12.9 C
Patiāla
Friday, February 23, 2024

ਦੇਵਤੇ

Must read


ਸੁਰਿੰਦਰ ਗੀਤ

ਮੈਂ ਸਿਟੀ ਹਾਲ ‘ਚ ਟਰਾਂਸਪੋਰਟ ਪਲੈਨਿੰਗ ‘ਚ ਕੰਮ ਕਰਦੀ ਸਾਂ। ਇੱਕ ਦਿਨ ਕੌਫ਼ੀ ਬਰੇਕ ‘ਤੇ ਮੈਂ ਕੈਫੀਟੇਰੀਏ ਵਿੱਚ ਕੌਫ਼ੀ ਦਾ ਕੱਪ ਲੈਣ ਗਈ। ਮੈਂ ਦੇਖਿਆ ਕੈਸ਼ ਮਸ਼ੀਨ ‘ਤੇ 50 ਕੁ ਸਾਲ ਦੀ ਪੰਜਾਬੀ ਔਰਤ ਬੜੇ ਸੁਚੱਜੇ ਢੰਗ ਨਾਲ ਗਾਹਕ ਨਿਪਟਾ ਰਹੀ ਸੀ। ਸਭ ਨੂੰ ਗੁੱਡ ਮਾਰਨਿੰਗ ਕਹਿ ਕੇ ਪੈਸੇ ਫੜਨੇ ਤੇ ਬੜੇ ਅਦਬ ਨਾਲ ਸਾਮਾਨ ਲਿਫ਼ਾਫ਼ੇ ‘ਚ ਪਾ ਗਾਹਕ ਨੂੰ ਫੜਾਉਣ ਲੱਗਿਆਂ ‘ਹੈਵ ਏ ਨਾਈਸ ਡੇਅ’ ਕਹਿਣਾ ਸਿੱਧ ਕਰਦਾ ਸੀ ਕਿ ਉਹ ਆਪਣੇ ਕੰਮ ਵਿੱਚ ਮੁਹਾਰਤ ਰੱਖਦੀ ਹੈ।

ਮੇਰੀ ਵਾਰੀ ਆਉਣ ‘ਤੇ ਉਸ ਨੇ ਮੈਨੂੰ ‘ਸਤਿ ਸ੍ਰੀ ਅਕਾਲ ਬੁਲਾਈ’ ਤੇ ਮੈਂ ਜਵਾਬ ਵਿੱਚ ਸਤਿ ਸ੍ਰੀ ਅਕਾਲ ਕਹਿੰਦਿਆਂ ਪੁੱਛ ਲਿਆ ਕਿ ਕੀ ਉਹ ਅੱਜ ਪਹਿਲੇ ਦਿਨ ਕੰਮ ‘ਤੇ ਆਈ ਹੈ। ਉਹ ਕਾਹਲੀ ਨਾਲ ਪੈਸੇ ਫੜਾਉਂਦਿਆਂ ਬੋਲੀ, “ਨਹੀਂ ਕੁਝ ਦਿਨਾਂ ਤੋਂ ਆ ਰਹੀ ਹਾਂ।”

ਗਾਹਕਾਂ ਦੀ ਲੰਬੀ ਕਤਾਰ ਦੇਖ ਕੇ ਮੈਂ ਬਹੁਤੀ ਗੱਲ ਕਰਨੀ ਠੀਕ ਨਾ ਸਮਝੀ, ਪਰ ਉਸ ਦੀ ਕਮੀਜ਼ ‘ਤੇ ਟੰਗੀ ਨੇਮ ਪਲੇਟ ਤੋਂ ਉਸ ਦਾ ਨਾਮ ਪੜ੍ਹ ਲਿਆ – ਪ੍ਰੀਤ ਬਰਾੜ।

ਉਸ ਤੋਂ ਬਾਅਦ ਉਸ ਦਾ ਮਿਲਣਾ ਆਮ ਹੋ ਗਿਆ। ਉਹ ਦੂਰੋਂ ਦੇਖ ਕੇ ਮੈਨੂੰ ਹੈਲੋ ਆਖਦੀ ਤੇ ਮੈਂ ਵੀ ਉਸ ਨਾਲ ਨੇੜਤਾ ਦਿਖਾਉਣ ਲੱਗ ਪਈ। ਮੇਰੇ ਤੇ ਉਸ ਦੇ ਕੰਮ ਦੇ ਘੰਟੇ ਨਹੀਂ ਸਨ ਮਿਲਦੇ ਤੇ ਇਸ ਕਾਰਨ ਇਹ ਹੈਲੋ ਦਾ ਸਿਲਸਿਲਾ ਕਈ ਮਹੀਨੇ ਚੱਲਦਾ ਰਿਹਾ। ਸਮਾਂ ਬੀਤਦਾ ਗਿਆ। ਦਿਨ ਮਹੀਨੇ ਤੇ ਫਿਰ ਦੋ ਸਾਲ। ਇੱਕ ਦਿਨ ਉਹ ਮੈਨੂੰ ਸਵੇਰੇ ਸਵੇਰੇ ਟਰੇਨ ‘ਚ ਮਿਲ ਗਈ। ਜਿਵੇਂ ਹੀ ਮੈਂ ਟਰੇਨ ਦੇ ਅੰਦਰ ਪੈਰ ਰੱਖਿਆ ਉਸ ਨੂੰ ਇੱਕ ਸੀਟ ‘ਤੇ ਬੈਠਿਆਂ ਦੇਖ ਕੇ ਹੈਰਾਨ ਹੋ ਗਈ। ਸਬੱਬ ਨਾਲ ਉਸ ਦੇ ਨਾਲ ਦੀ ਸੀਟ ਖਾਲੀ ਪਈ ਸੀ। ਮੈਂ ਉਸ ਦੇ ਨਾਲ ਦੀ ਖਾਲੀ ਸੀਟ ‘ਤੇ ਬੈਠ ਗਈ। ਉਸ ਨੇ ਆਪਣੇ ਪਰਸ ‘ਚੋਂ ਛੋਟੀ ਜਿਹੀ ਨੋਟ ਬੁੱਕ ਕੱਢੀ ਤੇ ਮੇਰਾ ਫੋਨ ਨੰਬਰ ਮੰਗਣ ਲੱਗੀ।

ਮੈਂ ਆਪਣੇ ਦਫ਼ਤਰ ਦਾ ਆਪਣੀ ਪਰਸਨਲ ਲਾਈਨ ਦਾ ਫੋਨ ਨੰਬਰ ਦੇ ਦਿੱਤਾ, ਪਰ ਉਸ ਨੇ ਘਰ ਦਾ ਫੋਨ ਵੀ ਮੰਗ ਲਿਆ। ਮੈਂ ਬਿਨਾਂ ਕਿਸੇ ਝਿਜਕ ਦੇ ਦੋਵੇਂ ਫੋਨ ਉਸ ਨੂੰ ਲਿਖਵਾ ਦਿੱਤੇ। ਆਪਣੀ ਨੋਟ ਬੁੱਕ ਵਾਪਸ ਪਰਸ ਵਿੱਚ ਪਾਉਂਦਿਆਂ ਉਸ ਨੇ ਮੇਰੇ ‘ਤੇ ਸਵਾਲ ਕੀਤਾ ਕਿ ਕੀ ਗਿੱਲ ਗੋਤ ਤੁਹਾਡੇ ਸਹੁਰਿਆਂ ਦਾ ਗੋਤ ਹੈ।

“ਹਾਂ, ਗਿੱਲ ਮੇਰੇ ਸਹੁਰਿਆਂ ਦਾ ਗੋਤ ਹੈ ਤੇ ਮੇਰੇ ਪੇਕੇ ਧਾਲੀਵਾਲ ਹਨ।” ਮੈਂ ਕਿਹਾ।

ਮੇਰੇ ਮੂੰਹੋਂ ‘ਧਾਲੀਵਾਲ’ ਸੁਣ ਕੇ ਉਸ ਦੀਆਂ ਅੱਖਾਂ ਚਮਕ ਉੱਠੀਆਂ।

“ਲੈ ਫਿਰ ਤਾਂ ਆਪਾਂ ਭੈਣਾਂ ਭੈਣਾਂ ਹੋਈਆਂ। ਮੈਂ ਵੀ ਧਾਲੀਵਾਲਾਂ ਦੀ ਧੀ ਹਾਂ।” ਕਹਿ ਕੇ ਉਸ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਘੁੱਟ ਲਿਆ। ਮੈਨੂੰ ਵੀ ਉਹ ਡਾਢੀ ਪਿਆਰੀ ਲੱਗੀ। ਕੁਝ ਆਪਣੀ ਆਪਣੀ ਜਿਹੀ। ਗੱਲ ਨੂੰ ਅੱਗੇ ਤੋਰਦਿਆਂ ਉਸ ਨੇ ਦੱਸਿਆ ਕਿ ਉਸ ਨੇ ਹੁਣ ਨਵਾਂ ਘਰ ਲੈ ਲਿਆ ਹੈ ਅਤੇ ਹੁਣ ਉਹ ਕੰਮ ਤੇ’ ਟਰੇਨ ‘ਤੇ ਹੀ ਆਇਆ ਕਰੇਗੀ।

ਉਹ ਮੈਨੂੰ ਕੁਝ ਉਦਾਸ ਜਾਪੀ। ਪਹਿਲੀ ਵਾਰ ਟਰੇਨ ‘ਚ ਏਨਾ ਕੋਲ ਹੋ ਕੇ ਮਿਲੀ ਸੀ। ਉਦਾਸੀ ਦਾ ਕਾਰਨ ਪੁੱਛਣਾ ਮੁਨਾਸਿਬ ਨਾ ਸਮਝਿਆ। ਮੈਂ ਏਨਾ ਹੀ ਕਹਿ ਸਕੀ , “ਘਰ ਪਰਿਵਾਰ ਸਭ ਠੀਕ ਹੈ?”

ਉਸ ਨੇ ਮਾਮੂਲੀ ਜਿਹੀ “ਹਾਂ” ਵਿੱਚ ਸਿਰ ਹਿਲਾਇਆ। ਮੈਂ ਸਮਝ ਗਈ ਕਿ ਸਭ ਠੀਕ ਨਹੀਂ ਹੈ। ਪਰ ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆ। ਟਰੇਨ ਦੀ ਤੇਜ਼ ਰਫ਼ਤਾਰ ਨੇ ਛੇ ਸੱਤ ਮਿੰਟਾਂ ਵਿੱਚ ਹੀ ਸਿਟੀ ਹਾਲ ਦੇ ਸਟੇਸ਼ਨ ‘ਤੇ ਲਾ ਦਿੱਤਾ। ਅਸੀਂ ਦੋਵੇਂ ਕਾਹਲੇ ਕਦਮੀਂ ਸਿਟੀ ਹਾਲ ਪੁੱਜ ਗਈਆਂ। ਉਹ ਕੈਫੀਟੇਰੀਏ ਵਿੱਚ ਚਲੀ ਗਈ ਤੇ ਮੈਂ ਆਪਣੇ ਦਫ਼ਤਰ ਪੁੱਜ ਗਈ।

ਹੁਣ ਉਹ ਮੈਨੂੰ ਕਦੇ ਕਦੇ ਟਰੇਨ ਵਿੱਚ ਮਿਲ ਜਾਂਦੀ ਸੀ। ਉਹ ਅਕਸਰ ਉਦਾਸ ਰਹਿੰਦੀ ਸੀ। ਕਦੇ ਫਾਲਤੂ ਗੱਲ ਨਹੀਂ ਸੀ ਕਰਦੀ। ਗੱਲ ਕਰਦੀ ਵੀ ਕਿਵੇਂ। ਸਮਾਂ ਹੀ ਨਹੀਂ ਸੀ ਮਿਲਿਆ ਕਦੇ। ਟਰੇਨ ‘ਚ ਮਿਲਣਾ ਤੇ ਗੱਲ ਇੱਕ ਦੂਸਰੇ ਨੂੰ ਹੈਲੋ ਕਹਿਣ ਤੱਕ ਹੀ ਸੀਮਤ ਰਹਿੰਦੀ। ਆਮ ਕਰਕੇ ਉਸ ਸਮੇਂ ਸਾਰੀ ਟਰੇਨ ਭਰੀ ਹੋਈ ਹੁੰਦੀ ਸੀ। ਟਰੇਨ ਤੋਂ ਉਤਰ ਕੇ ਸੜਕ ਕਰਾਸ ਕਰਕੇ ਲੇਟ ਹੋਣ ਦੇ ਡਰ ਤੋਂ ਭੱਜ ਪੈਣਾ। ਉਸ ਨੂੰ ਮੇਰੇ ਤੋਂ ਜ਼ਿਆਦਾ ਕਾਹਲ ਹੁੰਦੀ ਸੀ। ਮੈਂ ਤਾਂ ਦਸ ਬਾਰ੍ਹਾਂ ਮਿੰਟ ਪਹਿਲਾਂ ਹੀ ਜਾਂਦੀ ਸਾਂ ਤੇ ਨਾਲੇ ਮੇਰੇ ਦਫ਼ਤਰ ਵਿੱਚ ਚਾਰ ਪੰਜ ਮਿੰਟ ਲੇਟ ਹੋਣਾ ਕੋਈ ਖਾਸ ਗੱਲ ਨਹੀਂ ਸੀ ਹੁੰਦੀ।

ਸਮਾਂ ਬੀਤਦਾ ਗਿਆ। ਦਿਨ ਮਹੀਨੇ ਤੇ ਫਿਰ ਪੂਰਾ ਸਾਲ ਲੰਘ ਗਿਆ।

ਇੱਕ ਦਿਨ ਮੇਰੇ ਡੈਸਕ ਵਾਲੇ ਫੋਨ ਦੀ ਘੰਟੀ ਖੜਕੀ। ਫੋਨ ਪ੍ਰੀਤ ਦਾ ਸੀ।

ਮੈਂ ਹੌਲੀ ਜਿਹੀ ਹੈਲੋ ਕਿਹਾ ਤਾਂ ਜੋ ਪੰਜਾਬੀ ਵਿੱਚ ਕੀਤਾ ਵਰਤਾਲਾਪ ਦਫ਼ਤਰ ਵਿੱਚ ਕੰਮ ਕਰਨ ਵਾਲੇ ਦੂਸਰੇ ਲੋਕਾਂ ਨੂੰ ਪ੍ਰਭਾਵਿਤ ਨਾ ਕਰੇ।

“ਭੈਣੇ! ਮਨ ਉਦਾਸ ਸੀ। ਬਰੇਕ ‘ਤੇ ਸੀ, ਸੋਚਿਆ ਤੁਹਾਡੇ ਨਾਲ ਗੱਲ ਕਰ ਲਵਾਂ।”

ਮੈਂ ਸਮਝ ਗਈ ਕਿ ਗੱਲ ਮਿੰਟ ਜਾਂ ਦੋ ਮਿੰਟ ਦੀ ਨਹੀਂ ਹੋਣੀ। ਇਸ ਲਈ ਦਫ਼ਤਰ ਦੇ ਸਮੇਂ ਠੀਕ ਨਹੀਂ ਹੋਵੇਗਾ। ਮੈਂ ਪਿਆਰ ਤੇ ਅਪਣੱਤ ਜਤਾਉਂਦਿਆਂ ਕਿਹਾ, “ਪ੍ਰੀਤ, ਇਸ ਵੇਲੇ ਦਫ਼ਤਰ ‘ਚ ਕੰਮ ਬਹੁਤ ਹੈ। ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਜੇ ਠੀਕ ਸਮਝੋ ਤਾਂ ਮੈਂ ਸ਼ਾਮ ਨੂੰ ਘਰ ਜਾ ਕੇ ਫੋਨ ਕਰ ਲਵਾਂਗੀ।”

“ਤੁਹਾਡਾ ਲੰਚ ਟਾਈਮ ਕਦੋਂ ਹੁੰਦਾ ਹੈ?” ਉਸ ਨੇ ਪੁੱਛਿਆ।

ਮੈਂ ਸਮਝ ਗਈ ਕਿ ਉਹ ਮੈਨੂੰ ਲੰਚ ਟਾਈਮ ਮਿਲਣਾ ਚਾਹੁੰਦੀ ਹੈ।

“ਮੈਂ ਬਾਰ੍ਹਾਂ ਤੇ ਇੱਕ ਵਜੇ ਦੇ ਵਿਚਕਾਰ ਕਦੋਂ ਵੀ ਬਰੇਕ ਲੈ ਸਕਦੀ ਹਾਂ। ਇੱਕ ਘੰਟਾ ਵਿਹਲ ਹੁੰਦੀ ਹੈ। ਤੁਹਾਡੇ ਹਿਸਾਬ ਨਾਲ ਮੈਂ ਥੱਲੇ ਕੈਫੇਟੇਰੀਏ ਮੂਹਰੇ ਆ ਜਾਵਾਂਗੀ।” ਮੈਂ ਕਿਹਾ।

ਮਿੱਥੇ ਸਮੇਂ ਅਨੁਸਾਰ ਮੈਂ ਕੈਫੇਟੇਰੀਏ ਦੇ ਬਾਹਰ ਨਿਕਲਣ ਵਾਲੇ ਦਰਵਾਜ਼ੇ ਕੋਲ ਚਲੀ ਗਈ। ਉਹ ਬਹੁਤ ਉਦਾਸ ਸੀ। ਅੱਖਾਂ ਦੀ ਲਾਲੀ ਦੱਸ ਰਹੀ ਸੀ ਕਿ ਉਹ ਹੁਣੇ ਹੁਣੇ ਰੋ ਕੇ ਹਟੀ ਹੈ। ਮੈਨੂੰ ਦੇਖ ਕੇ ਉਸ ਦੀਆਂ ਅੱਖਾਂ ਦੋਬਾਰਾ ਭਰ ਆਈਆਂ। ਅਸੀਂ ਬਿਨਾਂ ਇੱਕ ਦੂਸਰੇ ਨਾਲ ਗੱਲ ਕੀਤਿਆਂ ਸਿਟੀ ਹਾਲ ਨਾਲ ਲੱਗਦੇ ਪਾਰਕ ਵਿੱਚ ਬੈਠ ਗਈਆਂ।

“ਅੱਜ ਬਹੁਤ ਸੋਹਣਾ ਦਿਨ ਹੈ। ਧੁੱਪ ਵੀ ਬਹੁਤ ਪਿਆਰੀ ਹੈ।” ਮੈਂ ਚੁੱਪ ਤੋੜਨ ਲਈ ਕਿਹਾ। ਉਸ ਨੇ ਮੇਰੀ ਗੱਲ ਦਾ ਕੋਈ ਹੁੰਗਾਰਾ ਨਹੀਂ ਭਰਿਆ। ਮੈਨੂੰ ਜਾਪਿਆ ਜਿਵੇਂ ਉਸ ਨੇ ਮੇਰੀ ਗੱਲ ਸੁਣੀ ਹੀ ਨਹੀਂ। ਮੈਂ ਜਾਣਦੇ ਹੋਏ ਵੀ ਕਿ ਉਸ ਦਾ ਧਿਆਨ ਅੱਜ ਦੇ ਮੌਸਮ ਵਿੱਚ ਬਿਲਕੁਲ ਹੀ ਨਹੀਂ ਹੈ, ਮੌਸਮ ਦੀ ਗੱਲ ਛੇੜੀ ਸੀ। ਮੈਂ ਤਾਂ ਕੋਸ਼ਿਸ਼ ਕਰ ਰਹੀ ਸਾਂ ਕਿ ਕਿਵੇਂ ਨਾ ਕਿਵੇਂ ਉਹ ਆਪਣੇ ਦਿਲ ਦੀ ਭੜਾਸ ਕੱਢੇ ਜਿਸ ਕਾਰਨ ਉਸ ਨੇ ਮੈਨੂੰ ਮਿਲਣ ਦਾ ਸੱਦਾ ਦਿੱਤਾ ਸੀ।

