ਅੰਮ੍ਰਿਤਸਰ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ ਇੰਸਪੈਕਟਰ ਸੀਤਾਰਾਮ ਚਤਰਥ ਸਮੇਤ ਚਾਰ ਲੋਕਾਂ ਖ਼ਿਲਾਫ਼ ਮਹਿਲਾ ਥਾਣੇ ਦੀ ਪੁਲਿਸ ਨੇ ਬਲਾਤਕਾਰ, ਧਮਕੀ ਦੇਣ ਅਤੇ ਨਸ਼ੀਲੇ ਪਦਾਰਥ ਦੇਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ।
ਘਟਨਾ ਤੋਂ ਬਾਅਦ ਸਾਰੇ ਆਰੋਪੀ ਫ਼ਰਾਰ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪੀੜਤਾ ਇੱਕ ਨਿੱਜੀ ਕਾਲਜ ਵਿੱਚ ਪ੍ਰੋਫੈਸਰ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਉਸਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਹੈ।
ਮਹਿਲਾ ਥਾਣੇ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ ਇੰਸਪੈਕਟਰ ਸੀਤਾਰਾਮ ਚਤਰਥ, ਉਸਦੇ ਸਾਥੀ ਅਮਰਦੀਪ ਸਿੰਘ ਲਾਡੀ, ਜਸਪ੍ਰੀਤ ਕੌਰ, ਦੀਕਸ਼ਾ ਅਤੇ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮੈਡੀਕਲ ਜਾਂਚ ‘ਚ ਹੋਈ ਦੁਸ਼ਕਰਮ ਦੀ ਪੁਸ਼ਟੀ
ਮੈਡੀਕਲ ਜਾਂਚ ਵਿੱਚ ਵੀ ਦੁਰਵਿਵਹਾਰ ਦੀ ਪੁਸ਼ਟੀ ਹੋਈ ਹੈ। ਦੱਸਿਆ ਗਿਆ ਹੈ ਕਿ ਪਿਛਲੇ ਸਾਲ 25 ਫਰਵਰੀ ਨੂੰ ਹੋਈ ਇਸ ਘਟਨਾ ਦੌਰਾਨ ਮਹਿਲਾ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਇਸ ਸਬੰਧੀ ਮੈਡੀਕਲ ਰਿਪੋਰਟ ਵੀ ਸ਼ਿਕਾਇਤ ਨਾਲ ਨੱਥੀ ਕੀਤੀ ਗਈ ਹੈ।
ਮਹਿਲਾ ਪ੍ਰੋਫੈਸਰ ਨੇ ਪਿਛਲੇ ਸਾਲ 4 ਅਕਤੂਬਰ ਨੂੰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦਿੱਤੀ ਸੀ। ਉਸਨੇ ਦੱਸਿਆ ਸੀ ਕਿ ਉਸਦਾ ਆਪਣੇ ਪਤੀ ਨਾਲ ਤਲਾਕ ਅਤੇ ਘਰੇਲੂ ਹਿੰਸਾ ਨੂੰ ਲੈ ਕੇ ਮਾਮਲੇ ਚੱਲ ਰਹੇ ਹਨ। ਉਹ ਕਾਲਜ ਹੋਸਟਲ ਵਿੱਚ ਹੀ ਰਹਿੰਦੀ ਹੈ।
