ਸਤਵਿੰਦਰ ਬਸਰਾ
ਲੁਧਿਆਣਾ, 25 ਜਨਵਰੀ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਨਾਲ਼ ਅਧਿਆਪਕਾਂ ਤੇ ਬੱਚਿਆਂ ਦੇ ਮਸਲਿਆਂ ਸਬੰਧੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਆਗੂਆਂ ਵੱਲੋਂ ਬੱਚਿਆਂ ਦੀ ਅਪਾਰ ਆਈਡੀ, ਜ਼ਿਲ੍ਹੇ ਵਿੱਚ ਵਿੱਤ ਵਿਭਾਗ ਦੀਆਂ ਸੈਂਕਸ਼ਨ ਕੁੱਲ ਪੋਸਟਾਂ ਅਤੇ ਈ-ਪੰਜਾਬ ’ਤੇ ਦਰਸਾਈਆਂ ਪੋਸਟਾਂ ਵਿੱਚ ਗੜਬੜੀਆਂ, 4161 ਅਧਿਆਪਕਾਂ ਦੇ ਪੀ.ਪੀ.ਓ.ਨੰਬਰ ਜਾਰੀ ਕਰਨ ਅਤੇ ਬੱਚਿਆਂ ਦੀਆਂ ਪ੍ਰੀਖਿਆਵਾਂ ਦੌਰਾਨ ਅਧਿਆਪਕਾਂ ਤੇ ਗੈਰ-ਵਿਦਿਅਕ ਕੰਮਾਂ ਦੇ ਦਬਾਅ ਨੂੰ ਘਟਾਉਣ ਦਾ ਮਾਮਲਾ ਉਠਾਇਆ ਗਿਆ। ਜ਼ਿਲ੍ਹਾ ਆਗੂਆਂ ਵੱਲੋਂ ਦੱਸਿਆ ਗਿਆ ਕਿ ਅਪਾਰ ਆਈਡੀ ਬਣਾਉਣ ਸਬੰਧੀ ਮਾਤਾ-ਪਿਤਾ ਦੀ ਸਹਿਮਤੀ ਲੈਣ ਵਾਲੇ ਪੱਤਰ ਵਿਚਲੀਆਂ ਦੋ ਸ਼ਰਤਾਂ ਵਿਚਾਰਨਯੋਗ ਹਨ। ਪਹਿਲੀ ਸ਼ਰਤ ਅਧੀਨ ਬੱਚੇ ਲਈ ਆਪਾਰ ਆਈ.ਡੀ.ਬਣਾਉਣ ਨੂੰ ਜ਼ਰੂਰੀ ਕਰਾਰ ਨਹੀਂ ਦਿੱਤਾ ਗਿਆ ਜਿਸ ਕਰਕੇ ਕਿਸੇ ਵੀ ਬੱਚੇ ਦੀ ਆਈ.ਡੀ. ਜ਼ੋਰ ਜ਼ਬਰਦਸਤੀ ਨਾਲ ਨਹੀਂ ਬਣਾਈ ਜਾ ਸਕਦੀ ਹੈ। ਦੂਜੀ ਸ਼ਰਤ ਵਿੱਚ ਇਹ ਲਿਖਿਆ ਗਿਆ ਹੈ ਕਿ ਕੋਈ ਵੀ ਸਕੈਮ ਹੋਣ ’ਤੇ ਮਾਤਾ-ਪਿਤਾ ਕਿਸੇ ਕੋਲ ਕੋਈ ਵੀ ਸ਼ਿਕਾਇਤ ਨਹੀਂ ਕਰ ਸਕਦੇ, ਇਸ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ। ਜਥੇਬੰਦੀ ਨੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਧਿਆਨ ਵਿੱਚ ਲਿਆਂਦਾ ਕਿ ਇਹ ਦੋਵੇਂ ਸ਼ਰਤਾਂ ਗਲਤ ਹਨ। ਇਸ ’ਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਹ ਮਾਮਲਾ ਉੱਚ ਅਧਿਕਾਰੀਆਂ ਨਾਲ ਵਿਚਾਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਅਧਿਆਪਕ ਆਗੂਆਂ ਨੇ ਬੱਚਿਆਂ ਦੀਆਂ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਧਿਆਪਕਾਂ ’ਤੇ ਬੇਲੋੜੇ ਅਤੇ ਗੈਰ-ਵਿੱਦਿਅਕ ਕੰਮਾਂ ਦੇ ਦਬਾਅ ਖਤਮ ਕਰਨ ਦਾ ਮਾਮਲਾ ਵੀ ਉਠਾਇਆ। ਇਸ ਮੌਕੇ ਡੀਟੀਐਫ ਦਾ ਸਾਲ 2025-26 ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ।