ਮੈਂ ਦੋ ਕੁ ਮਿੰਟ ਦੀ ਚੁੱਪ ਤੋਂ ਬਾਅਦ ਕਿਹਾ, “ਪ੍ਰੀਤ, ਤੇਰੀਆਂ ਅੱਖਾਂ ਲਾਲ ਕਿਉਂ ਹਨ ਤੇ ਨਾਲੇ ਤੂੰ ਉਦਾਸ ਲੱਗਦੀ ਹੈਂ।”

ਉਸ ਦੀਆਂ ਅੱਖਾਂ ਫਿਰ ਭਰ ਆਈਆਂ। ਆਪਣੇ ਪਰਸ ‘ਚੋਂ ਪੇਪਰ ਨੈਪਕਿਨ ਕੱਢ ਕੇ ਉਹ ਅੱਖਾਂ ਪੂੰਝਣ ਲੱਗੀ। ਮੈਂ ਹੌਲੀ ਹੌਲੀ ਉਸ ਦੀ ਬਾਂਹ ਪਲੋਸ ਰਹੀ ਸਾਂ ਤੇ ਉਹ ਰੋ ਰਹੀ ਸੀ। ਦੋ ਕੁ ਮਿੰਟ ਰੋ ਕੇ ਉਸ ਨੇ ਕੁਝ ਕਹਿਣ ਦਾ ਹੌਸਲਾ ਕੀਤਾ। ਪਰ ਉਹ ਏਨਾ ਹੀ ਕਹਿ ਸਕੀ, “ਭੈਣ। ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ।”

ਉਸ ਦੀ ਗੱਲ ਸੁਣ ਕੇ ਮੈਂ ਕਿਹਾ, “ਹਾਂ ਪ੍ਰੀਤ, ਇਹ ਤਾਂ ਹੈ।”

“ਭੈਣੇ ਮੇਰੀ ਤਾਂ ਲੰਬੀ ਕਹਾਣੀ ਹੈ। ਮਨ ਬਾਹਲਾ ਹੀ ਭਰਿਆ ਪਿਆ ਸੀ। ਅੱਜ ਖਿਆਲ ਆਇਆ ਕਿ ਭੈਣ ਨਾਲ ਦੁੱਖ ਸਾਂਝਾ ਕਰਦੀ ਹਾਂ। ਇਸ ਸ਼ਹਿਰ ਵਿੱਚ ਤੁਸੀਂ ਹੀ ਮੈਨੂੰ ਮੇਰੇ ਲੱਗਦੇ ਹੋ।” ਕਹਿੰਦਿਆਂ ਉਸ ਨੇ ਮੇਰਾ ਹੱਥ ਫੜ ਲਿਆ।

ਮੈਂ ਘੜੀ ਦੇਖੀ। ਟਾਈਮ ਤਾਂ ਭੱਜਿਆ ਹੀ ਜਾਂਦਾ ਸੀ। ਮੈਂ ਆਪਣੇ ਬੈਗ ‘ਚੋਂ ਦੋ ਸੈਂਡਵਿਚ ਕੱਢੇ। ਇੱਕ ਉਸਨੂੰ ਫੜਾ ਦਿੱਤਾ ਤੇ ਦੂਸਰਾ ਮੈਂ ਆਪ ਖਾਣ ਲੱਗ ਪਈ। ਉਸ ਨੇ ਅੱਧਾ ਕੁ ਸੈਂਡਵਿਚ ਖਾਧਾ ਤੇ ਬਾਕੀ ਦਾ ਲਪੇਟ ਕੇ ਆਪਣੇ ਪਰਸ ਵਿੱਚ ਇਹ ਕਹਿੰਦਿਆਂ ਪਾ ਲਿਆ ਕਿ ਠਹਿਰ ਕੇ ਖਾਵਾਂਗੀ।

“ਭੈਣ, ਤੁਸੀਂ ਕਿੱਥੇ ਰਹਿੰਦੇ ਹੋ?”

“ਮਾਨਟਰੇ ਪਾਰਕ।” ਮੈਂ ਕਿਹਾ।

“ਫਿਰ ਤਾਂ ਨੇੜੇ ਹੀ ਹੈ। ਮੈਂ ਵਾਈਟਹਾਰਨ ‘ਚ ਰਹਿੰਦੀ ਹਾਂ।” ਉਹ ਬੋਲੀ।

ਉਸ ਨੇ ਘੜੀ ਦੇਖੀ। ਉਸ ਦੇ ਲੰਚ ਦਾ ਸਮਾਂ ਖਤਮ ਹੋ ਚੁੱਕਾ ਸੀ ਤੇ ਉਹ ਕਾਹਲੀ ਨਾਲ ਉੱਠ ਖਲੋਤੀ। ਮੈਂ ਕੈਫੇਟੇਰੀਏ ਤੱਕ ਉਸ ਦਾ ਸਾਥ ਦਿੱਤਾ ਤੇ ਕੁਝ ਦੇਰ ਲਈ ਮੇਨ ਲੌਬੀ ਵਿੱਚ ਨਿਵੇਕਲੀ ਜੇਹੀ ਕੁਰਸੀ ਦੇਖ ਕੇ ਬੈਠ ਗਈ ਕਿਉਂਕਿ ਮੇਰੇ ਕੋਲ ਅਜੇ ਅੱਧਾ ਕੁ ਘੰਟਾ ਬਾਕੀ ਸੀ। ਮੈਂ ਲਗਾਤਾਰ ਉਸ ਬਾਰੇ ਸੋਚ ਰਹੀ ਸਾਂ ਕਿ ਉਹ ਅੱਜ ਉਦਾਸ ਕਿਉਂ ਹੈ। ਤਰ੍ਹਾਂ ਤਰ੍ਹਾਂ ਦੇ ਖਿਆਲ ਮੇਰੇ ਦੁਆਲੇ ਘੁੰਮ ਰਹੇ ਸਨ।

ਮੈਂ ਤਾਂ ਇਹ ਵੀ ਨਹੀਂ ਪੁੱਛਿਆ ਕਿ ਉਸ ਦੇ ਘਰ ਵਿੱਚ ਕੌਣ ਕੌਣ ਹਨ। ਉਸ ਦਾ ਪਤੀ ਕੀ ਕੰਮ ਕਰਦਾ ਹੈ। ਉਸ ਦੇ ਬੱਚੇ ਕਿੰਨੇ ਹਨ ਵਗੈਰਾ ਵਗੈਰਾ…। ਉਸ ਨਾਲ ਕੀਤੇ ਵਾਅਦੇ ਅਨੁਸਾਰ ਮੈਂ ਘਰ ਆ ਕੇ ਰੋਟੀ ਪਾਣੀ ਤੋਂ ਵਿਹਲੀ ਹੋ ਉਸ ਨੂੰ ਫੋਨ ਕੀਤਾ, ਪਰ ਉਸ ਨੇ ਜਵਾਬ ਨਹੀਂ ਦਿੱਤਾ। ਸੌਣ ਤੋਂ ਪਹਿਲਾਂ ਦੋ ਕੁ ਵਾਰ ਮੈਂ ਕੋਸ਼ਿਸ਼ ਕੀਤੀ, ਪਰ ਉਸ ਨੇ ਫੋਨ ਨਹੀਂ ਚੁੱਕਿਆ। ਸੋਚਿਆ ਕਿਸੇ ਕੰਮ ਵਿੱਚ ਮਸ਼ਰੂਫ ਹੋਵੇਗੀ। ਕੱਲ੍ਹ ਨੂੰ ਟਰੇਨ ਵਿੱਚ ਮਿਲ ਜਾਵੇਗੀ। ਉਹ ਟਰੇਨ ਵਿੱਚ ਨਹੀਂ ਮਿਲੀ। ਮੈਂ ਕੈਫ਼ੀਟੇਰੀਏ ਵਿੱਚ ਨਜ਼ਰ ਮਾਰੀ। ਉਹ ਉੱਥੇ ਵੀ ਨਹੀਂ ਸੀ। ਉਹ ਕੰਮ ‘ਤੇ ਨਹੀਂ ਸੀ ਆਈ।