ਕਾਲਜ ਵਿੱਚ ਚੋਣ ਡਿਊਟੀ ਦੌਰਾਨ ਉਸਦੀ ਮੁਲਾਕਾਤ ਸੀਤਾਰਾਮ ਚਤਰਥ ਨਾਲ ਹੋਈ ਸੀ। ਆਰੋਪੀ ਨੇ ਆਪਣੇ ਆਪ ਨੂੰ ਨਗਰ ਨਿਗਮ ਦਾ ਵੱਡਾ ਅਧਿਕਾਰੀ ਦੱਸਿਆ ਅਤੇ ਕਿਹਾ ਸੀ ਕਿ ਉਹ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਆਰੋਪੀ ਨੇ 24 ਫਰਵਰੀ ਨੂੰ ਉਸਨੂੰ ਰੰਜੀਤ ਐਵੇਨਿਊ ਸਥਿਤ ਆਪਣੇ ਨਗਰ ਨਿਗਮ ਦਫ਼ਤਰ ਵਿੱਚ ਬੁਲਾਇਆ ਸੀ।
ਇਸ ਤੋਂ ਬਾਅਦ ਆਰੋਪੀ ਨੇ ਕਿਹਾ ਕਿ ਉਹ ਉਸ ਨਾਲ ਇਕਾਂਤ ਵਿੱਚ ਗੱਲ ਕਰਨਾ ਚਾਹੁੰਦਾ ਹੈ। ਅਗਲੇ ਦਿਨ ਆਰੋਪੀ ਇੰਸਪੈਕਟਰ ਉਸਨੂੰ ਕਾਰ ਵਿੱਚ ਬਿਠਾ ਕੇ ਕੱਥੂਨੰਗਲ ਲੈ ਗਿਆ। ਰਾਹ ਵਿੱਚ ਉਸਨੂੰ ਪੀਣ ਵਾਲੀ ਚੀਜ਼ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ। ਇਸ ਤੋਂ ਬਾਅਦ ਇੰਸਪੈਕਟਰ ਚਤਰਥ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀ ਸ਼ੁਰੂ ਕਰ ਦਿੱਤੀਆਂ। ਪੀੜਤ ਮਹਿਲਾ ਨੇ ਵਿਰੋਧ ਕੀਤਾ ਪਰ ਆਰੋਪੀ ਨਹੀਂ ਮੰਨਿਆ।
ਹਨੇਰਾ ਹੋਣ ’ਤੇ ਉਸਨੇ ਹੋਸਟਲ ਵਾਪਸ ਜਾਣ ਦੀ ਜ਼ਿੱਦ ਕੀਤੀ। ਰਸਤੇ ਵਿੱਚ ਇੱਕ ਸੁੰਨਸਾਨ ਥਾਂ ’ਤੇ ਆਰੋਪੀ ਨੇ ਕਾਰ ਸੜਕ ਕਿਨਾਰੇ ਰੋਕੀ ਅਤੇ ਖੁਦ ਕਿਤੇ ਚਲਾ ਗਿਆ। ਇਸ ਦੌਰਾਨ ਕਾਰ ਵਿੱਚ ਚਾਰ–ਪੰਜ ਲੋਕ ਆ ਕੇ ਬੈਠ ਗਏ ਅਤੇ ਉਸ ਨਾਲ ਛੇੜਛਾੜ ਕੀਤੀ। ਕੁਝ ਸਮੇਂ ਬਾਅਦ ਚਤਰਥ ਵੀ ਵਾਪਸ ਆ ਗਿਆ ਅਤੇ ਸਾਰੇ ਆਰੋਪੀਆਂ ਨੇ ਮਿਲ ਕੇ ਉਸ ਨਾਲ ਸਮੂਹਕ ਦੁਰਵਿਵਹਾਰ (ਗੈਂਗਰੇਪ) ਕੀਤਾ।
ਘਟਨਾ ਤੋਂ ਬਾਅਦ ਆਰੋਪੀ ਅੰਮ੍ਰਿਤਸਰ ਪਹੁੰਚ ਗਿਆ। ਬਾਅਦ ਵਿੱਚ ਉਸਨੇ ਆਪਣੇ ਸਾਥੀ ਅਮਰਦੀਪ ਲਾਡੀ, ਜਸਪ੍ਰੀਤ ਕੌਰ ਅਤੇ ਦੀਕਸ਼ਾ ਨੂੰ ਵੀ ਬੁਲਾ ਲਿਆ। ਆਰੋਪੀਆਂ ਨੇ ਉਸਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਦਿੱਤੀਆਂ। ਉਸਨੂੰ ਹੋਸਟਲ ਛੱਡ ਦਿੱਤਾ ਗਿਆ ਪਰ ਉਸਦੀ ਹਾਲਤ ਠੀਕ ਨਹੀਂ ਸੀ। ਕਾਲਜ ਸਟਾਫ ਨੇ ਉਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ।
ਹੋਰ ਪੜ੍ਹੋ