ਵੋਟਾਂ ਵਾਲਾ ਹਥਿਆਰ
ਜਸਵੰਤ ਗਿੱਲ ਸਮਾਲਸਰ
ਚੋਣਾਂ ਦੀ ਚਮਕ ਦਮਕ ਵਿੱਚ
ਕਿਤੇ ਇਹ ਨਾ ਹੋਵੇ
ਭੁੱਲ ਜਾਈਏ ਰਾਜਧਾਨੀ ਦੀਆਂ
ਸੜਕਾਂ ‘ਤੇ ਕੱਟੀਆਂ ਰਾਤਾਂ
ਸਾਡੇ ਸਵਾਗਤ ਵਿੱਚ
ਵਿਛਾਏ ਗਏ ਕਿੱਲ
ਤੇ ਰਸਤਾ ਰੋਕਣ ਲਈ
ਲਾਏ ਬੈਰੀਕੇਡ
ਕਿਤੇ ਇਹ ਨਾ ਹੋਵੇ
ਅੱਥਰੂ ਗੈਸ ਦੇ ਗੋਲੇ
ਕਿਸੇ ਪਾਰਟੀ ਦਾ
ਚੋਣ ਚਿੰਨ੍ਹ ਬਣ ਜਾਣ
ਤੇ ਪੁਲੀਸ ਦੀਆਂ ਡਾਂਗਾਂ
ਸਿਆਸੀ ਝੰਡੇ ਦਾ ਡੰਡਾ
ਕਿਤੇ ਇਹ ਨਾ ਹੋਵੇ
ਹੱਕਾਂ ਲਈ ਕੁਰਬਾਨ ਹੋਣ ਵਾਲੇ
ਅਖ਼ਬਾਰਾਂ ਦੀਆਂ
ਸੁਰਖੀਆਂ ਤੱਕ ਰਹਿ ਜਾਣ
ਤੇ ਅਸੀਂ ਭੁੱਲ ਜਾਈਏ
ਮਾਵਾਂ ਦੇ ਸੁੱਕ ਗਏ ਹੰਝੂ
ਬਾਪ ਦੀ ਦਾੜ੍ਹੀ ਵਿੱਚ
ਗੁਆਚ ਗਈ ਬੁਢਾਪੇ ਦੀ ਆਸ
ਖਿਡੌਣਿਆਂ ਵਿੱਚੋਂ
ਆਪਣੇ ਪਿਤਾ ਨੂੰ ਲੱਭਦਾ ਬਚਪਨ
ਤੇ ਉਨ੍ਹਾਂ ਨਵ ਵਿਆਹੀਆਂ ਨੂੰ
ਜਿਨ੍ਹਾਂ ਅਜੇ ਜ਼ਿੰਦਗੀ ਦੇ
ਅਰਥ ਜਾਣੇ ਸੀ
ਕਿਤੇ ਇਹ ਨਾ ਹੋਵੇ
ਉਨ੍ਹਾਂ ਦੀ ਖਚਰੀ ਹਾਸੀ
ਖਾ ਜਾਵੇ ਸਾਡੇ ਹੱਕਾਂ ਖੁਸ਼ੀਆਂ
ਤੇ ਭਾਈਚਾਰਕ ਸਾਂਝ ਨੂੰ
ਤੇ ਅਸੀਂ ਫੇਰ
ਅੱਛੇ ਦਿਨਾਂ ਦੀ ਉਡੀਕ ਵਿੱਚ
ਬੈਠ ਜਾਈਏ ਸੜਕਾਂ ਉੱਤੇ ਜਾ
ਵਿਕਾਸ ਦੇ ਨਾਂ ‘ਤੇ ਉੱਠ ਖੜ੍ਹੇ
ਕੋਈ ਮੰਦਰ ਬਣਾਉਣ ਦਾ ਮੁੱਦਾ
ਮਸਜਿਦ, ਗੁਰਦੁਆਰਾ ਢਾਉਣ ਦਾ ਮੁੱਦਾ
ਜਾਂ ਵਾਪਰ ਜਾਵੇ ਪੁਲਵਾਮਾ ਵਾਲਾ
ਕੋਈ ਦਰਦਨਾਕ ਹਾਦਸਾ
ਚੋਣਾਂ ਦੇ ਸ਼ੋਰ ਸ਼ਰਾਬੇ ਵਿੱਚ
ਯਾਦ ਰੱਖਣਾ ਦੋਸਤੋ
ਫ਼ਸਲਾਂ ਨੂੰ ਨਿਗਲ ਗਈਆਂ
ਹਕੂਮਤ ਦੀਆਂ ਮਾੜੀਆਂ ਨੀਤੀਆਂ
ਤੇ ਨਸਲਾਂ ਨੂੰ ਖਾ ਗਿਆ ਨਸ਼ਾ
ਤੇ ਲੱਭਣਾ ਜ਼ਰੂਰ
ਸਾਡਾ ਹੁਣ ਇਸ ਦੇਸ਼ ਵਿੱਚ
ਕੀ ਰਹਿ ਗਿਆ ਹੈ
ਸੰਵਿਧਾਨ ਦੇ ਪੰਨਿਆਂ ਨੂੰ
ਮੂਲਨਿਵਾਸੀਆਂ ਦੇ ਖੂਨ ਨਾਲ
ਮਿਟਾਇਆ ਜਾ ਰਿਹਾ ਹੈ
ਤੇ ਯਾਦ ਰੱਖਣਾ ਦੋਸਤੋ
ਸਾਡੇ ਹੱਥ ਵਿੱਚ ਹੈ ਹਥਿਆਰ
ਤਾਨਾਸ਼ਾਹ ਹਕੂਮਤ ਨੂੰ ਬਦਲਣ ਦਾ।