ਲੰਚ ਟਾਈਮ ਫੋਨ ਕੀਤਾ। ਕੇਵਲ ਫੋਨ ਦੀ ਘੰਟੀ ਦੀ ਆਵਾਜ਼ ਆਈ। ਚਿੱਤ ਤਾਂ ਕਰਦਾ ਸੀ ਉਸ ਦੇ ਘਰ ਜਾ ਕੇ ਪਤਾ ਕਰਾਂ, ਪਰ ਮੇਰੇ ਕੋਲ ਤਾਂ ਉਸ ਦਾ ਪਤਾ ਨਹੀਂ ਸੀ। ਵਿਚਾਰੀ ਕਿੰਨੇ ਪਿਆਰ ਨਾਲ ‘ਭੈਣ’ ਕਹਿੰਦੀ ਹੈ ਤੇ ਨਾਲੇ ਹੈ ਵੀ ਧਾਲੀਵਾਲਾਂ ਦੀ ਧੀ। ਮੇਰੀ ਭੈਣ ਹੀ ਤਾਂ ਹੈ ਉਹ। ਅਗਲਾ ਦਿਨ ਸ਼ਨਿਚਰਵਾਰ ਸੀ। ਕੰਮ ਤੋਂ ਛੁੱਟੀ ਸੀ। ਛੁੱਟੀ ਵਾਲੇ ਦਿਨ ਮੈਂ ਅਕਸਰ ਕੁਝ ਲੇਟ ਜਾਗਦੀ ਸਾਂ, ਪਰ ਫੋਨ ਦੀ ਘੰਟੀ ਨੇ ਜਗਾ ਦਿੱਤਾ। ਫੋਨ ਪ੍ਰੀਤ ਦਾ ਸੀ।

“ਭੈਣੇ, ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ।”

ਉਸ ਦੇ ਬੋਲ ਵਿੱਚ ਲੋਹੜੇ ਦੀ ਅਪਣੱਤ ਸੀ।

” ਹਾਂ …ਹਾਂ ਪ੍ਰੀਤ… ਮੈਨੂੰ ਤੇਰੀ ਚਿੰਤਾ ਹੋ ਰਹੀ ਸੀ। ਚੰਗਾ ਕੀਤਾ ਤੂੰ ਫੋਨ ਕਰ ਲਿਆ।” ਮੈਂ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ।

“ਭੈਣ ਤੂੰ ਮੇਰੇ ਘਰ ਆ ਸਕਦੀ ਹੈਂ?”

ਮੈਂ ਮਿੰਟ ਕੁ ਲਈ ਸੋਚਿਆ ਤੇ ਕਿਹਾ, “ਹਾਂ, ਆ ਸਕਦੀ ਹਾਂ, ਪਰ ਜ਼ਰਾ ਠਹਿਰ ਕੇ। ਮੈਂ ਤਾਂ ਅਜੇ ਬਿਸਤਰੇ ਵਿੱਚ ਹੀ ਪਈ ਹਾਂ। ਘਰ ਦਾ ਕੁਝ ਕੰਮ ਕਰ ਲਵਾਂ ਤੇ ਫਿਰ ਮੈਂ ਵਿਹਲੀ ਹੀ ਹਾਂ।”

“ਭੈਣੇ… ਮਨ ਬਹੁਤ ਹੀ ਖਰਾਬ ਹੈ।”

“ਕਿਹੜੀ ਗੱਲੋਂ।” ਮੈਂ ਕਿਹਾ।

ਉਹ ਫਿਰ ਰੋਣ ਲੱਗ ਪਈ।

“ਪ੍ਰੀਤ, ਫਿਕਰ ਨਾ ਕਰ। ਮੈਂ ਬਾਰ੍ਹਾਂ ਕੁ ਵਜੇ ਆ ਜਾਵਾਂਗੀ। ਆਪਣਾ ਪਤਾ ਲਿਖਵਾ।”

ਜਿਵੇਂ ਹੀ ਮੈਂ ਪਤਾ ਲਿਖਿਆ, ਇੱਕ ਸੋਚ ਨੇ ਮੈਨੂੰ ਘੇਰ ਲਿਆ। ਮੈਂ ਵੀ ਕਿੰਨੀ ਪਾਗਲ ਹਾਂ। ਮੈਂ ਇਹ ਤਾਂ ਉਸ ਨੂੰ ਪੁੱਛਿਆ ਹੀ ਨਹੀਂ ਕਿ ਉਸ ਦੇ ਘਰ ਇਸ ਵੇਲੇ ਹੋਰ ਕੌਣ ਹੋਵੇਗਾ? ਜੇ ਕਿਤੇ ਕੋਈ ਪਰਿਵਾਰਕ ਲੜਾਈ ਝਗੜਾ ਹੋਇਆ ਤਾਂ ਕਿਤੇ ਮੇਰੇ ਜਾਣ ਨਾਲ ਵਧ ਹੀ ਨਾ ਜਾਵੇ। ਉਸ ਦੇ ਘਰ ਬਾਰੇ ਜਾਣਕਾਰੀ ਲੈਣ ਲਈ ਮੈਂ ਦੋਬਾਰਾ ਫੋਨ ਕਰ ਲਿਆ। ਉਸ ਨੇ ਦੱਸਿਆ ਕਿ ਉਹ ਘਰ ਵਿੱਚ ਇਸ ਸਮੇਂ ਇਕੱਲੀ ਹੈ।

ਘਰ ਦਾ ਕੰਮ ਕਾਹਲੀ ਨਾਲ ਨਿਪਟਾ ਕੇ ਮੈਂ ਬਾਰ੍ਹਾਂ ਕੁ ਵਜੇ ਉਸ ਦੇ ਘਰ ਪੁੱਜ ਗਈ। ਲਿਵਿੰਗ ਰੂਮ ਦੀ ਸ਼ੀਸ਼ੇ ਦੀ ਬਾਰੀ ’ਚ ਖੜ੍ਹੀ ਉਹ ਮੈਨੂੰ ਉਡੀਕ ਰਹੀ ਸੀ। ਘੰਟੀ ਖੜਕਾਉਣ ਦਾ ਮੌਕਾ ਹੀ ਨਹੀਂ ਮਿਲਿਆ। ਉਸ ਦੇ ਚਿਹਰੇ ‘ਤੇ ਉਦਾਸੀ ਦੇ ਬੱਦਲ ਏਨੇ ਸੰਘਣੇ ਸਨ ਕਿ ਉਨ੍ਹਾਂ ‘ਚੋਂ ਉਸ ਦਾ ਅਸਲ ਚਿਹਰਾ ਦਿਖਾਈ ਨਹੀਂ ਸੀ ਦਿੰਦਾ। ਅੱਖਾਂ ਸੁੱਜੀਆਂ ਹੋਈਆਂ ਤੇ ਲਾਲ ਸਨ।

ਮੈਂ ਫਰਜ਼ੀ ਜਿਹੀ ਨਜ਼ਰ ਸਾਰੇ ਘਰ ‘ਤੇ ਮਾਰੀ। ਛੋਟਾ ਜਿਹਾ ਗੁਜ਼ਾਰੇ ਕੁ ਜੋਗਾ ਦੋ ਬੈੱਡਰੂਮ ਦਾ ਘਰ ਸੀ ਤੇ ਛੋਟੀ ਜਿਹੀ ਕਿਚਨ ਸੀ। ਬੇਸਮੈਂਟ ਖਾਲੀ ਜਾਪਦੀ ਸੀ। ਇੱਕ ਬੈੱਡਰੂਮ ਵਿੱਚ ਕੁਝ ਸਾਮਾਨ ਖਿਲਰਿਆ ਪਿਆ ਸੀ। ਮੈਂ ਬਿਨਾਂ ਕਿਸੇ ਉਚੇਚ ਦੇ ਸੋਫੇ ‘ਤੇ ਬੈਠ ਗਈ। ਉਹ ਬਿਲਕੁਲ ਮੇਰੇ ਨਾਲ ਲੱਗ ਕੇ ਬੈਠ ਗਈ ਜਿਵੇਂ ਬੈਠਣ ਲਈ ਵੀ ਸਹਾਰਾ ਭਾਲਦੀ ਹੋਵੇ। ਉਸ ਦੇ ਚਿਹਰੇ ਤੇ ਅੱਖਾਂ ਤੋਂ ਜਾਣ ਲਿਆ ਸੀ ਕਿ ਇਹ ਕਿਸੇ ਵੱਡੀ ਮੁਸੀਬਤ ਵਿੱਚ ਹੈ। ਦੋ ਕੁ ਮਿੰਟ ਬੈਠ ਉਹ ਚਾਹ ਲਿਆਉਣ ਲਈ ਉੱਠੀ। ਮੈਂ ਵੀ ਕਿਚਨ ‘ਚ ਉਸ ਦੇ ਮਗਰ ਚਲੀ ਗਈ ਤੇ ਕੁਰਸੀ ‘ਤੇ ਬੈਠ ਗਈ।

“ਪ੍ਰੀਤ ਤੂੰ ਇਕੱਲੀ ਹੀ ਰਹਿੰਦੀ ਹੈਂ ਏਥੇ।” ਮੈਂ ਕਿਹਾ।

ਉਹ ਫਿਰ ਰੋਣ ਲੱਗ ਪਈ। ਮੈਂ ਕੁਝ ਸਖ਼ਤੀ ਨਾਲ ਕਿਹਾ, “ਮੈਨੂੰ ਬੁਲਾਇਆ ਹੈ। ਹੁਣ ਗੱਲ ਤਾਂ ਦੱਸ। ਤੈਨੂੰ ਕੀ ਮਦਦ ਚਾਹੀਦੀ ਹੈ।”

“ਮੇਰੀ ਬੇਟੀ ਅੱਜ ਮੈਨੂੰ ਛੱਡ ਕੇ ਚਲੀ ਗਈ ਹੈ। ਮੇਰਾ ਤਾਂ ਮਰ ਜਾਣ ਨੂੰ ਜੀਅ ਕਰਦਾ ਹੈ। ਕੀ ਦੱਸਾਂ ਗ਼ਲਤੀਆਂ ਤਾਂ ਸਾਰੀਆਂ ਮੇਰੀਆਂ ਹੀ ਹਨ। ਉਸ ਨੂੰ ਕਿਵੇਂ ਦੋਸ਼ੀ ਕਹਾਂ? ਉਹ ਤਾਂ ਆਪਣੇ ਥਾਂ ਸੱਚੀ ਹੈ।” ਉਸ ਨੇ ਬੜਾ ਹੀ ਜ਼ੋਰ ਲਾ ਕੇ ਆਪਣੇ ਮੂੰਹੋਂ ਇਹ ਸ਼ਬਦ ਕੱਢੇ।

