22.5 C
Patiāla
Friday, September 13, 2024

ਪਿੰਜਰੇ ਵਿੱਚ ਬੰਦ ਲੋਕ ਨਾਇਕ

Must read


ਹਰੀਪਾਲ

ਸਤੰਬਰ 1992 ਵਿੱਚ ਪੇਰੂ ਦੀ ਰਾਜਧਾਨੀ ਲੀਮਾ ਵਿੱਚ ਇੱਕ ਡਰਾਮਾ ਰਚਿਆ ਜਾਂਦਾ ਹੈ। ਪੇਰੂ ਦੀ ਇਨਕਲਾਬੀ ਪਾਰਟੀ ‘ਸ਼ਾਈਨਿੰਗ ਪਾਥ’ ਦਾ ਪ੍ਰਧਾਨ ਚੇਅਰਮੈਨ ਗੋਂਜ਼ਾਲੋ ਪਿੰਜਰੇ ਵਿੱਚ ਬੰਦ ਕਰਕੇ ਕੌਮਾਂਤਰੀ ਮੀਡੀਆ ਅੱਗੇ ਪੇਸ਼ ਕੀਤਾ ਜਾਂਦਾ ਹੈ।

ਉਸ ਦੇ ਪਾਟੇ ਜਿਹੇ ਲੀੜੇ ਪਾਏ ਗਏ ਤਾਂ ਕਿ ਦੇਖਣ ਵਾਲੇ ਹੱਸਣ। ਸਰਕਾਰ ਪੱਖੀ ਲੋਕ ਹੱਸੇ, ਪਰ ਸਰਕਾਰ ਦਾ ਡਰ ਦੇਖੋ ਕਿ ਉਸ ਨੂੰ ਹੱਥਕੜੀਆਂ ਲਾ ਕੇ ਨਹੀਂ ਸਗੋਂ ਪਿੰਜਰੇ ਵਿੱਚ ਬੰਦ ਕਰਕੇ ਲਿਆਂਦਾ ਗਿਆ ਤਾਂ ਕਿ ਕਿਤੇ ਉਸ ਦੇ ਸਾਥੀ ਉਸ ਨੂੰ ਛੁਡਾ ਕੇ ਨਾ ਲੈ ਜਾਣ। ਗੋਂਜ਼ਾਲੋ ਨੂੰ ਜਦੋਂ ਪਿੰਜਰੇ ਵਿੱਚ ਬੰਦ ਕਰਕੇ ਸਰਕਾਰ ਦੇ ਖਾਸ ਲੋਕਾਂ ਅੱਗੇ ਪੇਸ਼ ਕੀਤਾ ਗਿਆ ਤਾਂ ਉਸ ਦੇ ਚਿਹਰੇ ‘ਤੇ ਕਿਸੇ ਕਿਸਮ ਦਾ ਡਰ ਜਾਂ ਖੌਫ਼ ਨਹੀਂ ਸੀ। ਕਈ ਕਈ ਮੀਟਰ ਤੱਕ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ ਸੀ, ਪਰ ਫਿਰ ਵੀ ਸਰਕਾਰ ਨੇ ਇਹ ਡਰਾਮਾ ਬੜੀ ਕਾਹਲੀ ਕਾਹਲੀ ਖੇਡਿਆ।