ਅਪਾਰ ਆਈਡੀ ਬਣਾਉਣ ਲਈ ਧੱਕੇਸ਼ਾਹੀ ਕਰਨ ਦਾ ਦੋਸ਼
ਜਗਰਾਉਂ (ਜਸਬੀਰ ਸਿੰਘ ਸ਼ੇਤਰਾ):
ਡੈਮੋਕਰੈਟਿਕ ਟੀਚਰਜ਼ ਫਰੰਟ (ਪੰਜਾਬ) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ। ਜਥੇਬੰਦੀ ਵੱਲੋਂ ਕੁਝ ਅਹਿਮ ਮਸਲਿਆਂ ਅਪਾਰ ਆਈਡੀ ਬਣਾਉਣ, ਬਲਾਕ ਸਿੱਖਿਆ ਅਫ਼ਸਰ ਜਗਰਾਉਂ ਖ਼ਿਲਾਫ਼ ਔਰਤ ਅਧਿਆਪਕਾਂ ਲਈ ਭੱਦੀ ਸ਼ਬਦਾਵਲੀ ਵਰਤਣ ਕਰਕੇ ਚੱਲ ਰਹੀ ਜਾਂਚ ਆਦਿ ’ਤੇ ਚਰਚਾ ਕੀਤੀ ਗਈ। ਜਥੇਬੰਦੀ ਦੇ ਆਗੂਆਂ ਨੇ ਜਾਂਚ ਅਧਿਕਾਰੀ ਦੇ ਕਥਿਤ ਪੱਖਪਾਤੀ ਰਵੱਈਏ ਬਾਰੇ ਗੱਲਬਾਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਨੂੰ ਵਾਰ-ਵਾਰ ਫੋਨ ਲਾਇਆ, ਪਰ ਅਧਿਕਾਰੀ ਵੱਲੋਂ ਫੋਨ ਨਾ ਚੁੱਕਣ ‘ਤੇ ਇਹ ਅਧਿਆਪਕ ਆਗੂ ਭੜਕ ਗਏ। ਡੀਟੀਐੱਫ ਆਗੂ ਹਰਜੀਤ ਸਿੰਘ ਸੁਧਾਰ, ਦਵਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਖੰਨਾ, ਹਰਪਿੰਦਰ ਸ਼ਾਹੀ, ਗੁਰਦੀਪ ਹੇਰਾਂ ਨੇ ਕਿਹਾ ਕਿ ਇਨ੍ਹਾਂ ਮਹੀਨਿਆਂ ਵਿੱਚ ਜਦੋਂ ਪੇਪਰਾਂ ਦਾ ਸਮਾਂ ਨੇੜੇ ਹੈ ਤੇ ਪੜ੍ਹਾਈ ਕਰਵਾਉਣ ਵੱਲ ਸਾਰਾ ਜ਼ੋਰ ਲੱਗਾ ਹੋਇਆ ਹੈ ਤਾਂ ਉਸੇ ਸਮੇਂ ਧਮਕੀ ਭਰੇ ਲਹਿਜ਼ੇ ਵਿੱਚ ਅਪਾਰ ਆਈਡੀ ਬਣਾਉਣ ਲਈ ਅਧਿਆਪਕਾਂ ਉੱਤੇ ਦਬਾਅ ਪਾਇਆ ਜਾ ਰਿਹਾ ਹੈ। ਅਜਿਹੇ ਵਿੱਚ ਸਹਿਮੇ ਹੋਏ ਅਧਿਆਪਕ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਦੀ ਜਗ੍ਹਾ ਸਵੇਰੇ ਹੀ ਬੱਚਿਆਂ ਦੇ ਘਰਾਂ ਵਿੱਚ ਜਾ ਕੇ ਅਪਾਰ ਆਈਡੀ ਬਣਾਉਣ ਨਿਕਲਦੇ ਹਨ। ਅਜਿਹੀ ਸਥਿਤੀ ਵਿੱਚ ਸੈਸ਼ਨ ਦੇ ਆਖ਼ਰੀ ਮਹੀਨਿਆਂ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਬੁਰਾ ਹਾਲ ਹੋਵੇਗਾ।