ਜਤਿੰਦਰ ਚੀਮਾ
ਹਾਲ ਹੀ ਵਿੱਚ ਕਰਵਾਏ ਇੱਕ ਸਰਵੇਖਣ ਵਿੱਚ 48% ਤੋਂ ਵੱਧ ਕੈਨੇਡਾ ਵਾਸੀਆਂ ਨੇ ਇਹ ਕਬੂਲ ਕੀਤਾ ਹੈ ਕਿ ਮੌਜੂਦਾ ਆਰਥਿਕ ਹਾਲਾਤ ਨੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਇੱਕ ਮੋਟੇ ਅੰਦਾਜ਼ੇ ਮੁਤਾਬਿਕ ਕੈਨੇਡਾ ਵਾਸੀਆਂ ’ਤੇ ਚੜ੍ਹਿਆ ਕਰਜ਼ਾ 2.73 ਖਰਬ ਡਾਲਰ ਨੂੰ ਪਾਰ ਕਰ ਗਿਆ ਹੈ। ਘਰਾਂ ਦੀਆਂ ਮੋਰਟਗੇਜ ਇਸ ਵਿੱਚ ਸ਼ਾਮਲ ਨਹੀਂ ਹਨ ਜਿਹੜੀਆਂ 1.7 ਖਰਬ ਡਾਲਰ ਤੋਂ ਜ਼ਿਆਦਾ ਦੀਆਂ ਹਨ।
ਇਸ ਸਰਵੇਖਣ ਦੇ ਪੜਚੋਲ ਕੀਤੇ ਨਤੀਜਿਆਂ ਮੁਤਾਬਿਕ ਮੌਜੂਦਾ ਆਰਥਿਕ ਸਥਿਤੀਆਂ ਨੇ ਸਭ ਤੋਂ ਵੱਧ ਉਨ੍ਹਾਂ ਲੋਕਾਂ ਨੂੰ ਝੰਬਿਆ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 40000 ਡਾਲਰ ਤੋਂ ਘੱਟ ਹੈ ਜਦਕਿ 100,000 ਜਾਂ ਇਸ ਤੋਂ ਜ਼ਿਆਦਾ ਆਮਦਨ ਵਾਲੇ ਕੈਨੇਡੀਅਨਾਂ ਨੂੰ ਅਜੇ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਕਿਉਂਕਿ ਵੱਧ ਆਮਦਨੀ ਦੇ ਹੁੰਦਿਆਂ ਉਹ ਅਜੇ ਬਿਹਤਰ ਆਰਥਿਕ ਸਥਿਤੀ ਵਿੱਚ ਹਨ।
ਕਰੈਡਿਟ ਕਾਰਡ ਦੇ ਚੜ੍ਹੇ ਕਰਜ਼ੇ ਦੀ ਗੱਲ ਕਰੀਏ ਤਾਂ ਇਹ ਕਰਜ਼ਾ ਪ੍ਰਤੀ ਕੈਨੇਡੀਅਨ ’ਤੇ 2447 ਡਾਲਰ ਦੇ ਕਰੀਬ ਹੈ ਜਿਹੜਾ 2021 ਦੇ ਮੁਕਾਬਲੇ 17.83% ਵਧ ਗਿਆ ਹੈ। ਇਸ ਸਰਵੇਖਣ ਦੀਆਂ ਰਿਪੋਰਟਾਂ ਮੁਤਾਬਿਕ ਖਾਣ ਪੀਣ ਵਾਲੀਆਂ ਵਸਤੂਆਂ ਅਤੇ ਪੈਟਰੋਲ ’ਤੇ ਕੈਨੇਡੀਅਨਾਂ ਦੀ ਜੇਬ ਜ਼ਿਆਦਾ ਢਿੱਲੀ ਹੋ ਰਹੀ ਹੈ ਅਤੇ ਉਨ੍ਹਾਂ ਦੀ ਕਰੈਡਿਟ ਕਾਰਡ ’ਤੇ ਨਿਰਭਰਤਾ ਵਧ ਗਈ ਹੈ। ਜੇਕਰ ਕੈਨੇਡਾ ਦੇ ਵੱਖ ਵੱਖ ਸੂਬਿਆਂ ਦੀ ਗੱਲ ਕਰੀਏ ਤਾਂ ਕਿਊਬਿਕ ਵਿੱਚ ਸਭ ਤੋਂ ਘੱਟ 22% ਲੋਕਾਂ ਨੇ ਮਾੜੇ ਆਰਥਿਕ ਹਾਲਾਤ ਵਿੱਚ ਘਿਰਨ ਦੀ ਗੱਲ ਕਹੀ ਹੈ ਜਦਕਿ ਇਸ ਦੇ ਮੁਕਾਬਲੇ 43% ਤੋਂ ਵੱਧ ਬੀਸੀ ਵਾਸੀ ਆਰਥਿਕ ਮੰਦਹਾਲੀ ਵਿੱਚ ਚਲੇ ਗਏ ਹਨ।

ਆਰਥਿਕ ਮਾਹਿਰਾਂ ਅਤੇ ਵਿਸ਼ਲੇਸ਼ਕਾਂ ਦੀ ਗੱਲ ਕਰੀਏ ਤਾਂ ਅਜਿਹੀਆਂ ਆਰਥਿਕ ਪਰੇਸ਼ਾਨੀਆਂ ਲਈ ਚਾਹੇ ਕੈਨੇਡਾ ਵਾਸੀ ਮੁੱਖ ਤੌਰ ’ਤੇ ਆਪ ਜ਼ਿੰਮੇਵਾਰ ਹਨ, ਪਰ ਕਿਸੇ ਹੱਦ ਤੱਕ ਬੈਂਕ ਆਫ ਕੈਨੇਡਾ ਵੱਲੋਂ ਬੀਤੇ ਸਮੇਂ ਵਿੱਚ ਕੀਤੀਆਂ ਗਲਤ ਬਿਆਨੀਆਂ ਨੇ ਵੀ ਉਨ੍ਹਾਂ ਨੂੰ ਮੁਸ਼ਕਿਲ ਆਰਥਿਕ ਹਾਲਾਤ ਵੱਲ ਧਕੇਲ ਦਿੱਤਾ ਹੈ। ਕਰੋਨਾ ਮਹਾਮਾਰੀ ਦੇ ਚੱਲਦਿਆਂ ਬੈਂਕ ਦੇ ਮੌਜੂਦਾ ਗਵਰਨਰ ਟਿਫ ਮਕਲੈਮ ਨੇ ਅਕਤੂਬਰ 2020 ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਹ ਭਵਿੱਖਬਾਣੀ ਕੀਤੀ ਸੀ ਕਿ ਵਿਆਜ ਦਰਾਂ 2023 ਤੱਕ ਨਹੀਂ ਵਧਣਗੀਆਂ ਅਤੇ ਮਹਿੰਗਾਈ ਵਿੱਚ ਵੀ ਵਾਧਾ ਹੋਣ ਵਾਲਾ ਨਹੀਂ। ਅਜਿਹੀ ਭਵਿੱਖਬਾਣੀ ਦੇ ਚੱਲਦਿਆਂ ਬਹੁਤੇ ਨਿਵੇਸ਼ਕਾਂ ਨੇ ਘਰਾਂ ਦੀ ਖਰੀਦਦਾਰੀ ਵੱਲ ਰੁਖ਼ ਕਰ ਲਿਆ ਸੀ। ਘਰਾਂ ਦੇ ਰੇਟ ਲਗਾਤਾਰ ਵਧਦੇ ਗਏ। ਜਿਸ ਦਾ ਨਤੀਜਾ ਇਹ ਹੋਇਆ ਕਿ ਫਰਵਰੀ 2022 ਵਿੱਚ ਘਰਾਂ ਦੀ ਔਸਤਨ ਕੀਮਤ 816000 ਡਾਲਰ ਨੂੰ ਪਾਰ ਕਰ ਗਈ ਸੀ ਜਿਹੜਾ ਇੱਕ ਨਵਾਂ ਰਿਕਾਰਡ ਸੀ।
ਮਾਰਚ 2022 ਵਿੱਚ ਜਦੋਂ ਬੈਂਕ ਆਫ ਕੈਨੇਡਾ ’ਤੇ ਚਾਰੇ ਪਾਸਿਓਂ ਇਹ ਦਬਾਅ ਵਧਣ ਲੱਗਾ ਕਿ ਮਹਿੰਗਾਈ ਦੀ ਦਰ ਲਗਾਤਾਰ ਵਧ ਰਹੀ ਹੈ ਤੇ ਇਸ ਨੇ ਲੋਕਾਂ ਦੀਆਂ ਜੇਬਾਂ ਖਾਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ। ਕੁੱਝ ਆਰਥਿਕ ਮਾਹਿਰਾਂ ਦਾ ਇਹ ਕਹਿਣਾ ਕਿ ਵਿਆਜ ਦਰਾਂ ਵਿੱਚ ਕੀਤਾ ਇਹ ਵਾਧਾ ਬਹੁਤ ਦੇਰੀ ਨਾਲ ਚੁੱਕਿਆ ਕਦਮ ਸੀ ਕਿਉਂਕਿ ਮਹਿੰਗਾਈ ਦਰ ਨੇ ਕੈਨੇਡਾ ਦੇ 40 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਸਨ। ਮਾਰਚ ਤੋਂ ਵਿਆਜ ਦਰਾਂ ਵਿੱਚ ਸ਼ੁਰੂ ਹੋਇਆ ਇਹ ਵਾਧਾ ਲਗਾਤਾਰ ਜਾਰੀ ਹੈ ਅਤੇ ਹਾਲ ਹੀ ਵਿੱਚ 25 ਜਨਵਰੀ ਨੂੰ ਅੱਠਵੀਂ ਵਾਰ ਵਿਆਜ ਦਰਾਂ ਵਧਾਈਆਂ ਗਈਆਂ ਹਨ। ਕੈਨੇਡਾ ਦੇ ਇਤਿਹਾਸ ਵਿੱਚ ਪਹਿਲਾਂ ਕਦੀ ਵੀ ਇੰਨੇ ਥੋੜ੍ਹੇ ਸਮੇਂ ਵਿੱਚ ਐਨਾ ਜ਼ਿਆਦਾ ਵਾਧਾ ਨਹੀਂ ਸੀ ਕੀਤਾ ਗਿਆ।
ਵਿਆਜ ਦਰਾਂ ਵਿੱਚ ਹੋਏ ਇਸ ਰਿਕਾਰਡ ਵਾਧੇ ਨੇ ਕੈਨੇਡਾ ਵਾਸੀਆਂ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਮੋਟਰੇਜ ਲਈਆਂ ਹਨ ਉਨ੍ਹਾਂ ਦੀਆਂ ਕਿਸ਼ਤਾਂ ਵਿੱਚ ਇੱਕ ਸਾਲ ਵਿੱਚ 18% ਤੋਂ ਵੱਧ ਦਾ ਵਾਧਾ ਹੋ ਗਿਆ ਹੈ। ਆਮ ਕੈਨੇਡੀਅਨ ਦੀ ਆਮਦਨ ਦਾ ਹੁਣ 60% ਤੋਂ ਵੱਧ ਹਿੱਸਾ ਘਰਾਂ ਦੀਆਂ ਮੋਰਟਗੇਜ, ਵਿਆਜ ਤੇ ਬਿਜਲੀ ਦਰਾਂ ਦੀ ਅਦਾਇਗੀ ’ਤੇ ਖਰਚ ਹੋ ਰਿਹਾ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਬਹੁਤੇ ਕੈਨੇਡਾ ਵਾਸੀਆਂ ਨੇ ਰੈਸਟੋਰੈਂਟਾਂ, ਸੈਰਗਾਹਾਂ ਤੇ ਜਹਾਜ਼ੀ ਸਫ਼ਰ ’ਤੇ ਕਟੌਤੀ ਲਾ ਦਿੱਤੀ ਹੈ। ਉਨ੍ਹਾਂ ਦੇ ਮਨਾਂ ਵਿੱਚ ਇਹ ਡਰ ਪੈਦਾ ਹੋ ਗਿਆ ਹੈ ਕਿ ਆਉਣ ਵਾਲਾ ਸਮਾਂ ਆਰਥਿਕ ਤੌਰ ’ਤੇ ਚੰਗਾ ਨਹੀਂ ਤੇ ਮਹਿੰਗਾਈ ਇਸ ਸਾਲ ਦੇ ਅੰਤ ਤੱਕ ਵੀ ਕਾਬੂ ਵਿੱਚ ਆਉਣ ਵਾਲੀ ਨਹੀਂ। ਇੱਕ ਹੋਰ ਸਰਵੇਖਣ ਦੀ ਰਿਪੋਰਟ ਵੇਖੀਏ ਤਾਂ ਘਟ ਰਹੀਆਂ ਖਰੀਦਦਾਰੀਆਂ ਨੇ ਕਾਫ਼ੀ ਕਾਰੋਬਾਰੀਆਂ ਦੇ ਮੱਥੇ ’ਤੇ ਵੀ ਚਿੰਤਾ ਦੀਆਂ ਲਕੀਰਾਂ ਲਿਆ ਦਿੱਤੀਆਂ ਹਨ। ਉਨ੍ਹਾਂ ਨੂੰ ਇਹ ਖਦਸ਼ਾ ਸਤਾ ਰਿਹਾ ਹੈ ਕਿ ਕੈਨੇਡੀਅਨ ਆਰਥਿਕਤਾ ਕੁਝ ਸਮੇਂ ਲਈ ਮੰਦੀ ਦੇ ਦੌਰ ਵਿੱਚ ਚਲੀ ਜਾਵੇਗੀ। ਜੇਕਰ ਇਹ ਮੰਦੀ ਦਾ ਦੌਰ ਲੰਬਾ ਸਮਾਂ ਰਹਿ ਗਿਆ ਤਾਂ ਕੈਨੇਡੀਅਨ ਆਰਥਿਕਤਾ ਨੂੰ 3 ਲੱਖ ਤੋਂ ਵੀ ਵੱਧ ਨੌਕਰੀਆਂ ਤੋਂ ਹੱਥ ਧੋਣੇ ਪੈ ਸਕਦੇ ਹਨ। ਜੇਕਰ ਅਜਿਹੀ ਸਥਿਤੀ ਬਣਦੀ ਹੈ ਤਾਂ ਕੈਨੇਡਾ ਦੀ ਬੇਰੁਜ਼ਗਾਰੀ ਦਰ 9% ਨੂੰ ਪਾਰ ਕਰ ਜਾਵੇਗੀ ਜਿਹੜੀ ਇਸ ਵੇਲੇ 50 ਸਾਲਾ ਦੇ ਸਭ ਤੋਂ ਘੱਟ 5 ਪ੍ਰਤੀਸ਼ਤ ’ਤੇ ਰਿਕਾਰਡ ਕੀਤੀ ਗਈ ਹੈ। ਇਨ੍ਹਾਂ ਪੇਸ਼ਨਗੋਈਆਂ ਦੇ ਚੱਲਦਿਆਂ 2023 ਦਾ ਵਰ੍ਹਾ ਕੈਨੇਡੀਅਨ ਆਰਥਿਕਤਾ ਲਈ ਕਈ ਨਵੇਂ ਸੰਕਟ ਪੈਦਾ ਕਰ ਸਕਦਾ ਹੈ।
ਸੰਪਰਕ: 403-629-3577
News Source link
#ਕਉ #ਉਡ #ਕਨਡ #ਵਸਆ #ਦ #ਨਦ