ਸੰਪਰਕ: 97804-51878
ਰੁੱਤਾਂ ਦਾ ਬੇ-ਰਾਗ
ਜੀ. ਐੱਸ. ਭੰਡਾਲ
ਅੱਜ ਇੱਕ ਰੁੱਤ ਦੀ ਸੁੱਤੀ ਪੀੜਾ
ਹਰਫ਼ਾਂ ਵਿੱਚ ਸਮੋਈ
ਅਰਥਾਂ ਦੇ ਵਿੱਚ ਸਿੰਮਦੀ ਸਿੰਮਦੀ
ਵਰਕੀਂ ਉੱਗ ਖਲੋਈ।
ਅੱਜ ਇੱਕ ਰੁੱਤ ਦਾ ਸੂਹਾ ਅੰਬਰ
‘ਨੇਰਿਆਂ ਕਾਲਾ ਰੰਗਿਆ
ਅੱਖ ਪੁਟੇਂਦਾ ਸੂਰਜ ਜਿਸਨੇ
ਸੂਲੀ ਉੱਤੇ ਟੰਗਿਆ।
ਅੱਜ ਇੱਕ ਰੁੱਤ ਦੇ ਸਿਰ ਦੀ ਚੁੰਨੀ
ਲੀਰਾਂ ਲੀਰਾਂ ਹੋਈ
ਵਕਤ ਦੇ ਚੌਰਸਤੇ ਬਹਿ ਕੇ
ਧਾਹੀਂ ਮਾਰ ਕੇ ਰੋਈ।
ਅੱਜ ਇੱਕ ਰੁੱਤ ਦੇ ਢਿੱਡੀਂ ਉੱਗੀਆਂ
ਕੇਹੀਆਂ ਨੇ ਇਹ ਭੁੱਖਾਂ
ਆਲ੍ਹਣਿਆਂ ਵਿੱਚ ਬੋਟ ਵਿਲਕਦੇ
ਬਹਿ ਨਿਪੱਤਰੇ ਰੁੱਖਾਂ।
ਅੱਜ ਇੱਕ ਰੁੱਤ ਦੀ ਖਾਲੀ ਝੋਲੀ
ਅਰਜ਼ਾਂ ਦੀ ਅਰਜੋਈ
ਉਮਰਾਂ ਦਾ ਇਹ ਕੇਹਾ ਵੇਲਾ ਕਿ
ਵਿਧਵਾ ਹੋਈ ਕਿ ਹੋਈ।
ਅੱਜ ਇੱਕ ਰੁੱਤ ਦੇ ਸਿਰ ਕਿਸ ਧਰਿਆ
ਇਹ ਕੰਡਿਆਂ ਦਾ ਤਾਜ਼
ਟੁੱਟਦੇ ਸਾਹੀਂ ਖ਼ੈਰ ਮੰਨਾਉਂਦਾ
ਖੜਸੁੱਕ ਜਿੰਦ ਦਾ ਸਾਜ਼।
ਅੱਜ ਇੱਕ ਰੁੱਤ ਬਹਾਰੋਂ ਵਿਰਵੀ
ਪੱਤਝੜ ਨਿੱਤ ਹੰਢਾਵੇ
ਗਲੀ ਗਲੀ ‘ਚ ਮੰਗੇ ਦੁਆਵਾਂ
ਪਲ ਭਰ ਜਿਊਣਾ ਚਾਹੇ।
ਦੱਸੋ
ਜਿਊਣ ਜੋਗੀਆਂ ਰੁੱਤਾਂ ਬਾਝੋਂ
ਬੀਬਾ ਜਿਉਣਾ ਕੀ?
ਹੌਕਿਆਂ ਦੀ ਤਸਬੀ ਫੇਰਦਿਆਂ
ਹੋਣਾ ‘ਹੈ’ ਤੋਂ ‘ਸੀ’।
ਸੰਪਰਕ: 216-556-2080
ਛੱਡ ਗਏ ਨੇ ਯਾਰ
ਸੁਰਜੀਤ ਸਿੰਘ ਫਲੋਰਾ
ਛੱਡ ਗਏ ਨੇ ਯਾਰ ਸਾਰੇ ਦੋਸਤੋ
ਟੁੱਟ ਗਏ ਨੇ ਸਭ ਹੀ ਸਹਾਰੇ ਦੋਸਤੋ
ਮਰ ਰਿਹੈ ਭੁੱਖ ਨਾਲ ਲਾਲੋ ਮਿਹਨਤੀ
ਲੁੱਟ ਰਿਹਾ ਭਾਗੋ ਨਜ਼ਾਰੇ ਦੋਸਤੋ
ਖਾ ਰਹੇ ਹੋ ਸਹੁੰ ਫਿਰ ਕੱਲ੍ਹ ਆਉਣ ਦੀ
ਲਾ ਰਹੇ ਹੋ ਫੇਰ ਲਾਰੇ ਦੋਸਤੋ|
ਢਾਰਿਆਂ ਵਿੱਚ ਦਮ ਸੁਖਾਲਾਂ ਮੈਂ ਲਵਾਂ
ਦਮ ਮਿਰਾ ਘੁੱਟਣ ਚੁਬਾਰੇ ਦੋਸਤੋ|
ਹਾਲ ਪੁੱਛਦੇ ਹੋ ਕੀ ਹੁਣ ‘ਸੁਰਜੀਤ’ ਦਾ
ਕੱਟ ਰਿਹੈ ਦਿਨ ਗ਼ਮ ਸਹਾਰੇ ਦੋਸਤੋ|
ਸੰਪਰਕ: 647-829-9397