ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜੁਲਾਈ
ਪੰਜਾਬ ਤੇ ਹਰਿਆਣਾ ਵਿੱਚ ਅੱਜ ਕੁਝ ਥਾਵਾਂ ’ਤੇ ਜ਼ੋਰਦਾਰ ਮੀਂਹ ਪਾਇਆ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦੂਜੇ ਪਾਸੇ ਕਿਸਾਨਾਂ ਨੇ ਚਿਹਰੇ ਵੀ ਖਿੜ ਗਏ ਹਨ। ਝੋਨੇ ਦੀ ਲੁਆਈ ਕਰਨ ਵਾਲੇ ਕਿਸਾਨਾਂ ਨੂੰ ਇਸ ਮੀਂਹ ਨੇ ਕੁਝ ਰਾਹਤ ਦਿੱਤੀ ਹੈ। ਪੰਜਾਬ ’ਚ ਮੀਂਹ ਨਾਲ ਬਿਜਲੀ ਦੀ ਮੰਗ ਘਟਣ ਕਾਰਨ ਪਾਵਰਕੌਮ ਨੂੰ ਵੀ ਸੁੱਖ ਦਾ ਸਾਹ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਦਿਨ ਵੇਲੇ ਪੰਜਾਬ ਦੇ ਵੱਡੇ ਹਿੱਸੇ ਵਿੱਚ ਮੀਂਹ ਪੈਣ ਕਰਕੇ ਤਾਪਮਾਨ ਆਮ ਨਾਲੋਂ ਘੱਟ ਰਿਹਾ ਹੈ। ਅੱਜ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਸਭ ਤੋਂ ਵੱਧ 45 ਐੱਮਐੱਮ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ 42 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਤੋਂ ਚਾਰ ਦਿਨ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਉੱਧਰ ਦੂਜੇ ਪਾਸੇ ਇਸ ਭਰਵੇਂ ਮੀਂਹ ਕਾਰਨ ਸ਼ਹਿਰਾਂ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਣ ਦੀ ਸਮੱਸਿਆ ਵੀ ਆਈ ਹੈ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਵਿੱਚ 38 ਐੱਮਐੱਮ, ਗੁਰਦਾਸਪੁਰ ’ਚ 23 ਐੱਮਐੱਮ, ਫ਼ਤਹਿਗੜ੍ਹ ਸਾਹਿਬ ਵਿੱਚ 22.5 ਐੱਮਐੱਮ, ਮੁਹਾਲੀ ਵਿੱਚ 10 ਤੇ ਮੋਗਾ ’ਚ 2 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਪਠਾਨਕੋਟ, ਬਠਿੰਡਾ, ਫ਼ਰੀਦਕੋਟ ਸਣੇ ਹੋਰਨਾਂ ਕਈ ਇਲਾਕਿਆਂ ਵਿੱਚ ਹਲਕੀ ਬੂਦਾ ਬਾਂਦੀ ਹੀ ਹੋਈ ਹੈ। ਇਸੇ ਤਰ੍ਹਾਂ ਹਰਿਆਣਾ ਦੇ ਪੰਚਕੂਲਾ ਵਿੱਚ ਸਭ ਤੋਂ ਵੱਧ 31.5 ਐੱਮਐੱਮ ਮੀਂਹ ਪਿਆ ਹੈ।
ਬਿਜਲੀ ਦੀ ਮੰਗ ਘਟੀ, ਥਰਮਲ ਪਲਾਂਟਾਂ ਦੇ ਕਈ ਯੂਨਿਟ ਬੰਦ
ਘਨੌਲੀ/ਪਟਿਆਲਾ (ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ): ਪੰਜਾਬ ਵਿੱਚ ਅੱਜ ਵੱਖ-ਵੱਖ ਥਾਈਂ ਮੀਂਹ ਪੈਣ ਉਪਰੰਤ ਬਿਜਲੀ ਦੀ ਮੰਗ ਘੱਟ ਗਈ ਹੈ, ਜਿਸ ਉਪਰੰਤ ਪੰਜਾਬ ਦੇ ਦੋ ਸਰਕਾਰੀ ਥਰਮਲ ਪਲਾਂਟਾਂ ਦਾ ਇੱਕ-ਇੱਕ ਯੂਨਿਟ ਅਤੇ ਇੱਕ ਨਿੱਜੀ ਥਰਮਲ ਪਲਾਂਟ ਦੇ ਦੋ ਯੂਨਿਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਬਾਕੀ ਚੱਲ ਰਹੇ ਯੂਨਿਟਾਂ ਦਾ ਉਤਪਾਦਨ ਵੀ ਘਟਾ ਦਿੱਤਾ ਗਿਆ ਹੈ। ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ ਬੀਤੇ ਦਿਨ ਦੇ ਮੁਕਾਬਲੇ ਲਗਪਗ 3500 ਮੈਗਾਵਾਟ ਘੱਟ ਕੇ 10000 ਮੈਗਾਵਾਟ ਦੇ ਨੇੜੇ ਰਹੀ। ਇਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 3 ਨੰਬਰ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 1 ਨੰਬਰ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ 1 ਤੇ 2 ਨੰਬਰ ਯੂਨਿਟਾਂ ਦਾ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ।