ਨਵੀਂ ਦਿੱਲੀ, 5 ਮਾਰਚ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਨਿੱਜੀ ਖੇਤਰ ਵਿੱਚ ਨਿਵੇਸ਼ ਦੀ ਕਮੀ, ਉੱਚ ਵਿਆਜ ਦਰਾਂ ਅਤੇ ਸੁਸਤ ਆਲਮੀ ਵਾਧੇ ਦੇ ਮੱਦੇਨਜ਼ਰ ਭਾਰਤ ਦੀ ਵਿਕਾਸ ਦਰ ‘ਖਤਰਨਾਕ ਪੱਧਰ’ ਨੇੜੇ ਪਹੁੰਚ ਗਈ ਹੈ। ਰਾਜਨ ਮੁਤਾਬਕ ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਨੇ ਪਿਛਲੇ ਮਹੀਨੇ ਕੌਮੀ ਆਮਦਨ ਦੇ ਜਿਹੜੇ ਅਨੁਮਾਨ ਜਾਰੀ ਕੀਤੇ ਉਨ੍ਹਾਂ ਵਿੱੱਚ ਤਿਮਾਹੀ ਵਾਧੇ ਵਿੱਚ ਨਰਮੀ ਦੇ ਸੰਕੇਤ ਮਿਲਦੇ ਹਨ ਜੋ ਚਿੰਤਾ ਦਾ ਸਬੱਬ ਹਨ। ਦੱਸਣਯੋਗ ਹੈ ਕਿ ਭਾਰਤੀ ਆਰਥਿਕ ਦਰ 1950 ਤੋਂ ਲੈ ਕੇ 1980 ਦੇ ਦਹਾਕੇ ਤੱਕ 4 ਫ਼ੀਸਦ ਦੇ ਹੇਠਲੇ ਪੱਧਰ ’ਤੇ ਰਹੀ ਸੀ ਜਿਸ ਨੂੰ ‘‘ਹਿੰਦੂ ਵਿਕਾਸ ਦਰ’’ ਵੀ ਕਿਹਾ ਕਿ ਜਾਂਦਾ ਹੈੈ। ਹੌਲੀ ਵਾਧੇ ਲਈ ‘‘ਹਿੰਦੂ ਵਿਕਾਸ ਦਰ’’ ਸ਼ਬਦ 1978 ਵਿੱਚ ਭਾਰਤੀ ਅਰਥਸ਼ਾਸਤਰੀ ਰਾਜ ਕ੍ਰਿਸ਼ਨ ਨੇ ਵਰਤਿਆ ਸੀ। ਐੱਨਐੱਸਓ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਦਾ ਵਾਧਾ ਦਰ ਘਟ ਕੇ 4.4 ਫ਼ੀਸਦੀ ਰਹਿ ਗਈ ਹੈ ਜੋ ਦੂਜੀ ਤਿਮਾਹੀ (ਜੁਲਾਈ-ਸਤੰਬਰ) ਵਿੱਚ 6.3 ਅਤੇ ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ 13.2 ਫ਼ੀਸਦੀ ਸੀ। ਪਿਛਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿੱਚ ਵਾਧਾ ਦਰ 5.2 ਫ਼ੀਸਦ ਰਹੀ ਸੀ। -ਪੀਟੀਆਈ