ਚੇਅਰਮੈਨ ਗੋਂਜ਼ਾਲੋ ਦੇ ਸਾਥੀ ਕਚੀਚੀਆਂ ਵੱਟਦੇ ਰਹਿ ਗਏ। ਉਨ੍ਹਾਂ ਦੇ ਦਿਲਾਂ ਵਿੱਚ ਆਪਣੇ ਇਸ ਲੀਡਰ ਦਾ ਪਿਆਰ ਹੋਰ ਵੀ ਵਧ ਗਿਆ। ਹੁਣ ਸਵਾਲ ਉੱਠਦਾ ਹੈ ਕਿ ਕੌਣ ਸੀ ਇਹ ਪਿੰਜਰੇ ਵਿਚਲਾ ਵਿਅਕਤੀ ? ਦੱਖਣੀ ਅਮਰੀਕਾ ਦਾ ਇੱਕ ਬੇਹੱਦ ਗ਼ਰੀਬ ਦੇਸ਼ ਹੈ ਪੇਰੂ ਜਿੱਥੇ 54% ਲੋਕ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਹਨ, ਪਰ ਅਮਰੀਕੀ ਕੰਪਨੀਆਂ ਇਸ ਗ਼ਰੀਬ ਦੇਸ਼ ਦੇ ਕੁਦਰਤੀ ਸਾਧਨਾਂ ਦੀ ਲੁੱਟ ਕਰਕੇ ਮਾਲਾਮਾਲ ਹੋ ਰਹੀਆਂ ਹਨ। ਇਸ ਪਿੰਜਰੇ ਵਾਲੇ ਵਿਅਕਤੀ ਦਾ ਅਸਲ ਨਾਂ ਅਬੀਮੇਲ ਗੁਜ਼ਮਨ ਹੈ। ਇਹ ਆਪਣੇ ਲੋਕਾਂ ਦੀ ਇੰਨੀ ਤਰਸ ਭਰੀ ਹਾਲਤ ਦੇਖ ਨਹੀਂ ਸਕਿਆ ਅਤੇ ਲੋਕਾਂ ਨੂੰ ਇਸ ਗ਼ਰੀਬੀ ਦੀ ਦਲਦਲ ‘ਚੋਂ ਕੱਢਣ ਲਈ ਪ੍ਰੋਫੈਸਰ ਦੀ ਨੌਕਰੀ ਨੂੰ ਲੱਤ ਮਾਰਕੇ ਲੋਕਾਂ ਨੂੰ ਜਥੇਬੰਦ ਕਰਨ ਦੇ ਰਾਹ ‘ਤੇ ਤੁਰ ਪਿਆ। ਅਬੀਮੇਲ ਗੁਜ਼ਮਨ ਦਾ ਜਨਮ 3 ਸਤੰਬਰ 1934 ਨੂੰ ਰਾਜਧਾਨੀ ਲੀਮਾ ਤੋਂ ਇੱਕ ਹਜ਼ਾਰ ਕਿਲੋਮੀਟਰ ਦੂਰ ਛੋਟੇ ਜਿਹੇ ਪਿੰਡ ਮੋਲੈਂਡੋ ਵਿੱਚ ਹੋਇਆ। ਉਸ ਦਾ ਪਿਤਾ ਵਪਾਰੀ ਸੀ ਅਤੇ ਉਸ ਦੀਆਂ ਪੰਜ ਪਤਨੀਆਂ ਸਨ। ਗੁਜ਼ਮਨ ਉਦੋਂ ਪੰਜ ਸਾਲ ਦਾ ਸੀ ਜਦੋਂ ਉਸ ਦੀ ਮਾਂ ਮਰ ਗਈ। ਗੁਜ਼ਮਨ 1939 ਤੋਂ ਲੈ ਕੇ 1946 ਤੱਕ ਆਪਣੇ ਨਾਨਕੀ ਹੀ ਰਿਹਾ। 1947 ਤੋਂ ਬਾਅਦ ਉਹ ਆਪਣੇ ਪਿਤਾ ਅਤੇ ਮਤਰੇਈ ਮਾਂ ਕੋਲ ਚਲਾ ਗਿਆ ਅਤੇ ਇੱਕ ਪ੍ਰਾਈਵੇਟ ਕੈਥੋਲਿਕ ਸਕੂਲ ਵਿੱਚ ਪੜ੍ਹਾਈ ਕੀਤੀ। ਉਦੋਂ ਉਹ 19 ਸਾਲ ਦਾ ਸੀ ਜਦੋਂ ਪੇਰੂ ਦੀ ਇੱਕ ਯੂਨੀਵਰਸਿਟੀ ਅਗਸਟੀਨ ਨੈਸ਼ਨਲ ਯੂਨੀਵਰਸਿਟੀ ਵਿੱਚ ਉਹ ਸੋਸ਼ਲ ਸਟੱਡੀਜ਼ ਦੀ ਪੜ੍ਹਾਈ ਕਰਨ ਲੱਗਾ। ਉਸ ਦੇ ਪੁਰਾਣੇ ਜਮਾਤੀਆਂ ਦੀ ਯਾਦ ਵਿੱਚ ਉਹ ਬੜਾ ਸ਼ਰਮੀਲਾ ਜਿਹਾ ਅਤੇ ਸਾਊ ਮੁੰਡਾ ਸੀ। ਉਹ ਹਰ ਵੇਲੇ ਕੁਝ ਨਾ ਕੁਝ ਪੜ੍ਹਦਾ ਰਹਿੰਦਾ ਜਾਂ ਨਾਲ ਦੇ ਮੁੰਡਿਆਂ ਤੋਂ ਦੂਰ ਇਕੱਲਾ ਬੈਠਾ ਰਹਿੰਦਾ। ਜਦੋਂ ਉਸ ਨੇ ਪੇਰੂ ਦੀ ਕਮਿਊਨਿਸਟ ਪਾਰਟੀ ਦੇ ਬਾਨੀ ਜੋਸ ਕਾਰਲੋਸ ਦੀ ਕਿਤਾਬ ‘ਪੇਰੂ ਸਮਾਜ ਦੀ ਅਸਲੀਅਤ ‘ਤੇ ਸੱਤ ਲੇਖ’ ਪੜ੍ਹੇ ਤਾਂ ਯੂਨੀਵਰਸਿਟੀ ਪੜ੍ਹਦਿਆਂ ਗੁਜ਼ਮਨ ਮਾਰਕਸਵਾਦੀ ਵਿਚਾਰਧਾਰਾ ਵੱਲ ਆਕਰਸ਼ਤ ਹੋ ਗਿਆ।

