ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਕੇਂਦਰੀ ਕਰਮਚਾਰੀ ਮਹਿੰਗਾਈ ਭੱਤੇ (DA) ਵਿੱਚ ਵਾਧੇ ਦੀ ਉਡੀਕ ਕਰ ਰਹੇ ਹਨ। ਸਾਲ ਦੀ ਪਹਿਲੀ ਛੇਮਾਹੀ ਲਈ DA ‘ਤੇ ਮਾਰਚ ਤੱਕ ਫੈਸਲਾ ਹੋ ਸਕਦਾ ਹੈ। ਇਸ ਦਰਮਿਆਨ ਕੁਝ ਰਾਜ ਸਰਕਾਰਾਂ ਨੇ ਆਪਣੇ ਕਰਮਚਾਰੀਆਂ ਨੂੰ DA ਦਾ ਤੋਹਫ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। 12 ਜਨਵਰੀ ਨੂੰ ਆਂਧਰਾ ਪ੍ਰਦੇਸ਼ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਭੋਗੀਆਂ ਲਈ ਮਹਿੰਗਾਈ ਭੱਤਾ ਅਤੇ DA ਦੇ ਬਕਾਇਆ ਭੁਗਤਾਨ ਦੇ ਨਾਲ-ਨਾਲ ਠੇਕੇਦਾਰਾਂ ਦੇ ਬਿਲਾਂ ਦੀ ਅਦਾਇਗੀ ਲਈ 2,600 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ।
ਇਸੇ ਤਰ੍ਹਾਂ ਤੇਲੰਗਾਨਾ ਸਰਕਾਰ ਨੇ ਵੀ ਆਪਣੇ ਕਰਮਚਾਰੀਆਂ ਦੇ DA ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਆਂਧਰਾ ਪ੍ਰਦੇਸ਼ ਸਰਕਾਰ ਦਾ ਫੈਸਲਾ
ਆਂਧਰਾ ਪ੍ਰਦੇਸ਼ ਸਰਕਾਰ ਦੇ ਵਿੱਤ ਮੰਤਰੀ ਪੀ. ਕੇਸ਼ਵ ਨੇ ਕਿਹਾ ਕਿ ਇਸ ਰਕਮ ਦੇ ਜਾਰੀ ਹੋਣ ਨਾਲ ਕਰਮਚਾਰੀਆਂ, ਪੈਨਸ਼ਨਭੋਗੀਆਂ, ਪੁਲਿਸ ਕਰਮੀਆਂ ਅਤੇ ਠੇਕੇਦਾਰਾਂ ਸਮੇਤ ਕੁੱਲ 5.7 ਲੱਖ ਲਾਭਪਾਤਰੀਆਂ ਨੂੰ ਰਾਹਤ ਮਿਲੇਗੀ।
ਕੇਸ਼ਵ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਬਕਾਇਆ ਅਤੇ ਨਿਰਮਾਣ ਕਾਰਜਾਂ ਦੀ ਅਦਾਇਗੀ ਲਈ 2,653 ਕਰੋੜ ਰੁਪਏ ਦੇ ਬਿੱਲਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਮੁਤਾਬਕ, ਕੁੱਲ ਰਕਮ ਵਿੱਚੋਂ 1,100 ਕਰੋੜ ਰੁਪਏ ਕਰਮਚਾਰੀਆਂ ਅਤੇ ਪੈਨਸ਼ਨਭੋਗੀਆਂ ਦੇ DA ਅਤੇ DA ਬਕਾਇਆ ਦੀ ਇੱਕ ਲੰਬਿਤ ਕਿਸ਼ਤ ਲਈ ਜਾਰੀ ਕੀਤੇ ਗਏ ਹਨ।
ਇਸ ਤੋਂ ਇਲਾਵਾ, ਪੁਲਿਸ ਕਰਮੀਆਂ ਨੂੰ ਅਰਜਿਤ ਛੁੱਟੀ ਦੇ ਬਦਲੇ ਭੁਗਤਾਨ ਲਈ 110 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ। ਸਰਕਾਰ ਨੇ ਵੱਖ-ਵੱਖ ਯੋਜਨਾਵਾਂ ਅਧੀਨ ਕੰਮਾਂ ਲਈ 1,243 ਕਰੋੜ ਰੁਪਏ ਵੀ ਜਾਰੀ ਕੀਤੇ ਹਨ।
ਤੇਲੰਗਾਨਾ ਸਰਕਾਰ ਦਾ ਫੈਸਲਾ
ਰਾਜ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਭੋਗੀਆਂ ਦੇ ਮਹਿੰਗਾਈ ਭੱਤੇ (DA) ਵਿੱਚ ਵਾਧੇ ਦਾ ਐਲਾਨ ਕੀਤਾ ਹੈ। DA ਵਿੱਚ ਇਹ ਵਾਧਾ ਮੂਲ ਤਨਖਾਹ ਦੇ 30.03% ਤੋਂ ਵਧਾ ਕੇ 33.67% ਕੀਤਾ ਗਿਆ ਹੈ, ਜੋ 1 ਜੁਲਾਈ 2023 ਤੋਂ ਲਾਗੂ ਹੋਵੇਗਾ। ਇਸ ਸਬੰਧੀ ਵਿੱਤ ਵਿਭਾਗ ਦੇ ਪ੍ਰਧਾਨ ਸਕੱਤਰ ਸੰਦੀਪ ਕੁਮਾਰ ਸੁਲਤਾਨੀਆ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।
