Sukhpal Singh Khaira News : ਪੰਜਾਬ ਵਿਧਾਨ ਸਭਾ ‘ਚ ਅੱਜ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਹੈ। ਇਸ ਵਿਚਾਲੇ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਕਹਿ ਦਿੱਤਾ ਹੈ ਕਿ ਉਹ ਆਪਣੇ ਵੱਲੋਂ ਸਾਂਝੇ ਕੀਤੇ ਗਏ ਵਿਚਾਰਾਂ ‘ਤੇ ਪੂਰੀ ਤਰ੍ਹਾਂ ਕਾਇਮ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਸਦਨ ਵਿੱਚ ਕੀਤਾ ਗਿਆ ਹੰਗਾਮਾ ਮਹਿਜ਼ ਇੱਕ ਡਰਾਮਾ ਹੈ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਇੱਕ ਯੂਟਿਊਬਰ ਨੇ 1000 ਰੁਪਏ ਦੇ ਐਲਾਨ ‘ਤੇ ਨੱਚ ਰਹੀਆਂ ‘ਆਪ’ ਵਾਲੰਟੀਅਰ ਔਰਤਾਂ ਦੀ ਨੈਤਿਕਤਾ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਕਿ ਇਹ ਔਰਤਾਂ ਸ਼ਾਇਦ ਪੰਜਾਬ ਦੇ ਕਿਸਾਨਾਂ, ਮੁਲਾਜ਼ਮਾਂ ਅਤੇ ਖੁਦ ਔਰਤਾਂ ‘ਤੇ ਹੋਏ ਪੁਲਸੀਆ ਤਸ਼ੱਦਦ ਨੂੰ ਭੁੱਲ ਕੇ ਇਸ ਨਿਗੂਣੀ ਰਕਮ ‘ਤੇ ਖੁਸ਼ ਹੋ ਰਹੀਆਂ ਹਨ।
ਖਹਿਰਾ ਨੇ ਨਾਚ ਨੂੰ ਦੱਸਿਆ ‘ਸਕ੍ਰਿੱਪਟਿਡ’ ਅਤੇ ਸਿਆਸੀ ਡਰਾਮਾ
ਖਹਿਰਾ ਨੇ ਆਰੋਪ ਲਾਇਆ ਕਿ ਔਰਤਾਂ ਦਾ ਇਹ ਨਾਚ ਕੋਈ ਕੁਦਰਤੀ ਪ੍ਰਤੀਕਿਰਿਆ ਨਹੀਂ ਸੀ, ਸਗੋਂ ਆਮ ਆਦਮੀ ਪਾਰਟੀ ਵੱਲੋਂ ਤਿਆਰ ਕੀਤਾ ਗਿਆ ਇੱਕ ‘ਸਕ੍ਰਿੱਪਟਿਡ ਡਾਂਸ’ ਸੀ, ਜੋ ਕਿ ਸਿਰਫ ਇੱਕ ਡਰਾਮੇਬਾਜ਼ੀ ਹੈ। ਉਨ੍ਹਾਂ ਕਿਹਾ ਕਿ ਇਹ 1000 ਰੁਪਏ ਦੀ ਸਕੀਮ ਸਿਰਫ਼ ਵੋਟਾਂ ਲੈਣ ਲਈ ਇੱਕ ਸਟੰਟ ਹੈ।
ਸੁਖਪਾਲ ਸਿੰਘ ਖਹਿਰਾ ਨੇ ਦੁਹਰਾਇਆ ਕਿ ਜੇਕਰ ‘ਆਪ’ ਸਰਕਾਰ ਇਮਾਨਦਾਰ ਹੁੰਦੀ ਤਾਂ ਇਹ ਸਕੀਮ ਪਹਿਲੇ ਬਜਟ ਵਿੱਚ ਲਾਗੂ ਕਰਦੀ , ਨਾ ਕਿ ਆਖ਼ਰੀ ਸਮੇਂ ਵਿੱਚ। ਕਾਂਗਰਸ ਪਾਰਟੀ ਮੰਗ ਕਰਦੀ ਹੈ ਕਿ ਭਗਵੰਤ ਮਾਨ ਸਰਕਾਰ ਪਿਛਲੇ 4 ਸਾਲਾਂ ਦਾ 48,000 ਰੁਪਏ ਦਾ ਬਕਾਇਆ ਪੰਜਾਬ ਦੀਆਂ ਔਰਤਾਂ ਨੂੰ ਅਦਾ ਕਰੇ।
ਮਾਈ ਭਾਗੋ ਦੇ ਜਜ਼ਬੇ ਨਾਲ ਪੰਜਾਬੀ ਔਰਤਾਂ ਦੀ ਤੁਲਨਾ
ਆਪਣੇ ਬਿਆਨ ‘ਚ ਸੁਖਪਾਲ ਖਹਿਰਾ ਨੇ ਪੰਜਾਬ ਦੀਆਂ ਔਰਤਾਂ ਦੀ ਬਹਾਦਰੀ ਦੀ ਤੁਲਨਾ ਮਾਈ ਭਾਗੋ (ਮਾਤਾ ਭਾਗ ਕੌਰ) ਦੇ ਜਜ਼ਬੇ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਉਸ ਸਾਹਸ ਨੂੰ ਆਦਰਸ਼ ਮੰਨਦੀਆਂ ਹਨ, ਜੋ ਮਾਈ ਭਾਗੋ ਨੇ 1705 ‘ਚ ਮੁਕਤਸਰ ਦੀ ਜੰਗ ਦੌਰਾਨ ਮੁਗਲਾਂ ਵਿਰੁੱਧ ਲੜਦਿਆਂ ਦਿਖਾਇਆ ਸੀ। ਉਨ੍ਹਾਂ ਮੁਤਾਬਕ ਮਾਮੂਲੀ ਰਕਮ ਲਈ ਨੱਚਣਾ ਪੰਜਾਬ ਦੀਆਂ ਬਹਾਦਰ ਔਰਤਾਂ ਦੀ ਅਣਖ ਦੇ ਉਲਟ ਹੈ।

ਹੋਰ ਪੜ੍ਹੋ