”ਫਿਰ…।” ਮੈਂ ਕਿਹਾ।

“ਭੈਣ ਕੀ ਦੱਸਾਂ, ਜਦੋਂ ਮੱਤ ਮਾਰੀ ਜਾਂਦੀ ਹੈ ਓਦੋਂ ਪਤਾ ਨਹੀਂ ਲੱਗਦਾ।” ਉਸ ਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦਿਆਂ ਕਿਹਾ।

“ਉਹ ਤਾਂ ਹੈ,” ਮੈਂ ਉਸ ਦੇ ਚਿਹਰੇ ਵੱਲ ਤੱਕਦਿਆਂ ਕਿਹਾ।

ਉਸ ਦੇ ਜਿਵੇਂ ਹੱਥ ਤਾਂ ਕੀ ਸਾਰਾ ਸਰੀਰ ਹੀ ਕੰਬ ਰਿਹਾ ਸੀ।

“ਹਾਂ ਦੱਸ ਕੀ ਗੱਲ ਹੈ, ਮੈਂ ਗੱਲ ਤੋਰਨ ਲਈ ਕਿਹਾ।”

”ਭੈਣ, ਕੀ ਦੱਸਾਂ। ਕਹਾਣੀ ਅਜੀਬ ਜਿਹੀ ਹੈ। 1985 ‘ਚ ਮੇਰਾ ਵਿਆਹ ਹੋ ਗਿਆ। ਮੁੰਡਾ ਏਧਰੋਂ ਗਿਆ ਸੀ ਵਿਆਹ ਕਰਵਾਉਣ। ਸਾਰਾ ਕੁਝ ਮੇਰੀ ਸਹਿਮਤੀ ਨਾਲ ਹੋਇਆ। ਉਹ ਬਾਘੇ ਪੁਰਾਣੇ ਦੇ ਸਨ। ਘਰ ਬਾਰ ਚੰਗਾ ਸੀ, ਪਰ ਉਹਦੀ ਲੱਤ ਵਿੱਚ ਨੁਕਸ ਸੀ। ਥੋੜ੍ਹਾ ਜਿਹਾ ਲੰਗੜਾ ਕੇ ਤੁਰਦਾ ਸੀ। ਮੇਰੇ ਪਿਉ ਕੋਲ ਕੁੱਲ ਤਿੰਨ ਏਕੜ ਜ਼ਮੀਨ ਸੀ। ਅਸੀਂ ਚਾਰ ਭੈਣ ਭਰਾ ਸਾਂ। ਭਰਾ ਤਿੰਨਾਂ ਭੈਣਾਂ ਤੋਂ ਛੋਟਾ ਸੀ। ਮੈਂ ਸਾਰਿਆਂ ਤੋਂ ਵੱਡੀ ਸੀ। ਬੀ.ਏ. ਕਰ ਲਈ ਸੀ। ਬਾਪੂ ਨੇ ਬੇਬੇ ਨਾਲ ਸਲਾਹ ਕੀਤੀ ਕਿ ਜੇਕਰ ਪ੍ਰੀਤ ਮਨ ਜਾਵੇ ਤਾਂ ਆਪਣੀ ਸਾਰੀ ਕਬੀਲਦਾਰੀ ਨਜਿੱਠੀ ਜਾ ਸਕਦੀ ਹੈ। ਸਭ ਤੋਂ ਵੱਡੀ ਗੱਲ ਇਹ ਵੀ ਸੀ ਕਿ ਉਨ੍ਹਾਂ ਦੀ ਕੋਈ ਦਾਜ ਦੀ ਮੰਗ ਨਹੀਂ ਸੀ।”

“ਅੱਛਾ।” ਮੈਂ ਹੁੰਗਾਰਾ ਭਰਿਆ।

“ਮੈਂ ਮੰਨ ਗਈ। ਵਿਆਹ ਹੋ ਗਿਆ। ਏਥੋਂ ਵੈਨਕੂਵਰੋ ਮੇਰੀ ਭੂਆ ਵੀ ਵਿਆਹ ‘ਤੇ ਗਈ ਹੋਈ ਸੀ। ਵੀਹ ਕੁ ਦਿਨਾਂ ਬਾਅਦ ਜਗਦੀਪ ਵਾਪਸ ਵਿਨੀਪੈਗ ਆ ਗਿਆ। ਸਾਰਾ ਕੁਝ ਨਾਰਮਲ ਚੱਲਦਾ ਰਿਹਾ। ਮੇਰੇ ਸਹੁਰੇ ਘਰ ਵਿੱਚ ਮੇਰਾ ਮਾਣ ਤਾਣ ਹੋਣ ਲੱਗਾ। ਜਗਦੀਪ ਦੇ ਵਾਪਸ ਆਉਣ ਬਾਅਦ ਮੇਰੀ ਭੂਆ ਨੇ ਮੈਨੂੰ ਪੱਟੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਅਖੇ ਮੁੰਡਾ ਲੰਗ ਮਾਰ ਕੇ ਤੁਰਦਾ ਹੈ। ਤੇਰੇ ਨਾਲ ਭੋਰਾ ਵੀ ਨਹੀਂ ਜੱਚਦਾ। ਕੈਨੇਡਾ ਸੱਦ ਕੇ ਇਨ੍ਹਾਂ ਨੇ ਤਿੰਨਾਂ ਕੁੜੀਆਂ ਦੇ ਰਿਸ਼ਤੇ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਕਰਨੇ ਆ। ਕਾਕੇ ‘ਤੇ ਵੀ ਕਬਜ਼ਾ ਕਰ ਲੈਣਾ ਹੈ।”

“ਕਾਕਾ… ਉਹ ਕੌਣ?” ਮੈਂ ਕਿਹਾ

“ਮੇਰਾ ਭਰਾ। ਸਾਰੀਆਂ ਭੈਣਾਂ ਤੋਂ ਛੋਟਾ।” ਉਸ ਨੇ ਹਉਕਾ ਲੈਂਦਿਆਂ ਕਿਹਾ।

ਮੈਂ ਉੱਠ ਕੇ ਟੂਟੀ ‘ਚੋਂ ਪਾਣੀ ਦਾ ਗਲਾਸ ਭਰਿਆ ਤੇ ਉਸਨੂੰ ਫੜਾ ਦਿੱਤਾ। ਉਸ ਨੇ ਪਾਣੀ ਦੀ ਘੁੱਟ ਭਰੀ। ਪ੍ਰੀਤ ਦੇ ਹੱਥ ਕੰਬ ਰਹੇ ਸਨ। ਉਸ ਦੀ ਕਹਾਣੀ ਵਿੱਚ ਮੇਰੀ ਵੀ ਦਿਲਚਸਪੀ ਵਧ ਰਹੀ ਸੀ। ਮੈਂ ਪ੍ਰੀਤ ਦੇ ਹੱਥੋਂ ਗਲਾਸ ਫੜਿਆ ਤੇ ਟੇਬਲ ‘ਤੇ ਰੱਖਦਿਆਂ ਕਿਹਾ, ”ਫਿਰ ਕੀ ਹੋਇਆ ਪ੍ਰੀਤ?”

ਮੇਰੀ ਭੂਆ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਚੁੱਪ ਕਰਕੇ ਕੈਨੇਡਾ ਆ ਜਾ। ਵੈਨਕੂਵਰ ਦੀ ਸੀਟ ਬੁੱਕ ਕਰਵਾਵੀ। ਕਿਸੇ ਨੂੰ ਵੀ ਆਪਣੀ ਸਕੀਮ ਦੀ ਭਿਣਕ ਨਾ ਪੈਣ ਦੇਵੀਂ। ਜਗਦੀਪ ਨੇ ਜਾਣ ਸਾਰ ਮੇਰਾ ਅਪਲਾਈ ਕਰ ਦਿੱਤਾ। ਪੰਜਾਂ ਕੁ ਮਹੀਨਿਆਂ ਬਾਅਦ ਮੇਰਾ ਵੀਜ਼ਾ ਆ ਗਿਆ। ਮੇਰੀ ਸੀਟ ਬੁੱਕ ਹੋ ਗਈ। ਜਗਦੀਪ ਨੇ ਦਿਲ ਖੋਲ੍ਹ ਕੇ ਸ਼ਾਪਿੰਗ ਕਰਨ ਲਈ ਮੈਨੂੰ ਪੈਸੇ ਭੇਜੇ। ਮੈਂ ਆਪਣੀ ਸੱਸ ਤੇ ਨਨਾਣਾਂ ਲਈ ਸੂਟ ਖਰੀਦੇ। ਜਿਵੇਂ ਮੇਰੀ ਸੱਸ ਕਹੀ ਗਈ ਮੈਂ ਓਸੇ ਤਰ੍ਹਾਂ ਕਰਦੀ ਗਈ। ਕਿਸੇ ਨੂੰ ਭੋਰਾ ਵੀ ਸ਼ੱਕ ਨਹੀਂ ਹੋਇਆ।

