ਼ਰੀ ਅਮਰੀਕੀ ਸੈਨਿਕ ਸੀ। ਬਾਇਡਨ ਨੇ ਪੋਲੈਂਡ, ਰੋਮਾਨੀਆ ਅਤੇ ਜਰਮਨੀ ਵਿਚ ਵਾਧੂ ਅਮਰੀਕੀ ਸੈਨਿਕ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਸਹਿਯੋਗੀਆਂ ਅਤੇ ਦੁਸ਼ਮਣਾਂ ਦੋਹਾਂ ਨੂੰ ਰੂਸ ਤੇ ਯੂਕਰੇਨ ਵਿਚਾਲੇ ਵਧਦੇ ਤਣਾਅ ਦਰਮਿਆਨ ਨਾਟੋ ਦੇ ਪੂਰਬੀ ਹਿੱਸੇ ਸਬੰਧੀ ਅਮਰੀਕਾ ਦੀ ਵਚਨਬੱਧਤਾ ਦਿਖਾਈ ਜਾ ਸਕੇ। ਹਫ਼ਤਾ ਪਹਿਲਾਂ ਵੀ ਅਮਰੀਕਾ ਦੇ ਜਹਾਜ਼ ਪੋਲੈਂਡ ਦੀ ਯੂਕਰੇਨ ਨਾਲ ਲੱਗਦੀ ਸਰਹੱਦ ਤੋਂ ਕਰੀਬ 90 ਕਿਲੋਮੀਟਰ ਦੂਰ ਹਵਾਈ ਅੱਡੇ ‘ਤੇ ਉਪਕਰਨ ਅਤੇ ਹੋਰ ਸਾਮਾਨ ਲੈ ਕੇ ਪਹੁੰਚੇ ਸਨ। ਇਸ ਤੋਂ ਪਹਿਲਾਂ ਵੀ ਪੋਲੈਂਡ ਦੇ ਸੈਨਿਕ ਇਰਾਕ ਅਤੇ ਅਫ਼ਗਾਨਿਸਤਾਨ ਵਿਚ ਮਿਸ਼ਨਾਂ ਦੌਰਾਨ ਅਮਰੀਕੀ ਸੈਨਿਕਾਂ ਨਾਲ ਮਿਲ ਕੇ ਕੰਮ ਕਰ ਚੁੱਕੇ ਹਨ। ਨਾਟੋ ਦੇ ਪੂਰਬੀ ਮੈਂਬਰ ਪੋਲੈਂਡ ਦੀ ਸਰਹੱਦ ਰੂਸ ਅਤੇ ਯੂਕਰੇਨ ਦੋਹਾਂ ਨਾਲ ਲੱਗਦੀ ਹੈ। ਪੋਲੈਂਡ ਵਿਚ 2017 ਤੋਂ ਕਰੀਬ 4000 ਅਮਰੀਕੀ ਸੈਨਿਕ ਤਾਇਨਾਤ ਹਨ। -ਏਪੀ