ਅਗਸਟੀਨ ਨੈਸ਼ਨਲ ਯੂਨੀਵਰਸਿਟੀ ਵਿੱਚੋਂ ਉਸ ਨੇ ਫ਼ਿਲਾਸਫ਼ੀ ਅਤੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ। 1962 ਵਿੱਚ ਗੁਜ਼ਮਨ ਨੂੰ ਹੁਆਮਾਂਗਾ ਯੂਨੀਵਰਸਿਟੀ ਵਿੱਚ ਫ਼ਿਲਾਸਫ਼ੀ ਦੇ ਪ੍ਰੋਫੈਸਰ ਦੀ ਨੌਕਰੀ ਮਿਲ ਗਈ ਜਿਹੜੀ ਕਿ ਪੇਰੂ ਦੇ ਮੱਧ ਵਿੱਚ ਪੈਂਦੀ ਸੀ। ਕਹਿੰਦੇ ਹਨ ਕਿ ਗੁਜ਼ਮਨ ਆਪਣੇ ਵਿਦਿਆਰਥੀਆਂ ਵਿੱਚ ਬੇਹੱਦ ਹਰਮਨ ਪਿਆਰਾ ਸੀ। ਇੱਥੇ ਹੀ ਗੁਜ਼ਮਨ ਨੇ ‘ਕੁਏਂਚੂਆ’ ਭਾਸ਼ਾ ਸਿੱਖੀ ਜਿਹੜੀ ਪੇਰੂ ਦੇ ਆਦੀਵਾਸੀ ਲੋਕਾਂ ਦੀ ਭਾਸ਼ਾ ਸੀ। ਸਭ ਤੋਂ ਪਹਿਲਾਂ ਪੇਰੂ ਦੀ ਖੱਬੇਪੱਖੀ ਲਹਿਰ ਵਿੱਚ ਆਦੀਵਾਸੀ ਹੀ ਸ਼ਾਮਲ ਹੋਏ। ਇੱਥੇ ਹੀ ਗੁਜ਼ਮਨ ਆਪਣੀ ਮਾਰਕਸਵਾਦੀ ਵਿਚਾਰਧਾਰਾ ਨਾਲ ਹੋਰ ਚੇਤੰਨ ਦਿਮਾਗ਼ ਲੋਕਾਂ ਨੂੰ ਪ੍ਰਭਾਵਿਤ ਕਰਦਾ ਰਿਹਾ। ਇਸੇ ਤਰ੍ਹਾਂ ਇੱਕ ਸਮਾਜਵਾਦੀ ਮੁਲਕ ਦੇ ਹਾਲਾਤ ਨੂੰ ਸਮਝਣ ਲਈ ਗੁਜ਼ਮਨ ਆਪਣੀ ਪਹਿਲੀ ਪਤਨੀ ਅਗਸਤਾ ਤੋਰੇ ਨਾਲ ਦੋ ਵਾਰ ਚੀਨ ਦੀ ਯਾਤਰਾ ‘ਤੇ ਗਿਆ ਅਤੇ ਉਸ ਨੇ ਚੀਨ ਦੇ ‘ਸੱਭਿਆਚਾਰਕ ਇਨਕਲਾਬ’ ਦੀਆਂ ਘਟਨਾਵਾਂ ਨੂੰ ਅੱਖੀਂ ਦੇਖਿਆ। ਗੁਜ਼ਮਨ ਨੂੰ 1970 ਵਿੱਚ ਸਰਕਾਰ ਵਿਰੋਧੀ ਮੁਜ਼ਾਹਰਿਆਂ ਵਿੱਚ ਹਿੱਸਾ ਲੈਣ ਕਰਕੇ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ। ਹੁਣ ਗੁਜ਼ਮਨ ਪੂਰੀ ਤਰ੍ਹਾਂ ਆਪਣੇ ਆਪ ਨੂੰ ਪੇਰੂ ਦੇ ਲੋਕਾਂ ਲਈ ਸਮਰਪਤ ਕਰ ਚੁੱਕਿਆ ਸੀ। ਉਸ ਨੇ 1970 ਵਿੱਚ ਹੀ ਆਪਣੀ ਯੂਨੀਵਰਸਿਟੀ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਅੰਡਰਗਰਾਊਂਡ ਹੋ ਗਿਆ। ਪੇਰੂ ਦੀ ਕਮਿਊਨਿਸਟ ਪਾਰਟੀ 1968 ਤੋਂ ਟੁੱਟਦੀ ਟੁੱਟਦੀ ਕਈ ਧੜਿਆਂ ਵਿੱਚ ਵੰਡੀ ਜਾ ਚੁੱਕੀ ਸੀ। ਗੁਜ਼ਮਨ ਨੇ ਕਮਿਊਨਿਸਟ ਪਾਰਟੀ ਵਿੱਚੋਂ ਬਾਗੀ ਹੋਏ ਸਾਥੀਆਂ ਨਾਲ ਮਿਲ ਕੇ ‘ਸ਼ਾਈਨਿੰਗ ਪਾਥ’ ਦੀ ਸਥਾਪਨਾ ਕੀਤੀ ਜੋ ਮਾਰਕਸਵਾਦੀ ਲੈਨਿਨਵਾਦੀ ਵਿਚਾਰਧਾਰਾ ‘ਤੇ ਚੱਲਦਿਆਂ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨ ਲਈ ਸੀ। ਗੁਜ਼ਮਨ ਸ਼ਾਈਨਿੰਗ ਪਾਥ ਦਾ ਚੇਅਰਮੈਨ ਬਣਿਆ ਅਤੇ ਉਸ ਨੇ ਆਪਣਾ ਨਾਂ ਬਦਲ ਕੇ ‘ਚੇਅਰਮੈਨ ਗੋਂਜ਼ਾਲੋ’ ਰੱਖ ਲਿਆ। ਉਸ ਨੇ ਪੇਰੂ ਦੇ ਗ਼ਰੀਬ ਕਿਸਾਨਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਉਸ ਦਾ ਦਾਅਵਾ ਸੀ ਕਿ ਸਾਮਰਾਜ ਅਗਲੇ ਪੰਜਾਹ ਜਾਂ ਸੌ ਸਾਲਾਂ ਤੱਕ ਆਪਣੀ ਮੌਤੇ ਆਪ ਹੀ ਮਰ ਜਾਵੇਗਾ। ਗੁਜ਼ਮਨ ਨੇ ਸਿਰਫ਼ ਅਮਰੀਕੀ ਸਾਮਰਾਜ ਦੀ ਨਿੰਦਾ ਹੀ ਨਹੀਂ ਕੀਤੀ ਬਲਕਿ ਉਸ ਨੇ ਸੋਵੀਅਤ ਸਮਾਜਿਕ ਸਾਮਰਾਜ ਨੂੰ ਵੀ ਨਕਾਰ ਦਿੱਤਾ। ਗੁਜ਼ਮਨ ਦੀ ਪਹਿਲੀ ਪਤਨੀ ਅਗਸਤਾ ਤੋਰੇ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। 2010 ਵਿੱਚ ਜਦੋਂ ਗੁਜ਼ਮਨ ਜੇਲ੍ਹ ਵਿੱਚ ਸੀ ਤਾਂ ਉਸ ਨੇ ਆਪਣੀ ਕਾਮਰੇਡ ਦੋਸਤ ‘ਇਪਾਰਾਗੁਰੇ’ ਨਾਲ ਵਿਆਹ ਕਰਵਾਇਆ।

ਗੁਜ਼ਮਨ ਹਮੇਸ਼ਾਂ ਨਾਸਤਿਕ ਰਿਹਾ। ਉਹ ਮਾਰਕਸ ਦੀ ਇਸ ਵਿਚਾਰਧਾਰਾ ਨੂੰ ਮੰਨਦਾ ਸੀ ਕਿ ਧਰਮ ਲੋਕਾਂ ਲਈ ਇੱਕ ਅਫੀਮ ਹੈ। ਲੋਕਾਂ ਦੀ ਲੁੱਟ ਦਾ ਧੰਦਾ ਜਾਰੀ ਰੱਖਣ ਲਈ ਧਰਮ ਇੱਕ ਵਧੀਆ ਹਥਿਆਰ ਹੈ, ਪਰ ਫਿਰ ਵੀ ਉਹ ਸਭ ਧਰਮਾਂ ਦਾ ਸਤਿਕਾਰ ਕਰਦਾ ਸੀ ਅਤੇ ਕਹਿੰਦਾ ਸੀ ਕਿ ਹਥਿਆਰਬੰਦ ਇਨਕਲਾਬ ਦੇ ਰਾਹ ਵਿੱਚ ਧਰਮ ਕੋਈ ਰੋੜਾ ਨਹੀਂ ਹੈ।