ਹੁਕਮਾਂ ਅਨੁਸਾਰ, AICTE ਜਾਂ UGC ਪੇ ਸਕੇਲ 2016 ਲੈ ਰਹੇ ਕਰਮਚਾਰੀਆਂ ਦਾ DA ਮੌਜੂਦਾ 42% ਤੋਂ ਵਧਾ ਕੇ 46% ਕਰ ਦਿੱਤਾ ਗਿਆ ਹੈ। ਇਹ ਵਾਧਾ ਜ਼ਿਲ੍ਹਾ ਪਰਿਸ਼ਦਾਂ, ਮੰਡਲ ਪਰਿਸ਼ਦਾਂ, ਗ੍ਰਾਮ ਪੰਚਾਇਤਾਂ, ਨਗਰ ਪਾਲਿਕਾਵਾਂ, ਖੇਤੀਬਾੜੀ ਮਾਰਕੀਟ ਕਮੇਟੀਆਂ, ਜ਼ਿਲ੍ਹਾ ਗ੍ਰੰਥਾਲਯ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕ ਅਤੇ ਗੈਰ-ਅਧਿਆਪਕ ਕਰਮਚਾਰੀਆਂ ‘ਤੇ ਵੀ ਲਾਗੂ ਹੋਵੇਗਾ।
ਵਧੇ ਹੋਏ DA ਦੀ ਅਦਾਇਗੀ
ਵਧੀ ਹੋਈ ਦਰ ਅਨੁਸਾਰ DA ਦੀ ਅਦਾਇਗੀ 1 ਫਰਵਰੀ 2026 ਨੂੰ ਦੇਣਯੋਗ ਜਨਵਰੀ ਮਹੀਨੇ ਦੀ ਤਨਖਾਹ ਦੇ ਨਾਲ ਕੀਤੀ ਜਾਵੇਗੀ। 1 ਜੁਲਾਈ 2023 ਤੋਂ 31 ਦਸੰਬਰ 2025 ਤੱਕ ਦੇ ਸਮੇਂ ਲਈ DA ਵਿੱਚ ਸੋਧ ਕਾਰਨ ਬਣੀ ਬਕਾਇਆ ਰਕਮ ਕਰਮਚਾਰੀਆਂ ਦੇ ਜਨਰਲ ਪ੍ਰੋਵਿਡੈਂਟ ਫੰਡ (GPF) ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ।
ਇਸ ਦਰਮਿਆਨ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਕਿਹਾ ਕਿ DA ਵਿੱਚ ਵਾਧੇ ਨਾਲ ਰਾਜ ਸਰਕਾਰ ‘ਤੇ ਹਰ ਮਹੀਨੇ 227 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ।
ਛੱਤੀਸਗੜ੍ਹ ਸਰਕਾਰ ਦਾ ਫੈਸਲਾ
ਛੱਤੀਸਗੜ੍ਹ ਸਰਕਾਰ ਨੇ ਰਾਜ ਦੇ ਲੱਖਾਂ ਸ਼ਾਸਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਮੁੱਖ ਮੰਤਰੀ ਵਿਸ਼ਨੁ ਦੇਵ ਸਾਏ ਨੇ ਮਹਿੰਗਾਈ ਭੱਤੇ (DA) ਵਿੱਚ 3 ਫੀਸਦੀ ਵਾਧੇ ਦਾ ਐਲਾਨ ਕਰਦੇ ਹੋਏ ਇਸਨੂੰ ਕੇਂਦਰ ਸਰਕਾਰ ਦੇ ਬਰਾਬਰ 58 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ।
CM ਸਾਏ ਨੇ ਕਿਹਾ ਕਿ ਦੇਸ਼ ਦੇ ਕਈ ਰਾਜ ਹਜੇ ਵੀ ਕੇਂਦਰ ਸਰਕਾਰ ਵੱਲੋਂ ਦਿੱਤੇ ਜਾ ਰਹੇ DA ਤੋਂ ਪਿੱਛੇ ਹਨ, ਪਰ ਛੱਤੀਸਗੜ੍ਹ ਸਰਕਾਰ ਨੇ ਸਮੇਂ ਰਹਿੰਦਿਆਂ ਇਹ ਕਦਮ ਚੁੱਕ ਕੇ ਕਰਮਚਾਰੀਆਂ ਨੂੰ ਆਰਥਿਕ ਰਾਹਤ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਰਮਚਾਰੀਆਂ ਦੀਆਂ ਹੋਰ ਲੰਬਿਤ ਮੰਗਾਂ ‘ਤੇ ਵਿਚਾਰ ਕਰਨ ਲਈ ਕਮੇਟੀ ਬਣਾਈ ਜਾਵੇਗੀ ਅਤੇ ਸਾਰੇ ਮਸਲਿਆਂ ਦਾ ਹੱਲ ਸੰਵਾਦ ਰਾਹੀਂ ਕੱਢਿਆ ਜਾਵੇਗਾ।
ਹੋਰ ਪੜ੍ਹੋ