ਵੈਨਕੂਵਰ ਤੋਂ ਅੱਗੇ ਮੇਰੀ ਸੀਟ ਵਿਨੀਪੈਗ ਦੀ ਬੁੱਕ ਹੋਈ ਵੀ ਸੀ,

ਪਰ ਮੈਂ ਵਿਨੀਪੈਗ ਗਈ ਹੀ ਨਾ। ਮੇਰੀ ਭੂਆ ਮੈਨੂੰ ਵੈਨਕੂਵਰ ਏਅਰਪੋਰਟ ਤੋਂ ਆਪਣੇ ਘਰ ਲੈ ਗਈ। ਉਨ੍ਹਾਂ ਦਿਨਾਂ ਵਿੱਚ ਇਮੀਗ੍ਰੇਸ਼ਨ ਦੀ ਮੋਹਰ ਏਅਰਪੋਰਟ ‘ਤੇ ਹੀ ਲੱਗ ਜਾਂਦੀ ਸੀ ਤੇ ਮੇਰੇ ਪਾਸਪੋਰਟ ‘ਤੇ ਵੀ ਪੱਕੀ ਮੋਹਰ ਲੱਗ ਗਈ।

ਮੈਂ ਹੈਰਾਨ ਹੋ ਗਈ ਕਿ ਇਸ ਨੇ ਏਡਾ ਵੱਡਾ ਧੋਖਾ ਕੀਤਾ। ਮੈਂ ਆਖ ਹੀ ਦਿੱਤਾ, “ਆਹ ਤਾਂ ਤੂੰ ਬਹੁਤ ਮਾੜਾ ਕੀਤਾ।”

“ਬਸ, ਭੂਆ ਦੇ ਆਖੇ ਕਰੀ ਗਈ। ਭੂਆ ਨੇ ਕਿਹਾ ਸੀ ਕਿ ਜਗਦੀਪ ਨਾਲ ਜਦ ਤਲਾਕ ਹੋ ਗਿਆ ਤਾਂ ਤੇਰਾ ਕਿਸੇ ਚੰਗੇ ਸੋਹਣੇ ਸੁਨੱਖੇ ਮੁੰਡੇ ਨਾਲ ਵਿਆਹ ਕਰਾਂਗੇ। ਤੇਰੇ ਵਿੱਚ ਕੀ ਨੁਕਸ ਹੈ। ਬੀ. ਏ.. ਕੀਤੀ ਹੋਈ ਹੈ। ਸੋਹਣੀ ਸੁਨੱਖੀ ਹੈ। ਲੰਗੇ ਜਿਹੇ ਤੋਂ ਕੀ ਲੈਣਾ ਹੈ। ਮੇਰੀ ਮੱਤ ਮਾਰੀ ਗਈ। ਉਸ ਦਾ ਸੱਸ ਸਹੁਰਾ ਤੇ ਮੇਰਾ ਫੁਫੜ ਵੀ ਸਾਰੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਮੇਰੀ ਭੂਆ ਡਰਾਮਾ ਕਰੇ ਮੇਰੇ ਮਾਂ ਪਿਉ ਮੂਹਰੇ ਕਿ ਇਹ ਜਗਦੀਪ ਨਾਲ ਰਹਿਣਾ ਨਹੀਂ ਚਾਹੁੰਦੀ। ਇਹ ਕਹਿੰਦੀ ਆ ਮੈਂ ਕੁਝ ਖਾ ਕੇ ਮਰ ਜਾਵਾਂਗੀ ਜੇ ਕਿਸੇ ਨੇ ਮੈਨੂੰ ਜਗਦੀਪ ਕੋਲ ਜਾਣ ਨੂੰ ਕਿਹਾ ਤਾਂ। ਮੇਰਾ ਬਾਪੂ ਵਿਚਾਰਾ ਮਰਨ ਵਾਲਾ ਹੋ ਗਿਆ। ਉਸ ਨੇ ਭਾਰਤ ਵਸਦੇ ਜਗਦੀਪ ਦੇ ਚਾਚੇ ਦੇ ਪੈਰੀਂ ਪੱਗ ਰੱਖੀ ਕਿ ਇਸ ਵਿੱਚ ਉਸ ਦਾ ਕੋਈ ਕਸੂਰ ਨਹੀਂ ਹੈ। ਜਗਦੀਪ ਤੇ ਉਸ ਦੇ ਮਾਂ ਪਿਉ ਨੇ ਮੈਨੂੰ ਮੇਰੇ ਹਾਲ ‘ਤੇ ਛੱਡ ਦਿੱਤਾ। ਮੈਂ ਭੂਆ ਜੋਗੀ ਰਹਿ ਗਈ।

ਜਗਦੀਪ ਨਾਲ ਤਲਾਕ ਹੋ ਗਿਆ। ਭੂਆ, ਮੈਨੂੰ ਆਪਣੇ ਨਾਲ ਭਾਰਤ ਲੈ ਗਈ ਤੇ ਮੇਰਾ ਵਿਆਹ ਆਪਣੇ ਦਿਉਰ ਨਾਲ ਕਰ ਦਿੱਤਾ। ਅਸੀਂ ਪਿੰਡ ਗਈਆਂ ਹੀ ਨਹੀਂ। ਚੰਡੀਗੜ੍ਹ ਹੀ ਰਹੀਆਂ। ਉੱਥੇ ਹੀ ਕੋਰਟ ਮੈਰਿਜ ਕੀਤੀ। ਕਿਸੇ ਨੂੰ ਵੀ ਸਾਡੀ ਭਿਣਕ ਨਾ ਪਈ। ਗੁਰਨੇਕ ਨੇ ਆਪਣੇ ਪਿਆਰ ਨੂੰ ਧੋਖਾ ਦੇ ਕੇ ਕਸਮਾਂ ਵਾਅਦੇ ਤੋੜ ਮੇਰੇ ਨਾਲ ਵਿਆਹ ਕਰਵਾ ਲਿਆ। ਏਥੇ ਆ ਕੇ ਉਹ ਕਦੇ ਕਦੇ ਆਖ ਦਿੰਦਾ ਸੀ ਨਾ ਤੂੰ ਚੰਗਾ ਕੀਤਾ ਤੇ ਨਾ ਮੈਂ ਚੰਗਾ ਕੀਤਾ। ਦੋਵੇਂ ਹੀ ਗੁਨਾਹਗਾਰ ਹਾਂ। ਮੈਂ ਤੇ ਗੁਰਨੇਕ ਨੇ ਰਲ ਕੇ ਪੈਸੇ ਇਕੱਠੇ ਕੀਤੇ ਤੇ ਮੇਰੇ ਘਰਦਿਆਂ ਦਾ ਅਪਲਾਈ ਕਰ ਦਿੱਤਾ। ਉਹਨਾਂ ਦੇ ਏਥੇ ਆਉਣ ਤੋਂ ਦਸ ਕੁ ਦਿਨਾਂ ਬਾਅਦ ਇੱਕ ਦਿਨ ਕੰਮ ਤੋਂ ਆਉਂਦੇ ਸਮੇਂ ਗੁਰਨੇਕ ਦਾ ਐਕਸੀਡੈਂਟ ਹੋ ਗਿਆ। ਤੁਰ ਗਿਆ ਜਹਾਨੋਂ – ਉਸ ਦੀ ਭੁੱਬ ਨਿਕਲ ਗਈ।

“ਓਹੋ… ਬਹੁਤ ਮਾੜਾ ਹੋਇਆ।” ਮੈਂ ਉਸ ਦਾ ਹੱਥ ਘੁੱਟਦਿਆਂ ਕਿਹਾ।

“ਹਾਂ ਭੈਣੇ… ਇਹ ਤਾਂ ਹੋਣਾ ਹੀ ਸੀ। ਮੇਰੇ ਗੁਨਾਹਾਂ ਦੀ ਸਜ਼ਾ ਮੈਨੂੰ ਮਿਲਣੀ ਹੀ ਸੀ। ਅਮਨ ਦਾ ਜਨਮ ਗੁਰਨੇਕ ਦੀ ਮੌਤ ਤੋਂ ਬਾਅਦ ਹੋਇਆ।” ਅੱਖਾਂ ਪੂੰਝਦਿਆਂ ਉਸ ਨੇ ਕਿਹਾ।

“ਅਮਨ…?” ਮੈਂ ਉਤਸੁਕਤਾ ਨਾਲ ਕਿਹਾ ।

ਪ੍ਰੀਤ ਨੇ ਵੱਡਾ ਸਾਰਾ ਹਉਕਾ ਲਿਆ ਤੇ ਫੁੱਟ ਫੁੱਟ ਰੋਣ ਲੱਗੀ ਤੇ ਉਸ ਨੇ ਮੈਨੂੰ ਘੁੱਟ ਕੇ ਗਲਵਕੜੀ ਪਾ ਲਈ। ਉਸ ਦੇ ਮੂੰਹੋਂ ਮਸਾਂ ਹੀ ਨਿਕਲਿਆ, “ਅਮਨ ਮੇਰੀ ਬੇਟੀ”।

“ਅਮਨ ਕਿੱਥੇ ਹੈ।” ਮੈਂ ਕਿਹਾ।

ਉਸ ਦੇ ਰੋਣ ਦੀ ਆਵਾਜ਼ ਹੋਰ ਉੱਚੀ ਹੋ ਗਈ ਤੇ ਕੁਝ ਸੰਭਲ ਕੇ ਕਹਿਣ ਲੱਗੀ, “ਅੱਜ ਉਹ ਮੈਨੂੰ ਇਕੱਲੀ ਨੂੰ ਛੱਡ ਕੇ ਆਪਣੇ ਬੁਆਏ ਫਰੈਂਡ ਨਾਲ ਚਲੀ ਗਈ। ਉਸ ਨੂੰ ਕੈਲਗਰੀ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ ਤੇ ਉਹਦੀ ਖਾਤਿਰ ਹੀ ਮੈਂ ਵੈਨਕੂਵਰ ਛੱਡ ਕੇ ਕੈਲਗਰੀ ਆਈ ਸੀ।”