ਹਥਿਆਰਬੰਦ ਸੰਘਰਸ਼ ਪਹਿਲਾਂ ਪਹਿਲਾਂ ਸ਼ਾਈਨਿੰਗ ਪਾਥ ਦੀ ਵਿਚਾਰਧਾਰਾ, ਕਾਲਜਾਂ, ਯੂਨੀਵਰਸਿਟੀਆਂ ਜਾਂ ਪੜ੍ਹੇ ਲਿਖੇ ਲੋਕਾਂ ਵਿੱਚ ਪ੍ਰਚਾਰੀ ਗਈ। 1970 ਵਿੱਚ ਗੁਰੀਲਾ ਗਰੁੱਪ ਦੀ ਸਥਾਪਨਾ ਅਤੇ ਟਰੇਨਿੰਗ ਸ਼ੁਰੂ ਹੋਈ। ਮਈ 1980 ਵਿੱਚ ਸ਼ਾਈਨਿੰਗ ਪਾਥ ਨੇ ਸਟੇਟ ਖਿਲਾਫ਼ ਯੁੱਧ ਦਾ ਐਲਾਨ ਕਰ ਦਿੱਤਾ ਅਤੇ ਸਭ ਤੋਂ ਪਹਿਲਾਂ ‘ਚੁਸਕੀ’ ਖੇਤਰ ਵਿੱਚ ਬੈਲਟ ਬਕਸਿਆਂ ਨੂੰ ਅੱਗ ਲਾ ਦਿੱਤੀ। ਹੌਲੀ ਹੌਲੀ ਸ਼ਾਈਨਿੰਗ ਪਾਥ ਨੇ ਪੇਰੂ ਦੇ ਦੱਖਣੀ ਅਤੇ ਵਿਚਕਾਰਲੇ ਹਿੱਸੇ ‘ਤੇ ਆਪਣਾ ਕੰਟਰੋਲ ਕਰ ਲਿਆ ਅਤੇ ਲੀਮਾ ਦੇ ਬਾਹਰਵਾਰ ਵੀ ਆਪਣੇ ਸੈੱਲ ਬਣਾ ਲਏ। ਸ਼ਾਈਨਿੰਗ ਪਾਥ ਦਾ ਨਿਸ਼ਾਨਾ ਸਰਕਾਰੀ ਤੰਤਰ ਨੂੰ ਫੇਲ੍ਹ ਕਰਕੇ ਰਾਜਪਲਟਾ ਲਿਆਉਣਾ ਸੀ। ਇਸੇ ਦੌਰਾਨ ਫ਼ੌਜ ਅਤੇ ਪੁਲੀਸ ਹੀ ਨਹੀਂ ਸਗੋਂ ਭ੍ਰਿਸ਼ਟ ਸਰਕਾਰੀ ਮੁਲਾਜ਼ਮਾਂ ‘ਤੇ ਵੀ ਹਮਲੇ ਤੇਜ਼ ਕਰ ਦਿੱਤੇ ਗਏ। ਸ਼ਾਈਨਿੰਗ ਪਾਥ ਆਮ ਲੋਕਾਂ, ਗ਼ਰੀਬਾਂ ਵਿੱਚ ਬੇਹੱਦ ਹਰਮਨਪਿਆਰਾ ਹੋਣ ਲੱਗਿਆ। ਸ਼ਾਈਨਿੰਗ ਪਾਥ ਨੇ ਆਪਣੇ ਕੰਟਰੋਲ ਵਾਲੇ ਖੇਤਰ ਵਿੱਚ ਸ਼ਰਾਬ ਬੰਦੀ ਲਾਗੂ ਕਰ ਦਿੱਤੀ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਸਫਾਇਆ ਸ਼ੁਰੂ ਕਰ ਦਿੱਤਾ। ਸਦੀਆਂ ਤੋਂ ਲਿਤਾੜੇ ਗਏ ਲੋਕਾਂ ਨੂੰ ਮਸਾਂ ਸੁੱਖ ਦਾ ਸਾਹ ਆਉਣ ਲੱਗਿਆ। ਅਮਰੀਕਾ ਜਿਸ ਦੀਆਂ ਕੰਪਨੀਆਂ ਦਾ ਤਾਂਬੇ ਵਗੈਰਾ ਦੀਆਂ ਖਾਣਾਂ ‘ਤੇ ਕਬਜ਼ਾ ਸੀ, ਉਹ ਕਿਵੇਂ ਚੁੱਪ ਕਰਕੇ ਬੈਠ ਸਕਦਾ ਸੀ। ਦਰਅਸਲ, ਅਮਰੀਕਾ ਨੂੰ ਦੱਖਣੀ ਅਮਰੀਕਾ ਦੇ ਦੇਸ਼ਾਂ ਦੀ ਕੁਦਰਤੀ ਸਾਧਨਾਂ ਦੀ ਲੁੱਟ ਤੋਂ ਬੇਪਨਾਹ ਦੌਲਤ ਆ ਰਹੀ ਸੀ। ਅਮਰੀਕਾ ਨੇ ਪੇਰੂ ਵਿਚਲੀ ਆਪਣੀ ਦਲਾਲ ‘ਫੂਜੀਮੋਰੀ’ ਸਰਕਾਰ ਨੂੰ ਹੁਕਮ ਦੇ ਦਿੱਤਾ ਕਿ ਸ਼ਾਈਨਿੰਗ ਪਾਥ ਨੂੰ ਖ਼ਤਮ ਕਰ ਦਿੱਤਾ ਜਾਵੇ। ਅਮਰੀਕਾ ਦੀ ਸਹਾਇਤਾ ਅਤੇ ਕੂਟਨੀਤੀ ਨੂੰ ਮੰਨਦੇ ਹੋਏ ਪੇਰੂ ਦੀ ਸਰਕਾਰ ਨੇ ਸ਼ਾਈਨਿੰਗ ਪਾਥ ਨੂੰ ਬਦਨਾਮ ਕਰਨ ਲਈ ‘ਰੋਨਡਾਸ’ ਗਰੁੱਪ ਤਿਆਰ ਕੀਤਾ ਜਿਹੜਾ ਹਨੇਰੇ ਸਵੇਰੇ ਲੁੱਟਾਂ, ਖੋਹਾਂ ਤੇ ਬਲਾਤਕਾਰ ਕਰਕੇ ਸ਼ਾਈਨਿੰਗ ਪਾਥ ਦੇ ਸਿਰ ਮੜ੍ਹਨ ਲੱਗਾ। ਦੂਜੇ ਪਾਸੇ ਸਰਕਾਰੀ ਮੀਡੀਆ ਵੀ ਦਿਨੇ ਰਾਤ ਹਰ ਮਾੜੀ ਘਟਨਾ ਨੂੰ ਸ਼ਾਈਨਿੰਗ ਪਾਥ ਦੇ ਖਾਤੇ ਪਾਉਣ ਲੱਗਾ। ਸ਼ਾਈਨਿੰਗ ਪਾਥ ਦੀ ਵਿਚਾਰਧਾਰਾ ਦੇ ਵਿਰੋਧੀ ਕਾਮਰੇਡਾਂ ਦੇ ਕਤਲ ਵੀ ‘ਰੋਨਡਾਸ’ ਗਰੁੱਪ ਨੇ ਕੀਤੇ ਅਤੇ ਪਾਰਟੀ ਵਿੱਚ ਦੁਫਾੜ ਪਾਉਣ ਲਈ ਪੂਰਾ ਜ਼ੋਰ ਲਾਉਣ ਲੱਗਾ। ਬਹੁਤ ਵਾਰੀ ਆਮ ਲੋਕਾਂ ਦੇ ਇਕੱਠ ਵਿੱਚ ਬੰਬ ਚਲਾ ਕੇ ਸ਼ਾਈਨਿੰਗ ਪਾਥ ਨੂੰ ਬਦਨਾਮ ਕਰਨ ‘ਤੇ ਪੂਰਾ ਜ਼ੋਰ ਲਾਇਆ। ਸ਼ਾਈਨਿੰਗ ਪਾਥ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਵੀ ਸਥਾਨਕ ਅਖ਼ਬਾਰਾਂ ਨੇ ਸਰਕਾਰ ਤੋਂ ਡਰਦਿਆਂ ਛਾਪਣੇ ਬੰਦ ਕਰ ਦਿੱਤੇ। ਇਸ ਨਾਲ ਪੇਰੂ ਦੇ ਲੋਕਾਂ ਵਿੱਚ ਇੱਕ ਕਿਸਮ ਦੀ ਖਾਨਾਜੰਗੀ ਚੱਲ ਪਈ ਜਿਸ ਨਾਲ 70,000 ਲੋਕ ਮਾਰੇ ਗਏ। ਅਮਰੀਕੀ ਦਬਾਅ ਹੇਠ ਇੰਟਰਨੈਸ਼ਨਲ ਮੀਡੀਆ ਨੇ ਵੀ ਗੁਜ਼ਮਨ (ਜਿਹੜਾ ਕਿ ਹੁਣ ਚੇਅਰਮੈਨ ਗੋਂਜ਼ਾਲੋ ਦੇ ਨਾਂ ‘ਤੇ ਮਸ਼ਹੂਰ ਹੋ ਗਿਆ ਸੀ) ਅਤੇ ਸ਼ਾਈਨਿੰਗ ਪਾਥ ਦੀ ਭੰਡੀ ਕਰਨ ਵਿੱਚ ਕੋਈ ਕਸਰ ਨਾ ਛੱਡੀ, ਪਰ ਫਿਰ ਵੀ ਚੇਅਰਮੈਨ ਗੋਂਜ਼ਾਲੋ ਦਾ ਨਾਂ ਲੁੱਟੇ ਲਿਤਾੜੇ ਲੋਕਾਂ ਦੇ ਦਿਲਾਂ ਵਿੱਚੋਂ ਨਾ ਨਿਕਲ ਸਕਿਆ। 1992 ਵਿੱਚ ਸਰਕਾਰੀ ਦਸਤਿਆਂ ਨੇ ਲੀਮਾ ਦੇ ਭੀੜ ਵਾਲੇ ਵਪਾਰਕ ਖੇਤਰ ਵਿੱਚ ਕਾਰ ਬੰਬ ਧਮਾਕਾ ਕਰਕੇ ਸ਼ਾਈਨਿੰਗ ਪਾਥ ਦਾ ਨਾਂ ਲਾ ਦਿੱਤਾ, ਜਿਸ ਵਿੱਚ 25 ਵਿਆਕਤੀ ਮਾਰੇ ਗਏ। ਚੇਅਰਮੈਨ ਗੋਂਜ਼ਾਲੋ ਤੋਂ ਅਮਰੀਕਾ ਬੁਰੀ ਤਰ੍ਹਾਂ ਡਰ ਰਿਹਾ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਇੱਕ ‘ਚੀ ਗੁਵੇਰਾ’ ਤਾਂ ਅਸੀਂ ਮਸਾਂ ਖ਼ਤਮ ਕੀਤਾ, ਇਹ ਦੂਜਾ ਕਿੱਥੋਂ ਜੰਮ ਪਿਆ? ਅਮਰੀਕਾ ਨੂੰ ਲੱਗਦਾ ਸੀ ਕਿ ਸ਼ਾਈਨਿੰਗ ਪਾਥ ਸਿਰਫ਼ ਪੇਰੂ ਦੀ ਲੜਾਈ ਨਾ ਰਹਿ ਕੇ ਕਿਤੇ ਦੱਖਣੀ ਅਮਰੀਕੀ ਦੇਸ਼ਾਂ ਦੀ ਲੋਕ ਲਹਿਰ ਨਾ ਬਣ ਜਾਵੇ ਕਿਉਂਕਿ ਕੋਲੰਬੀਆ ਵਿੱਚ ਵੀ ਸ਼ਾਈਨਿੰਗ ਪਾਥ ਦੀ ਲਹਿਰ ਪਹੁੰਚ ਚੁੱਕੀ ਸੀ। ਸਤੰਬਰ 1992 ਵਿੱਚ ਸਰਕਾਰੀ ਅਤੇ ਅਮਰੀਕੀ ਤੰਤਰ ਦੀ ਕੋਸ਼ਿਸ਼ ਨਾਲ ‘ਚੇਅਰਮੈਨ ਗੋਂਜ਼ਾਲੋ’ ਲੀਮਾ ਵਿੱਚੋਂ ਫੜਿਆ ਗਿਆ ਕਿਉਂਕਿ ਬਹੁਤੇ ਸਰਕਾਰੀ ਟਾਊਟ ਸ਼ਾਈਨਿੰਗ ਪਾਥ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਹੋ ਗਏ ਸਨ।

