ਜਗਜੀਤ ਕੁਮਾਰ
ਖਮਾਣੋਂ, 6 ਫਰਵਰੀ
ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਡਾ. ਅਮਨਦੀਪ ਕੌਰ ਢੋਲੇਵਾਲ ਦੇ ਹੱਕ ਵਿੱਚ ਨਜ਼ਦੀਕੀ ਪਿੰਡ ਗੱਗੜਵਾਲ ਵਿੱਚ ਨੁੱਕੜ ਮੀਟਿੰਗ ਦੌਰਾਨ ਲੋਕਾਂ ਨੂੰ ਸੰਯੁਕਤ ਸਮਾਜ ਮੋਰਚੇ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ ਗਈ। ਕਿਸਾਨ ਆਗੂ ਸਰਬਜੀਤ ਸਿੰਘ ਅਮਰਾਲਾ, ਤਰਲੋਚਨ ਸਿੰਘ ਰਾਣਵਾਂ, ਬਹਾਦਰ ਸਿੰਘ ਰਾਣਵਾਂ, ਆਦਿ ਨੇ ਦੱਸਿਆ ਕਿ ਖਮਾਣੋਂ ਬਲਾਕ ਦੇ ਸਮੂਹ ਆਗੂਆਂ ਵਲੋਂ ਰੱਤੋਂ, ਮਨੈਲੀ, ਧਨੌਲਾ, ਮਨੈਲਾ ਆਦਿ ਪਿੰਡਾਂ ਚੋਣ ਮੀਟਿੰਗਾਂ ਦੌਰਾਨ ਸੰਯੁਕਤ ਸਮਾਜ ਮੋਰਚੇ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।
ਬੈਦਵਾਨ ਵੱਲੋਂ ਕਾਦੀਮਾਜਰਾ ’ਚ ਵੋਟਰਾਂ ਨਾਲ ਰਾਬਤਾ
ਕੁਰਾਲੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਹਲਕਾ ਤੋਂ ਖਰੜ ਦੇ ਉਮੀਦਵਾਰ ਪਰਮਦੀਪ ਸਿੰਘ ਬੈਦਵਾਨ ਦੇ ਹੱਕ ’ਚ ਪਿੰਡ ਕਾਦੀਮਾਜਰਾ ਵਾਸੀਆਂ ਵੱਲੋਂ ਇਕੱਠ ਕੀਤਾ ਗਿਆ। ਇਸ ਮੌਕੇ ਬੈਦਵਾਨ ਨੇ ਕਿਹਾ ਕਿ ਅਕਾਲੀ, ਕਾਂਗਰਸ ਤੇ ਭਾਜਪਾ ਆਦਿ ਰਵਾਇਤੀ ਪਾਰਟੀਆਂ ਨੇ ਸਰਕਾਰਾਂ ਬਣਾ ਕੇ ਕਦੇ ਵੀ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁਸ਼ਕਲਾਂ ਦੇ ਹੱਲ ਅਤੇ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਲਈ ਪੰਜਾਬ ਹਿਤੈਸ਼ੀ ਤੇ ਸਮੂਹ ਕਿਰਤੀ ਲੋਕਾਂ ਨੂੰ ਇੱਕ ਹੋਣ ਦੀ ਲੋੜ ਹੈ।