“ਚੱਲ ਕੋਈ ਨਾ। ਇਹਦੇ ਵਿੱਚ ਕਿਹੜੀ ਰੋਣ ਵਾਲੀ ਗੱਲ ਹੈ। ਏਥੇ ਬੱਚੇ ਇਉਂ ਹੀ ਕਰਦੇ ਹਨ। ਤੈਨੂੰ ਮਿਲਣ ਆ ਜਾਇਆ ਕਰੇਗੀ।” ਮੈਂ ਦਿਲਾਸਾ ਦਿੰਦਿਆਂ ਕਿਹਾ। ਪ੍ਰੀਤ ਨੇ ਸਿਰ ਉਤਾਂਹ ਚੁੱਕਿਆ। ਮੇਰੇ ਵੱਲ ਦੇਖਿਆ। ਕੁਝ ਮਿੰਟਾਂ ਲਈ ਚੁੱਪ ਰਹੀ। ਬੋਲਣ ਦਾ ਯਤਨ ਕਰਦੀ ਸੀ, ਪਰ ਰੁਕ ਜਾਂਦੀ ਸੀ। ਆਖਿਰ ਹੌਸਲਾ ਕਰ ਕੇ ਆਖ ਹੀ ਦਿੱਤਾ, “ਜਿਹੜਾ ਮੁੰਡਾ ਅਮਨ ਦਾ ਬੁਆਏ ਫਰੈਂਡ ਹੈ, ਉਹ ਜਗਦੀਪ ਦਾ ਮੁੰਡਾ ਹੈ।”

“ਤੈਨੂੰ ਕਿਵੇਂ ਪਤਾ ਹੈ, ਮੈਂ ਹੈਰਾਨੀ ਨਾਲ ਕਿਹਾ।”

ਪ੍ਰੀਤ ਨੇ ਦੋਬਾਰਾ ਪਾਣੀ ਦੀ ਘੁੱਟ ਭਰੀ ਤੇ ਬੋਲੀ, “ਜਿਸ ਦਿਨ ਪਹਿਲੇ ਦਿਨ ਅਮਨ ਉਸ ਨੂੰ ਘਰ ਲੈ ਕੇ ਆਈ ਸੀ ਤਾਂ ਮੈਂ ਗੱਲਾਂ ਗੱਲਾਂ ‘ਚ ਪਤਾ ਕਰ ਲਿਆ ਸੀ। ਉਸ ਨੇ ਮੈਨੂੰ ਆਪਣੇ ਸਾਰੇ ਪਰਿਵਾਰ ਦੀਆਂ ਤਸਵੀਰਾਂ ਵੀ ਦਿਖਾਈਆਂ ਸਨ। ਉਹ ਏਥੇ ਅਮਨ ਦੇ ਨਾਲ ਹੀ ਯੂਨੀਵਰਸਿਟੀ ‘ਚ ਪੜ੍ਹਦਾ ਹੈ। ਉਸ ਨੇ ਆਪਣਾ ਸਾਮਾਨ ਯੂਨੀਵਰਸਿਟੀ ਦੇ ਹੋਸਟਲ ਮੂਵ ਕਰਨਾ ਸੀ, ਇਸ ਕਰਕੇ ਸਾਰਾ ਸਾਮਾਨ ਚੁੱਕ ਕੇ ਸਾਡੇ ਘਰ ਲੈ ਆਇਆ ਤੇ ਮੈਨੂੰ ਉਸ ਨੇ ਐਲਬਮ ਦਿਖਾਈ ਸੀ ਆਪਣੇ ਸਾਰੇ ਪਰਿਵਾਰ ਦੀ।”

”ਓਹੋ… ਤੇ ਫਿਰ…।” ਮੈਂ ਕਿਹਾ।

“ਮੈਂ ਕੋਸ਼ਿਸ਼ ਤਾਂ ਬਹੁਤ ਕੀਤੀ ਕਿ ਅਮਨ, ਰਾਜ ਤੋਂ ਦੂਰ ਚਲੀ ਜਾਵੇ, ਪਰ ਜਿਉਂ ਜਿਉਂ ਮੈਂ ਕੋਸ਼ਿਸ਼ ਕਰਦੀ ਉਹ ਓਨਾ ਹੀ ਉਸ ਦੇ ਨੇੜੇ ਜਾਂਦੀ। ਅਮਨ ਨੂੰ ਮੇਰੀ ਸਾਰੀ ਕਹਾਣੀ ਦਾ ਪਤਾ ਸੀ। ਮੈਨੂੰ ਸੁਣਾ ਵੀ ਦਿੰਦੀ ਸੀ ਕਿ ਮਾਂ ਜੋ ਤੂੰ ਕੀਤਾ ਹੈ ਮੈਂ ਜ਼ਿੰਦਗੀ ‘ਚ ਅਜਿਹਾ ਕਦੇ ਵੀ ਨਹੀਂ ਕਰਾਂਗੀ। ਅੱਜ ਸਵੇਰੇ ਅਮਨ ਆਪਣਾ ਸਾਮਾਨ ਚੁੱਕ ਕੇ ਰਾਜ ਨਾਲ ਚਲੀ ਗਈ…ਅੱਗੇ ਪਤਾ ਨਹੀਂ ਕੀ ਹੋਣਾ ਹੈ।”

ਪ੍ਰੀਤ ਦੀ ਗੱਲ ਸੁਣ ਕੇ ਮੈਂ ਖ਼ੁਦ ਬੇਹੋਸ਼ ਹੋਣ ਵਾਲੀ ਹੋ ਗਈ ਸਾਂ। ਦਰਵਾਜ਼ੇ ਦੀ ਘੰਟੀ ਖੜਕੀ। ਉਸ ਨੇ ਸ਼ੀਸ਼ੇ ਦੀ ਬਾਰੀ ਤੋਂ ਪਰਦਾ ਚੁੱਕ ਕੇ ਵੇਖਿਆ ਤੇ ਦਰਵਾਜ਼ਾ ਖੋਲ੍ਹ ਦਿੱਤਾ। ਰਾਜ , ਅਮਨ ਤੇ ਇੱਕ ਹੋਰ ਔਰਤ ਜੋ ਉਨ੍ਹਾਂ ਨਾਲ ਸੀ, ਅੰਦਰ ਆ ਗਏ। ਔਰਤ ਚੰਗੇ ਸਲੀਕੇ ਵਾਲੀ ਕਾਫ਼ੀ ਖੂਬਸੂਰਤ ਸੀ। ਉਸ ਦਾ ਸਾਦਾ ਤੇ ਸੋਹਣਾ ਪਹਿਰਾਵਾ ਉਸ ਦੀ ਸ਼ਖ਼ਸੀਅਤ ਨੂੰ ਨਿਖਾਰ ਰਿਹਾ ਸੀ। ਪ੍ਰੀਤ ਨੇ ਉਸ ਨੂੰ ਪਛਾਣ ਲਿਆ ਸੀ। ਰਾਜ ਨੇ ਤਸਵੀਰਾਂ ਜੁ ਦਿਖਾਈਆਂ ਸਨ ਆਪਣੇ ਪਰਿਵਾਰ ਦੀਆਂ।

ਪ੍ਰੀਤ ਉਸ ਔਰਤ ਨੂੰ ਦੇਖ ਕੇ ਘਬਰਾ ਗਈ, ਪਰ ਉਸ ਔਰਤ ਨੇ ਪ੍ਰੀਤ ਨੂੰ ਗਲਵਕੜੀ ਪਾ ਲਈ ਤੇ ਚੁੱਪ ਚਾਪ ਬਿਨਾਂ ਕਿਸੇ ਉਚੇਚ ਦੇ ਸੋਫੇ ‘ਤੇ ਬੈਠ ਗਈ। ਮੈਂ ਚੁੱਪ ਚਾਪ ਬੈਠੀ ਹੈਰਾਨ ਹੋ ਰਹੀ ਸਾਂ। ਉਸ ਔਰਤ ਨੇ ਮੇਰੇ ਬਾਰੇ ਜਾਣਨਾ ਚਾਹਿਆ। ਪ੍ਰੀਤ ਨੇ ਮੈਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਕਹਿ ਕੇ ਜਾਣ ਪਛਾਣ ਕਰਵਾਈ। ਅਮਨ ਤੇ ਰਾਜ ਕਿਚਨ ਦੀਆਂ ਕੁਰਸੀਆਂ ਖਿੱਚ ਕੇ ਸਭ ਦੇ ਸਾਹਮਣੇ ਬੈਠ ਗਏ। ਰਾਜ ਨੇ ਬੋਲਣਾ ਸ਼ੁਰੂ ਕੀਤਾ।

“ਇਹ ਮੇਰੇ ਮੰਮੀ ਹਨ। ਮੈਨੂੰ ਆਪਣੇ ਘਰ ਦੀ ਕਹਾਣੀ ਪਤਾ ਸੀ ਕਿ ਕਿਵੇਂ ਇੱਕ ਔਰਤ ਨੇ ਮੇਰੇ ਡੈਡੀ ਨੂੰ ਧੋਖਾ ਦਿੱਤਾ। ਸਾਡੇ ਪਰਿਵਾਰ ‘ਤੇ ਕੀ ਬੀਤੀ ਸੀ, ਉਸ ਰਾਤ ਜਿਸ ਦਿਨ ਉਹ ਵੈਨਕੂਵਰ ਏਅਰਪੋਰਟ ਤੋਂ ਮੇਰੇ ਡੈਡੀ ਕੋਲ ਆਉਣ ਦੀ ਬਜਾਇ ਕਿਤੇ ਹੋਰ ਚਲੀ ਗਈ ਸੀ। ਮੈਂ ਰਿਸ਼ਤੇਦਾਰਾਂ ਨੂੰ ਏਹੀ ਗੱਲਾਂ ਕਰਦੇ ਸੁਣ ਸੁਣ ਵੱਡਾ ਹੋਇਆ ਹਾਂ। ਮੈਨੂੰ ਅਮਨ ਮਿਲ ਗਈ। ਮੈਂ ਦੋਸਤੀ ਦਾ ਹੱਥ ਵਧਾਇਆ, ਪਰ ਇਸ ਨੇ ਹੱਥ ਵਧਾਉਣ ਤੋਂ ਪਹਿਲਾਂ ਮੈਨੂੰ ਦੱਸ ਦਿੱਤਾ ਕਿ ਮੇਰੀ ਮਾਂ ਨੇ ਕਿਸੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਸਾਰੀ ਕਹਾਣੀ ਸੁਣਨ ਪਿੱਛੋਂ ਯਕੀਨ ਹੋ ਗਿਆ ਕਿ ਅਮਨ ਉਸੇ ਔਰਤ ਦੀ ਬੇਟੀ ਹੈ ਜਿਸ ਨੇ ਮੇਰੇ ਡੈਡੀ ਨੂੰ ਏਨੀ ਤਕਲੀਫ਼ ਦਿੱਤੀ ਸੀ। ਬਾਕੀ ਰਹੀ ਗੱਲ ਮੇਰੇ ਤੇ ਅਮਨ ਦੀ। ਅਸੀਂ ਚੰਗੇ ਦੋਸਤ ਹਾਂ। ਮੈਂ ਤੇ ਅਮਨ ਨੇ ਡਰਾਮਾ ਕੀਤਾ ਸੀ ਘਰੋਂ ਜਾਣ ਦਾ। ਅਸੀਂ ਕਿਤੇ ਵੀ ਨਹੀਂ ਗਏ ਸਾਂ। ਮੈਂ ਮੰਮੀ ਨੂੰ ਕੱਲ੍ਹ ਏਥੇ ਕੈਲਗਰੀ ਬੁਲਾ ਲਿਆ ਸੀ।”

ਪ੍ਰੀਤ ਚੁੱਪ -ਚਾਪ ਬੈਠੀ ਹੰਝੂ ਕੇਰੀ ਜਾ ਰਹੀ ਸੀ। ਉਸ ਦੇ ਹੰਝੂ ਦੱਸ ਰਹੇ ਸਨ ਕਿ ਉਹ ਕਿੰਨਾ ਪਛਤਾ ਰਹੀ ਹੈ। ਪ੍ਰੀਤ ਉੱਠੀ ਤੇ ਉਸ ਨੇ ਰਾਜ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਕਹਿਣ ਲੱਗੀ, “ਪੁੱਤ…ਜੇਕਰ ਏਥੇ ਤੱਕ ਆ ਗਿਆਂ ਹੈਂ ਤਾਂ ਮੈਨੂੰ ਉਸ ਭਲੇ ਪੁਰਸ਼ ਦੇ ਪੈਰਾਂ ਵਿੱਚ ਸਿਰ ਰੱਖ ਕੇ ਗੁਨਾਹ ਬਖ਼ਸ਼ਾਉਣ ਦਾ ਮੌਕਾ ਦਵਾ ਦੇ।”

ਇਸ ਤੋਂ ਪਹਿਲਾਂ ਕਿ ਰਾਜ ਕੁਝ ਬੋਲਦਾ ਉਸ ਦੀ ਮਾਂ ਨੇ ਅੱਗੇ ਹੋ ਕੇ ਪ੍ਰੀਤ ਨੂੰ ਗਲਵਕੜੀ ‘ਚ ਲੈ ਲਿਆ ਤੇ ਕਹਿਣ ਲੱਗੀ, “ਮੇਰੀਏ ਭੈਣੇ, ਮੈਂ ਉਸ ਭਲੇ ਬੰਦੇ ਨੂੰ ਹੀਣ ਭਾਵਨਾ ਨਾਲ ਲੜਦੇ ਵੇਖਿਆ ਹੈ। ਉਹ ਅੱਜ ਵੀ ਸਮਾਜ ਤੋਂ ਕੰਨੀ ਕਤਰਾਉਂਦਾ ਹੈ। ਮੈਂ ਦਿਵਾਵਾਂਗੀ ਤੈਨੂੰ ਮੁਆਫ਼ੀ। ਮੈਂ ਕਰਾਂਗੀ ਉਸ ਨੂੰ ਦੁਨੀਆ ਦੇ ਸਾਹਮਣੇ ਸਿਰ ਚੁੱਕ ਕੇ ਜਿਉਣ ਜੋਗਾ। ਤੂੰ ਉਸ ਕੋਲੋਂ ਮੁਆਫ਼ੀ ਮੰਗ ਕੇ ਆਪਣੇ ਗੁਨਾਹ ਤੋਂ ਸੁਰਖਰੂ ਹੋ ਜਾਵੀਂ ਤੇ ਉਹ ਤੈਨੂੰ ਮੁਆਫ਼ ਕਰਕੇ ਹੀਣ – ਭਾਵਨਾ ‘ਚੋਂ ਬਾਹਰ ਆ ਜਾਵੇਗਾ। ਉਹ ਬਹੁਤ ਵਧੀਆ ਇਨਸਾਨ ਹੈ।”

ਮੈਂ ਉਨ੍ਹਾਂ ਨੂੰ ਗੱਲਾਂ ਕਰਦਿਆਂ ਛੱਡ ਕੇ ਆਪਣੇ ਘਰ ਆ ਗਈ। ਸੋਚਿਆ ਕਿ ਮੇਰੀ ਹਾਜ਼ਰੀ ‘ਚ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਸਕਣਗੇ। ਸ਼ਾਇਦ ਪ੍ਰੀਤ ਵੀ ਏਹੀ ਚਾਹੁੰਦੀ ਸੀ। ਏਸੇ ਲਈ ਉਸ ਨੇ ਮੈਨੂੰ ਠਹਿਰਨ ਲਈ ਨਹੀਂ ਕਿਹਾ। ਅਗਲੇ ਦਿਨ ਪ੍ਰੀਤ ਦਾ ਫੋਨ ਆਇਆ।

“ਭੈਣੇ… ਰਾਜ ਤੇ ਰਾਜ ਦੀ ਅੰਮੀ ਏਥੇ ਹੀ ਹਨ। ਅਮਨ ਵੀ ਘਰ ਹੈ। ਮੈਂ ਕੱਲ੍ਹ ਰਾਤ ਰਾਜ ਦੇ ਡੈਡੀ ਜਾਣੀਂ ਜਗਦੀਪ ਤੋਂ ਫੋਨ ‘ਤੇ ਮੁਆਫ਼ੀ ਮੰਗ ਲਈ ਸੀ। ਉਸ ਨੇ ਮੈਨੂੰ ਮੁਆਫ਼ ਕਰ ਦਿੱਤਾ ਹੈ। ਮੇਰੇ ਸਿਰ ਤੋਂ ਵੀ ਭਾਰ ਲੱਥ ਗਿਆ। ਭਲਾ ਹੋਵੇ ਰਾਜ ਤੇ ਉਸ ਦੀ ਮਾਂ ਦਾ ਜਿਨ੍ਹਾਂ ਨੇ ਮੈਨੂੰ ਮੇਰੇ ਗੁਨਾਹ ਦੇ ਭਾਰ ਤੋਂ ਮੁਕਤ ਕਰਵਾ ਦਿੱਤੈ। ਇਸ ਧਰਤੀ ‘ਤੇ ਅਜਿਹੇ ਦੇਵਤਿਆਂ ਵਰਗੇ ਲੋਕ ਵੀ ਰਹਿੰਦੇ ਹਨ…। ਮੈਂ ਤਾਂ ਕਸਰ ਨਹੀਂ ਛੱਡੀ ਜਗਦੀਪ ਨਾਲ ਬੁਰਾ ਕਰਨ ਦੀ, ਪਰ ਪਰਮਾਤਮਾ ਨੇ ਉਸ ਨੂੰ ਇੱਕ ਨੇਕ ਸੁਚੱਜੀ ਤੇ ਸੋਹਣੇ ਦਿਲ ਵਾਲੀ ਔਰਤ ਦਾ ਸਾਥ ਬਖ਼ਸ਼ ਦਿੱਤਾ।

ਚੰਗਾ ਭੈਣੇ, ਮੈਂ ਸੋਚਿਆ ਤੂੰ ਫਿਕਰ ਕਰਦੀ ਹੋਵੇਂਗੀ। ਤੈਨੂੰ ਦੱਸ ਦੇਵਾਂ।” ਕਹਿ ਕੇ ਉਸ ਨੇ ਫੋਨ ਰੱਖ ਦਿੱਤਾ।

ਮੈਂ ਖਲੋ ਕੇ ਉਨ੍ਹਾਂ ਦੇ ਸਨਮਾਨ ਵਿੱਚ ਤਾੜੀ ਮਾਰੀ ਤੇ ਮਨ ਹੀ ਮਨ ਕਿਹਾ, “ਸਚਮੁੱਚ ਹੀ ਜਗਦੀਪ, ਉਸ ਦੀ ਪਤਨੀ ਤੇ ਉਨ੍ਹਾਂ ਦਾ ਬੇਟਾ ਰਾਜ ਦੇਵਤੇ ਹਨ।”News Source link

- Advertisement -

More articles

- Advertisement -

Latest article