ਚੇਅਰਮੈਨ ਗੋਂਜ਼ਾਲੋ ਨੂੰ ਫੜ ਕੇ ਅਦਾਲਤੀ ਡਰਾਮਾ ਕੀਤਾ ਗਿਆ ਅਤੇ ਤਿੰਨ ਦਿਨਾਂ ਦੀ ਅਦਾਲਤੀ ਕਾਰਵਾਈ ਕਰਕੇ ਬਿਨਾਂ ਕਿਸੇ ਸਬੂਤ ਦੇ ਗੋਂਜ਼ਾਲੋ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਗੋਂਜ਼ਾਲੋ ਨੂੰ ਕਈ ਵਾਰ ਟੀਵੀ ‘ਤੇ ਪੇਸ਼ ਕੀਤਾ ਗਿਆ ਅਤੇ ਉਸ ਦੀ ਇੰਟਰਵਿਊ ਨੂੰ ਇਸ ਤਰ੍ਹਾਂ ਤੋੜਿਆ ਮਰੋੜਿਆ ਗਿਆ ਕਿ ਗੋਂਜ਼ਾਲੋ ਨੇ ਗੁਰੀਲਿਆਂ ਨੂੰ ਅਪੀਲ ਕੀਤੀ ਹੈ ਕਿ ਹਥਿਆਰਬੰਦ ਇਨਕਲਾਬ ਦਾ ਰਾਹ ਬੰਦ ਕੀਤਾ ਜਾਵੇ, ਪਰ ਐਨੇ ਕੂੜ ਪ੍ਰਚਾਰ ਦੇ ਬਾਵਜੂਦ ਉਹ ਐਨਾ ਹਰਮਨ ਪਿਆਰਾ ਸੀ ਕਿ ਹਜ਼ਾਰਾਂ ਲੋਕਾਂ ਨੇ ਸਾਈਨ ਕਰਕੇ ਪਟੀਸ਼ਨ ਪਾਈ ਕਿ ‘ਚੇਅਰਮੈਨ ਗੋਂਜ਼ਾਲੋ’ ਅਤੇ ਉਸ ਦੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ। ਯਾਦ ਰਹੇ ਕਿ ਪਹਿਲੀਆਂ ਸਜ਼ਾਵਾਂ ਮਿਲਟਰੀ ਕੋਰਟ ਨੇ ਸੁਣਾਈਆਂ ਸਨ, ਪਰ ਹੁਣ ਸਿਵਲ ਕੋਰਟ ਦਾ ਡਰਾਮਾ ਸ਼ੁਰੂ ਕੀਤਾ ਗਿਆ। ਇਸ ਸਿਵਲ ਕੋਰਟ ਵਾਲੇ ਡਰਾਮੇ ਵਿੱਚ ਇੰਟਰਨੈਸ਼ਨਲ ਮੀਡੀਆ ਨੂੰ ਸੱਦਿਆ ਗਿਆ। ਸ਼ਾਈਨਿੰਗ ਪਾਥ ਦੇ ਗੁਰੀਲਿਆਂ ਨੂੰ ਜਦੋਂ ਜੱਜਾਂ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਜੱਜਾਂ ਵੱਲ ਪਿੱਠ ਕਰ ਲਈ ਅਤੇ ਉੱਚੀ ਉੱਚੀ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ- ਪੇਰੂ ਦੇ ਲੋਕਾਂ ਦਾ ਸੰਘਰਸ਼ ਜ਼ਿੰਦਾਬਾਦ, ਸ਼ਾਈਨਿੰਗ ਪਾਥ ਜ਼ਿੰਦਾਬਾਦ। ਸਰਕਾਰੀ ਤੰਤਰ ਇਕਦਮ ਘਬਰਾ ਗਿਆ ਅਤੇ ਕਾਹਲੀ ਵਿੱਚ ਚੇਅਰਮੈਨ ਗੋਂਜ਼ਾਲੋ ਨੂੰ ਪੇਸ਼ ਕੀਤਾ ਗਿਆ। ਗੋਂਜ਼ਾਲੋ ਨੇ ਬਿਮਾਰ ਅਤੇ ਬਜ਼ੁਰਗ ਹੋਣ ਦੇ ਬਾਵਜੂਦ ਨਾਅਰਿਆਂ ਨਾਲ ਅਦਾਲਤ ਦੀਆਂ ਕੰਧਾਂ ਕੰਬਣ ਲਾ ਦਿੱਤੀਆਂ- ‘ਮਾਰਕਸਵਾਦ, ਲੈਨਿਨਵਾਦ, ਮਾਓਵਾਦ ਜ਼ਿੰਦਾਬਾਦ’, ‘ਪੇਰੂ ਦੇ ਲੋਕਾਂ ਦਾ ਸੰਘਰਸ਼ ਜ਼ਿੰਦਾਬਾਦ’ ਅਤੇ ‘ਅਮਰੀਕਾ ਦੀ ਦਲਾਲ ਸਰਕਾਰ ਮੁਰਦਾਬਾਦ।’ ਸਰਕਾਰੀ ਅਫ਼ਸਰਾਂ ਨੇ ਸਾਰੇ ਮਾਈਕਰੋਫੋਨ ਬੰਦ ਕਰ ਦਿੱਤੇ। ਇੰਟਰਨੈਸ਼ਨਲ ਪ੍ਰੈੱਸ ਨੂੰ ਕੁਝ ਵੀ ਸੁਣਾਈ ਨਹੀਂ ਦਿੱਤਾ। ਨਵੰਬਰ 2005 ਵਿੱਚ ਫੇਰ ਕੇਸ ਚਲਾਇਆ ਗਿਆ ਤੇ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। 13 ਅਕਤੂਬਰ 2008 ਨੂੰ ਗੋਂਜ਼ਾਲੋ ਨੂੰ ਫੇਰ ਉਮਰਕੈਦ ਦੀ ਸਜ਼ਾ ਸੁਣਾਈ ਗਈ ਅਤੇ ਫਿਰ ਅਮਰੀਕਾ ਦੇ ਦਬਾਅ ਹੇਠ 1992 ਵਾਲਾ ਕਾਰ ਧਮਾਕੇ ਵਾਲਾ ਕੇਸ ਵੀ ਗੋਂਜ਼ਾਲੋ ਸਿਰ ਪਾ ਕੇ ਉਮਰਕੈਦ ਨੂੰ ਦੁੱਗਣੀ ਕਰ ਦਿੱਤਾ। 13 ਜੁਲਾਈ, 2021 ਨੂੰ ਗੋਂਜ਼ਾਲੋ ਨੇ ਭੁੱਖ ਹੜਤਾਲ ਕਰ ਦਿੱਤੀ। 17 ਜੁਲਾਈ, 2021 ਨੂੰ ਉਸ ਨੂੰ ਹਸਪਤਾਲ ਭੇਜ ਦਿੱਤਾ, ਪਰ ਫੇਰ ਜੇਲ੍ਹ ਵਾਪਸ ਭੇਜ ਦਿੱਤਾ। 11 ਸਤੰਬਰ 2021 ਨੂੰ 86 ਸਾਲ ਦੀ ਉਮਰ ਵਿੱਚ ਸਭ ਤੋਂ ਵੱਧ ਸੁਰੱਖਿਅਤ ਪੇਰੂ ਦੇ ਕਲਾਓ ਨੇਵਲ ਬੇਸ ‘ਤੇ ਉਸ ਦੀ ਮੌਤ ਹੋ ਗਈ ਅਤੇ 24 ਸਤੰਬਰ ਦੀ ਸ਼ਾਮ ਨੂੰ ਗੋਂਜ਼ਾਲੋ ਦਾ ਸਸਕਾਰ ਕੀਤਾ ਗਿਆ। ਚੇਅਰਮੈਨ ਗੋਂਜ਼ਾਲੋ ਦੀ ਰਾਖ ਨੂੰ ਕਿਸੇ ਗੁਪਤ ਜਗ੍ਹਾ ‘ਤੇ ਖਿੰਡਾਅ ਦਿੱਤਾ ਗਿਆ ਤਾਂ ਕਿ ਲੋਕ ਉਸ ਦੀ ਕੋਈ ਯਾਦਗਾਰ ਨਾ ਬਣਾ ਲੈਣ, ਪਰ ਗੋਂਜ਼ਾਲੋ ਤਾਂ ਪੇਰੂ ਦੇ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ। ਜਦੋਂ ਫੇਰ ਲੋਕ ਆਪਣੇ ਹੱਕ ਲੈਣ ਲਈ ਉੱਠਣਗੇ ਤਦ ਗੋਂਜ਼ਾਲੋ ਦੀਆਂ ਲਿਖਤਾਂ ਉਨ੍ਹਾਂ ਦਾ ਰਾਹ ਦਸੇਰਾ ਬਣਨਗੀਆਂ।
ਸੰਪਰਕ: 403 714 4816



News Source link

- Advertisement -

More articles

- Advertisement -

Latest article